ਉਮਰ ਹੱਦ ਵਧਾਉਣ ਦਾ ਦਿੱਤਾ ਭਰੋਸਾ
- ਪਾਵਰਕੌਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਡਵ ਨੇ ਖੁਲ੍ਹਵਾਇਆ ਮਰਨ ਵਰਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਵੱਲੋਂ ਉਮਰ ਹੱਦ ਵਧਾਉਣ ਸਬੰਧੀ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਵੱਲੋਂ ਰੱਖਿਆ ਗਿਆ ਮਰਨ ਵਰਤ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਜੂਸ ਪਿਲਾ ਕੇ ਅੱਜ ਖੁੱਲ੍ਹਵਾ ਦਿੱਤਾ ਗਿਆ। ਇਸ ਮੌਕੇ ਪਾਵਰਕੌਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਡਵ ਨੇ ਉਨ੍ਹਾਂ ਦੀ ਇਸ ਮੰਗ ਸਬੰਧੀ ਭਰੋਸਾ ਦਿਵਾਇਆ। ਜਾਣਕਾਰੀ ਅਨੁਸਾਰ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਵੱਲੋਂ 7 ਅਗਸਤ ਤੋਂ ਪਾਵਰਕੌਮ ਦੇ ਗੇਟ ਅੱਗੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਤੇ ਜਥੇਬੰਦੀ ਵੱਲੋਂ ਲਗਾਤਾਰ ਰੋਸ ਪ੍ਰਰਦਸ਼ਨ ਕੀਤਾ ਜਾ ਰਿਹਾ ਸੀ। ਅੱਜ ਲਗਭਗ ਹਫ਼ਤੇ ਬਾਅਦ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ, ਡਿਪਟੀ ਸੈਕਟਰੀ ਆਈ. ਆਰ. ਬੀ. ਐਸ. ਗੁਰਮ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਧਰਨੇ ਵਾਲੀ ਜਗ੍ਹਾ ਪਹੁੰਚ ਕੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦਾ ਮਰਨ ਵਰਤ ਜੂਸ ਪਿਆ ਕੇ ਖੁੱਲ੍ਹਵਾ ਦਿੱਤਾ ਗਿਆ।
ਇਸ ਮੌਕੇ ਡਾਇਰੈਕਟਰ ਪ੍ਰਬੰਧਕੀ ਨੇ ਕਿਹਾ ਕਿ ਜਲਦ ਹੀ 3500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ, 1000 ਐੱਲ. ਡੀ. ਸੀ., 500 ਜੇ. ਈ. ਕੁੱਲ ਮਿਲਾ ਕੇ 5400 ਦੇ ਕਰੀਬ ਬਹੁਤ ਜਲਦੀ ਭਰਤੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ਼ਤਿਹਾਰ 295/19 ਸਬੰਧੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਉਮਰ ਹੱਦ ਵਧਾਉਣ ਦੇ ਮਸਲੇ ਸਬੰਧੀ ਮੈਨੇਜਮੈਂਟ ਨੇ ਏਜੰਡਾ ਲਾ ਦਿੱਤਾ ਹੈ ਤੇ 19 ਅਗਸਤ ਨੂੰ ਤੁਹਾਡੀ ਇਹ ਮੰਗ ਵੀ.ਓ.ਡੀਜ਼ ਦੀ ਮੀਟਿੰਗ ਵਿੱਚ ਪੂਰੀ ਕਰ ਦਿੱਤੀ ਜਾਵੇਗੀ ਤੇ ਸਤੰਬਰ ਦੇ ਪਹਿਲੇ ਹਫਤੇ ‘ਚ ਇਸ਼ਤਿਹਾਰ 295/19 ਨੂੰ ਸਹਾਇਕ ਲਾਈਨਮੈਨ ਦੀਆਂ 3500 ਪੋਸਟਾਂ ਤੇ ਉਮਰ ਹੱਦ 42 ਸਾਲ ਕਰਕੇ ਆਨਲਾਈਨ ਵੈੱਬਸਾਈਟ ‘ਤੇ ਅਪਲਾਈ ਕਰਨ ਲਈ ਪਾ ਦਿੱਤਾ ਜਾਵੇਗਾ।
ਦੂਜੀ ਮੰਗ ਜਿਨ੍ਹਾਂ 53 ਸਹਾਇਕ ਲਾਈਨਮੈਨਾਂ ਦੀ ਹਾਈ ਕੋਰਟ ਦੇ ਹੁਕਮਾਂ ਰਾਹੀਂ ਕੌਂਸਲਿੰਗ ਕਰਵਾਈ ਗਈ ਹੈ ਉਨ੍ਹਾਂ ਦੇ ਨਿਯੁਕਤੀ ਪੱਤਰ ਦੇਣ ਸਬੰਧੀ ਮੀਟਿੰਗ ਵਿੱਚ ਮੁੱਦਾ ਵਿਚਾਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ, ਸੂਬਾ ਵਰਕਿੰਗ ਕਮੇਟੀ ਮੈਂਬਰ ਰਮਨਦੀਪ ਸਿੰਘ ਫਰਵਾਹੀ, ਜਸਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਰਮਨਜੀਤ ਸਿੰਘ ਲਾਲੀ, ਮੇਵਾ ਸਿੰਘ ਮੀਮਣਾ, ਜ਼ਿਲ੍ਹਾ ਪ੍ਰਧਾਨ ਸ਼ਕੀਲ ਅਹਿਮਦ ਪਟਿਆਲਾ, ਗੁਰਮੀਤ ਕੋਟਲਾ ਮੋਗਾ, ਪ੍ਰਗਟ ਬਰੇਟਾ ਮਾਨਸਾ, ਗੁਰਪ੍ਰੀਤ ਸਿੰਘ ਦਾਨਗੜ੍ਹ ਬਰਨਾਲਾ, ਗੁਰਦੇਵ ਸਿੰਘ ਮਮਦੋਟ ਫਿਰੋਜ਼ਪੁਰ, ਨੀਰਜ ਮਹਿੰਦੀ ਫਾਜ਼ਿਲਕਾ, ਭੁਵਨੇਸ਼ ਜੋਸ਼ੀ ਰੋਪੜ, ਨਿਸ਼ਾਨ ਸਿੰਘ ਗੁਰਦਾਸਪੁਰ, ਜਤਿੰਦਰ ਕੌਸ਼ਲ ਅੰਮ੍ਰਿਤਸਰ, ਪਵਨ ਕੁਮਾਰ ਪਠਾਨਕੋਟ, ਸ਼ਸ਼ੀ ਕਾਂਤ ਸ਼ਰਮਾ ਲੁਧਿਆਣਾ ਆਦਿ ਹਾਜ਼ਰ ਸਨ।