ਕਾਂ ਅਜੇ ਵੀ ਬੋਲਦਾ, ਪਰ ਟਾਵਾਂ-ਟਾਵਾਂ

Crow Spoke

ਕਦੇ ਮੈਂ ਸੋਚਦਾ ਹੁੰਦਾ ਸੀ ਕਿ ਅਸੀਂ ਐਵੇਂ ਹੀ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਗੁਆਚੇ ਰਹਿੰਦੇ ਹਾਂ, ਏਦਾਂ ਹੁੰਦਾ ਸੀ, ਉਦਾਂ ਹੁੰਦਾ ਸੀ। ਬੀਤ ਗਿਆ, ਸੋ ਬੀਤ ਗਿਆ, ਛੱਡੋ ਪਰ੍ਹਾਂ। ਪਰ ਮੈਂ ਗਲਤ ਸਾਂ। ਸਾਡਾ ਬੀਤਿਆ ਵਕਤ ਸੀ ਹੀ ਏਨਾ ਵਧੀਆ ਕਿ ਸਾਨੂੰ ਇਹ ਭੁੱਲਣਾ ਵੀ ਨਹੀਂ ਚਾਹੀਦਾ। ਖਾਣਾ-ਪੀਣਾ ਅਜਿਹਾ ਸੀ ਕਿ ਬੰਦਾ ਉਮਰ ਹੰਢਾਉਂਦਾ ਥੱਕ ਜਾਂਦਾ ਸੀ, ਮੋਹ-ਮੁਹੱਬਤਾਂ, ਰਿਸ਼ਤੇ-ਨਾਤੇ, ਅਜਿਹੇ ਸਨ ਕਿ ਅੱਜ ਵੀ ਸਹੁੰ ਪਾਉਣ ਨੂੰ ਦਿਲ ਕਰਦਾ ਹੈ, ਪਹਿਨਣਾ ਅਜਿਹਾ ਸੀ ਕਿ ਕੱਪੜਿਆਂ ਵਿੱਚੋਂ ਸੱਭਿਆਚਾਰ ਝਲਕਦਾ ਸੀ, ਵਿਆਹ -ਸ਼ਾਦੀਆਂ ਦੇ ਸਮਾਗਮ ਤਾਂ ਮੇਲਿਆਂ ਵਾਂਗ ਮਨਾਏ ਜਾਂਦੇ ਸਨ, ਕਿਸੇ ਦੇ ਦੁੱਖ ਵਿੱਚ ਸਰੀਕ ਹੋਣਾ ਤਾਂ ਅਗਲੇ ਦਾ ਦੁੱਖ ਦਿੱਲੋਂ ਵੰਡਾਉਣਾ, ਅੱਜ ਵਾਂਗ ਨਹੀਂ ਕਿ ਬੱਸ ਨੱਕ ਨਮੂਜ ਨੂੰ ਜਾਣਾ।

