ਕਾਫ਼ਲੇ ’ਚ ਸ਼ਾਮਲ ਵਾਹਨਾਂ ਦੇ ਸੜਕ ’ਤੇ ਖੜ੍ਹੇ ਰਹਿਣ ਨਾਲ ਢਾਈ-ਤਿੰਨ ਘੰਟੇ ਰਾਹਗੀਰ ਤੇ ਲੋਕ ਹੁੰਦੇ ਰਹੇ ਪ੍ਰੇਸ਼ਾਨ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਸੇ ਜਿੱਥੇ ਲੋਕ ਸੇਵਾ ਵਾਸਤੇ ਚੋਣ ਲੜਨ ਲਈ ਨਾਮਜ਼ਦਗੀਆਂ ਦਾਖਲ ਹੋ ਰਹੀਆਂ ਸਨ, ਉੱਥੇ ਹੀ ਦਫਤਰ ਦੇ ਬਾਹਰ ਮੁੱਖ ਸੜਕ ’ਤੇ ਉਮੀਦਵਾਰਾਂ ਨਾਲ ਪਹੁੰਚੇ ਇਕੱਠ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਸਨ। ਕਾਫਲੇ ਵਿੱਚ ਆਏ ਵਾਹਨਾਂ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। (Ludhiana News)
ਉਕਤ ਹਾਲਾਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਦੇਖਣ ਨੂੰ ਮਿਲੇ, ਜਿੱਥੇ ਉਮੀਦਵਾਰ ਦੇ ਨਾਲ ਆਏ ਕਾਫਲੇ ਵਿੱਚ ਵੱਡੀ ਗਿਣਤੀ ਪੈਦਲ ਆਏ ਲੋਕਾਂ ਨਾਲ ਗੱਡੀਆਂ ਵੀ ਮੌਜ਼ੂਦ ਸਨ, ਜਿਸ ਕਾਰਨ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਵਾਲੀ ਮੁੱਖ ਸੜਕ ’ਤੇ ਤਕਰੀਬਨ ਦੋ- ਤਿੰਨ ਘੰਟੇ ਜਾਮ ਵਾਲੀ ਸਥਿਤੀ ਬਣੀ ਰਹੀ ਤੇ ਰਾਹਗੀਰਾਂ ਦੇ ਵਾਹਨ ਸੜਕ ’ਤੇ ਕਛੂਆ ਚਾਲ ਚੱਲਦੇ ਦਿਖਾਈ ਦਿੱਤੇ। (Ludhiana News)
ਆਵਾਜਾਈ ਨੂੰ ਸੁਚੱਜੇ ਤਰੀਕੇ ਬਹਾਲ ਰੱਖਣ ਦੇ ਮਕਸਦ ਨਾਲ ਭਾਵੇਂ ਇਸ ਮੌਕੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਸਨ ਪਰ ਇਨ੍ਹਾਂ ਮੁਲਾਜ਼ਮਾਂ ਦਾ ਝੰਡਾ ਚੁੱਕੀ ਆ-ਜਾ ਰਹੇ ਜਾਂ ਸੜਕ ’ਤੇ ਹੀ ਆਪਣੇ ਵਾਹਨ ਖੜ੍ਹਾ ਕੇ ਖੜੇ੍ਹ ਵਰਕਰਾਂ ਦੇ ਮੁਕਾਬਲੇ ਆਮ ਲੋਕਾਂ ਤੇ ਰਾਹਗੀਰਾਂ ਪ੍ਰਤੀ ਵਿਵਹਾਰ ਨਿੰਦਣਯੋਗ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਆਮ ਲੋਕਾਂ ਨੂੰ ਭਾਵੇਂ ਬਿਨਾਂ ਰੁਕੇ ਲਾਇਨਾਂ ’ਚ ਹੀ ਅੱਗੇ ਵਧਦੇ ਰਹਿਣ ਲਈ ਕਹਿੰਦੇ ਰਹੇ ਪਰ ਇਨ੍ਹਾਂ ਸੜਕ ’ਤੇ ਖੜੇ੍ਹ ਉਮੀਦਵਾਰ ਦੇ ਕਾਫ਼ਲੇ ਦੀਆਂ ਗੱਡੀਆਂ ਨੂੰ ਸੜਕ ਤੋਂ ਹੇਠਾਂ ਉਤਾਰਨ ਲਈ ਕੋਈ ਚਾਰਾਜੋਈ ਨਹੀਂ ਕੀਤੀ ਗਈ। ਇਸ ਦੌਰਾਨ ਕੁਝ ਥਾਵਾਂ ’ਤੇ ਰਾਹਗੀਰਾਂ ਤੇ ਵਰਕਰਾਂ ਦੀ ਹੱਥੋਪਾਈ ਵੀ ਹੋਈ ਹੈ।
Ludhiana News
ਜ਼ਿਕਰਯੋਗ ਹੈ ਕਿ ਉਮੀਦਵਾਰ ਦੇ ਨਾਮਜ਼ਦਗੀ ਦਾਖਲ ਕਰਨ ਦੌਰਾਨ ਦੋ- ਢਾਈ ਘੰਟੇ ਉਸਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਦਾ ਕਾਫ਼ਲਾ ਵੀ ਮੁੱਖ ਸੜਕ ’ਤੇ ਹੀ ਖੜ੍ਹਾ ਰਿਹਾ ਜੋ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ। ਜਦੋਂਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਕੰਮ ਕਰਵਾ ਕੇ ਵਾਪਸ ਮੁੜਨ ਵਾਲੇ ਆਮ ਲੋਕਾਂ ਨੂੰ ਕੰਧਾਂ ਟੱਪ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚੋਂ ਬਾਹਰ ਨਿਕਲਣਾ ਪੈ ਰਿਹਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਚੌਥੇ ਦਿਨ ਅੱਜ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਬੀਜੇਪੀ ਉਮੀਦਵਾਰ ਦੇ ਸਮੱਰਥਕਾਂ ਵੱਲੋਂ ਚੋਣ ਜ਼ਾਬਤੇ ਦੀਆਂ ਵੀ ਰੱਜ ਕੇ ਧੱਜ਼ੀਆਂ ਉੱਡਾਈਆਂ ਗਈਆਂ।
Also Read : ਦੁਪਹਿਰ ਤੱਕ ਚੜ੍ਹੇ ਪਾਰੇ ਨੂੰ ਸ਼ਾਮ ਦੇ ਮੀਂਹ ਨੇ ਥੱਲੇ ਲਾਹਿਆ, ਕਈ ਥਾਈਂ ਗੜੇ ਵੀ ਪਏ