Bathinda News: ਟੋਅ ਵੈਨਾਂ ਤੋਂ ਅੱਕੇ ਦੁਕਾਨਦਾਰ 7 ਅਕਤੂਬਰ ਨੂੰ ਕਰਨਗੇ ਦੁਕਾਨਾਂ ਬੰਦ
Bathinda News: ਬਠਿੰਡਾ (ਸੁਖਜੀਤ ਮਾਨ)। ਪਿਛਲੇ ਲੰਮੇ ਸਮੇਂ ਤੋਂ ਟੋਅ ਵੈਨਾਂ ਤੋਂ ਦੁਖੀ ਦੁਕਾਨਦਾਰਾਂ ਵੱਲੋਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। 3 ਅਕਤੂਬਰ ਤੋਂ ਸੜਕਾਂ ‘ਤੇ ਮੁੜ ਤੋਂ ਚਲਾਈਆਂ ਜਾ ਰਹੀਆਂ ਟੋਅ ਵੈਨਾਂ ਦਾ ਤਿਉਹਾਰਾਂ ਦੇ ਦਿਨਾਂ ਚ ਵਪਾਰੀ ਲਗਾਤਾਰ ਵਿਰੋਧ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਸਵੇਰੇ 11 ਵਜੇ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਵਿਖੇ ਇਕੱਠੇ ਹੋਏ ਵਪਾਰੀਆਂ ਨੇ ਪੰਜਾਬ ਸਰਕਾਰ, ਬਠਿੰਡਾ ਸ਼ਹਿਰੀ ਦੇ ਵਿਧਾਇਕ ਅਤੇ ਨਗਰ ਨਿਗਮ ਖਿਲਾਫ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਐਲਾਨ ਕਰਦਿਆਂ ਵਪਾਰ ਮੰਡਲ ਦੇ ਆਗੂ ਜੀਵਨ ਗੋਇਲ ਅਤੇ ਅਮਿਤ ਕਪੂਰ ਨੇ ਦੱਸਿਆ ਕਿ ਸਰਬਸੰਮਤੀ ਨਾਲ ਹੋਏ ਫੈਸਲੇ ਅਨੁਸਾਰ 7 ਅਕਤੂਬਰ ਨੂੰ ਸਵੇਰੇ ਤੋਂ 2 ਵਜੇ ਤੱਕ ਬਠਿੰਡਾ ਬੰਦ ਰੱਖਿਆ ਜਾਵੇਗਾ ਅਤੇ ਨਗਰ ਨਿਗਮ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਮੂਹ ਵਪਾਰੀ, ਸ਼ਹਿਰ ਵਾਸੀ ਅਤੇ ਸਮਾਜਿਕ ਜਥੇਬੰਦੀਆਂ ਸਵੇਰੇ 10 ਵਜੇ ਨਗਰ ਨਿਗਮ ਦੇ ਗੇਟ ਅੱਗੇ ਇਕੱਤਰ ਹੋਣਗੀਆਂ।ਧਰਨੇ ਵਿੱਚ ਸ਼ਾਮਲ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਨਿਗਮ ਅਤੇ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਵਪਾਰੀਆਂ ਨੇ ਇੱਕਜੁੱਟ ਹੋ ਕੇ ਨਗਰ ਨਿਗਮ ਦੇ ਇਸ ਕੰਮ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ ਤੇ ਧੱਕੇਸ਼ਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। Bathinda News
Read Also : Holiday: ਛੁੱਟੀ ਵਾਲੇ ਦਿਨ ਵੀ ਦਫ਼ਤਰ ਰਹੇ ਖੁੱਲ੍ਹੇ, ਜਾਣੋ ਕੀ ਕਿਵੇਂ ਰਿਹਾ ਦਿਨ?
ਇਸ ਮੌਕੇ ਜੀਵਨ ਗੋਇਲ, ਅਮਿਤ ਕਪੂਰ, ਪ੍ਰਮੋਦ ਜੈਨ, ਦਰਵਜੀਤ ਠਾਕੁਰ, ਵਿਨੋਦ ਕੁਮਾਰ, ਸੋਨੂੰ ਮਹੇਸ਼ਵਰੀ, ਸੰਦੀਪ ਅਗਰਵਾਲ, ਅੰਮਿ੍ਤ ਗਿੱਲ, ਵਿਕਾਸ ਗਰਗ, ਮਨਦੀਪ ਕੁਮਾਰ, ਰਾਜੀਵ, ਮਨਿਤ ਗੁਪਤਾ ਅਤੇ ਵਰੁਣ ਕੁਮਾਰ ਗੁਪਤਾ ਸਮੇਤ ਹੋਰ ਵਪਾਰੀ ਅਤੇ ਸਮਾਜਕ ਲੋਕ ਹਾਜ਼ਰ ਸਨ ।