ਮੇਰੇ ਵੱਡੇ ਦੋ ਮਾਮਿਆਂ ਨਾਲ, ਮੇਰੇ ਪਾਪਾ ਤੋਂ ਬਾਅਦ, ਮੇਰਾ ਸਭ ਤੋਂ ਜ਼ਿਆਦਾ ਸਨੇਹ ਹੈ। ਮੇਰਾ ਸਭ ਤੋਂ ਵੱਡਾ ਮਾਮਾ ਰਾਜਸਥਾਨ ਵਿੱਚ ਰਹਿੰਦਾ ਹੈ, ਤੇ ਉਸ ਤੋਂ ਛੋਟਾ ਫਾਜ਼ਿਲਕਾ ਜਿਲ੍ਹੇ ਦੇ ਕਸਬੇ ਪੰਨੀਵਾਲਾ ਕੋਲ ਸਥਿਤ ਪਿੰਡ ਘੁੜਿਆਣਾ ਵਿਖੇ ਰਹਿੰਦਾ ਹੈ। ਪਾਠਕ ਇਹ ਨਾ ਸੋਚਣ ਕਿ ਮੈਂ ਇਨ੍ਹਾਂ ਨਾਲ ਜੀ ਕਿਉਂ ਨਹੀਂ ਲਿਖਿਆ? ਇਸ ਦਾ ਕਾਰਨ ਇਹੀ ਹੈ ਕਿ ਸਤਿਕਾਰ ਨਾਲੋਂ ਜ਼ਿਆਦਾ ਮੈਂ ਇਨ੍ਹਾਂ ਨਾਲ ਪਿਆਰ ਕਰਦਾ ਹਾਂ। ਕਦੇ ਸਮਾਂ ਸੀ, ਜਦ ਮੇਰੇ ਘੁੜਿਆਣੇ ਵਾਲੇ ਮਾਮੇ ਦੇ ਘਰ ਲੱਛਮੀ ਦਾ ਵਾਸਾ ਸੀ। ਮਾਮੇ ਦੇ ਤਿੰਨ-ਤਿੰਨ ਪੁੱਤ ਤੇ ਚੌਥਾ ਮਾਮਾ ਆਪ, ਸਾਰਾ ਦਿਨ ਹੂਰੀ ਵਾਂਗ ਕੰਮ ਕਰਦੇ।

ਕਾਂ ਅਜੇ ਵੀ ਬੋਲਦਾ, ਪਰ ਟਾਵਾਂ-ਟਾਵਾਂ (Crow Spoke)

ਸਾਡਾ ਸ਼ਹਿਰੀਆਂ ਦਾ ਪਿੰਡਾਂ ਵੱਲ ਝੁਕਾਅ ਜ਼ਿਆਦਾ ਹੋਣ ਕਰਕੇ ਮੈਂ ਵੀ ਪਿੰਡ ਘੁੜਿਆਣੇ ਗੇੜਾ ਰੱਖਦਾ ਸੀ। ਮਾਮੀ ਦੇ ਘਰ ਦੀ ਦੇਸੀ ਖੰਡ ਤੇ ਦੇਸੀ ਘਿਉ ਨੇ ਨਾਨਕਿਆਂ ਦੇ ਸਾਂਝੇ ਘਰ ਦਾ ਚੇਤਾ ਕਰਾ ਦੇਣਾ। ਸਮਾਂ ਬਦਲਦਾ ਗਿਆ, ਜਿੰਮੇਵਾਰੀਆਂ ਵਧਦੀਆਂ ਗਈਆਂ। ਰਾਜਸਥਾਨ ਵੱਡੇ ਮਾਮੇ ਕੋਲ ਤਾਂ ਬੇਗਾਨੀ ਧਰਤੀ ਦੀ ਖਿੱਚ ਹੋਣ ਕਾਰਨ ਸਾਲ-ਛਿਮਾਹੀ ਗੇੜਾ ਮਾਰ ਆਉਂਦਾ ਸੀ, ਪਰ ਛੋਟਾ ਮਾਮਾ ਹੌਲੀ-ਹੌਲੀ ਵਿੱਸਰਦਾ ਗਿਆ।

ਵਕਤ ਦੀ ਮਾਰ, ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਖੜ੍ਹਨ ਵਾਲੇ ਮਾਮੇ ਦੇ ਦੋ ਵੱਡੇ ਪੁੱਤਰ ਥੋੜ੍ਹੇ-ਥੋੜ੍ਹੇ ਵਕਫੇ ’ਤੇ ਵਿਛੋੜਾ ਦੇ ਗਏ। ਮਾਮਾ ਟੁੱਟ ਗਿਆ ਤੇ ਕੰਮ-ਕਾਰ ਖਤਮ ਹੋ ਗਿਆ। ਮੈਂ ਵੀ ਗਿਆ ਸਾਂ ਉਦੋਂ, ਉਸ ਦਾ ਦੁੱਖ ਵੰਡਾਉਣ, ਹੋਰਾਂ ਵਾਂਗ, ਅਫਸੋਸ! ਦਿਲ ਬਹੁਤ ਚਿਰ ਤੋਂ ਕਰਦਾ ਸੀ ਕਿ ਆਪਣੇ ਮਾਮੇ, ਆਪਣੇ ਯਾਰ ਨੂੰ ਮਿਲ ਕੇ ਆਵਾਂ। ਹਰ ਵਾਰੀ ਅਗਲੇ ਐਤਵਾਰ ਦੀ ਤਰੀਕ ਪਾ ਦਿੰਦਾ ਸਾਂ। ਅੰਦਰੋਂ ਰੂਹ ਲਾਹਨਤਾਂ ਪਾਉਂਦੀ, ਜਾਹ ਵੇ ਤਾਜੀ, ਤੂੰ ਵੀ ਚੜ੍ਹਦੇ ਨੂੰ ਸਲਾਮ ਕਰਨ ਵਾਲਾ ਨਿੱਕਲਿਆ! ਇਸ ਤਰ੍ਹਾਂ ਸਮਾਂ ਲੰਘਾਉਂਦੇ ਨੂੰ ਅੱਠ-ਦੱਸ ਸਾਲ ਲੰਘ ਗਏ।

ਮਾਮੇ ਦੇ ਪਿੰਡ ਵੱਲ ਆਪਣੇ ਮੋਟਰਸਾਈਕਲ ’ਤੇ (Crow Spoke)

ਪਿੱਛੇ ਜਿਹੇ ਮੇਰੇ ਅਫਸਰ ਛੁੱਟੀ ’ਤੇ ਸਨ, ਸੋਚਿਆ, ਅੱਜ ਛੁੱਟੀ ਲੈ ਸਕਦਾਂ ਹਾਂ ਤੇ ਸ੍ਰੀਮਤੀ ਜੀ ਵੀ ਪਿਛਲੇ ਇੱਕ ਮਹੀਨੇ ਤੋਂ ਵਿਦੇਸ਼ ਗਈ ਹੋਈ ਸੀ, ਸੋਚਿਆ ਜਗਸੀਰ ਸਿੰਹਾਂ, ਅੱਜ ਤਾਂ ਘਰੋਂ ਤੇ ਦਫਤਰੋਂ ਦੋਵਾਂ ਥਾਂਵਾਂ ਤੋਂ ਵਿਹਲਾ ਹੈਂ, ਚੱਲ ਅੱਜ ਮਾਮੇ ਕੋਲ ਚੱਲੀਏ, ਘੁੜਿਆਣੇ। ਸਵੇਰੇ ਸਵਾ ਕੁ ਨੌਂ ਵਜੇ ਚਾਲੇ ਪਾ ਦਿੱਤੇ ਮੈਂ ਮਾਮੇ ਦੇ ਪਿੰਡ ਵੱਲ ਆਪਣੇ ਮੋਟਰਸਾਈਕਲ ’ਤੇ। ਮਲੋਟ ਤੱਕ ਤਾਂ ਰਾਹ ਪਹਿਚਾਣਿਆ ਸੀ, ਉਸ ਤੋਂ ਅੱਗੇ ਸੜਕ ’ਤੇ ਲੱਗੇ ਬੋਰਡਾਂ ਦੀ ਮੱਦਦ ਨਾਲ ਪਿੰਡ ਤੱਕ ਪਹੁੰਚਿਆ। ਥੋੜ੍ਹੇ-ਬਹੁਤ ਸੁਧਾਰ ਨੂੰ ਛੱਡ ਕੇ ਖੇਤਾਂ ਦੀ ਹਾਲਤ ਪਹਿਲਾਂ ਵਰਗੀ, ਸਲ੍ਹਾਬ ਤੇ ਸ਼ੋਰੇ ਦੇ ਅਸਰ ਵਾਲੀ ਸੀ। ਤੇ ਕੰਮ-ਕਾਰ ਪਹਿਲਾਂ ਨਾਲੋਂ ਵੀ ਮੰਦੇ ਜਾਪੇ, ਜਿਵੇਂ ਨੋਟਬੰਦੀ ਤੋਂ ਬਾਅਦ ਇਸ ਇਲਾਕੇ ਵਿੱਚ ਨਵੇਂ ਨੋਟ ਆਏ ਹੀ ਨਾ ਹੋਣ।

ਖੈਰ! ਸਾਢੇ ਕੁ ਗਿਆਰਾਂ ਵਜੇ ਮੈਂ ਪਿੰਡ ਪੁੱਜਾ ਤੇ ਮੇਰੇ ਵਾਸਤੇ ਸ਼ਰਮ ਦੀ ਗੱਲ ਇਹ ਸੀ ਕਿ ਆਪਣੇ ਸਕੇ ਮਾਮੇ ਦੇ ਘਰ ਦਾ ਪਤਾ ਮੈਂ ਲੋਕਾਂ ਤੋਂ ਪੁੱਛਦਾ ਫਿਰਦਾ ਸੀ। ਘਰ ਗਿਆ ਤਾਂ ਘਰ ਨੂੰ ਤਾਲਾ ਲੱਗਾ ਮਿਲਿਆ। ਗੁਆਂਢੀ ਕਹਿੰਦੇ ਕਿ ਬਾਈ ਹੁਣੇ ਗਿਆ ਬਾਹਰ ਪਿੰਡ ਵੱਲ। ਇਹ ਜਾਣ ਕੇ ਵੀ ਕਿ ਮੈਂ ਬਠਿੰਡੇ ਤੋਂ ਜਾਣੀ ਪਝੰਤਰ-ਅੱਸੀ ਕਿੱਲੋਮੀਟਰ ਦਾ ਸਫਰ ਤੈਅ ਕਰਕੇ ਆਇਆ ਸਾਂ ਤੇ ਜਿਸ ਨੂੰ ਮੈਂ ਮਿਲਣ ਗਿਆ ਸਾਂ ਤੇ ਉਨ੍ਹਾਂ ਦਾ ਉਹ ਗੁਆਂਢੀ ਮੇਰਾ ਸਕਾ ਮਾਮਾ ਸੀ, ਉਨ੍ਹਾਂ ਗੁਆਂਢੀਆਂ ਨੇ ਮੈਨੂੰ ਪਾਣੀ ਤੱਕ ਨਾ ਪੁੱਛਿਆ। ਘੜੀ ਦੀਆਂ ਸੂਈਆਂ ਦੇ ਗੇੜ ਨੇ ਇਹੀ ਤਾਂ ਵੱਡੀ ਤਬਦੀਲੀ ਸਾਨੂੰ ਦਿਖਾਈ ਹੈ। ਮੈਂ ਮਾਮੇ ਦਾ ਮੁਬਾਈਲ ਨੰਬਰ ਆਪਣੇ ਮੁਬਾਈਲ ’ਚੋਂ ਲੱਭਿਆ, ਨਹੀਂ ਮਿਲਿਆ। ਇੱਕ-ਦੋ ਹੋਰ ਰਿਸ਼ਤੇਦਾਰਾਂ ਨੂੰ ਪੁੱਛਿਆ। ਗਰੀਬ ਦਾ ਮੁਬਾਈਲ ਨੰਬਰ ਰੱਖ ਕੇ ਆਖਰ ਕਿਸੇ ਨੇ ਲੈਣਾ ਵੀ ਕੀ ਹੈ?

ਮੈਨੂੰ ਦੇਖ ਕੇ ਖਿੜ ਗਿਆ ਸੀ ਮਾਮਾ

ਉੱਥੇ ਖੜ੍ਹੇ ਨੇ ਮੈਂ ਬੈਗ ’ਚੋਂ ਪਾਣੀ ਵਾਲੀ ਬੋਤਲ ਕੱਢ ਕੇ ਪਾਣੀ ਪੀਤਾ। ਆਸੇ-ਪਾਸੇ ਦੇ ਲੋਕਾਂ ਤੋਂ ਵੀ ਉਸ ਦਾ ਮੁਬਾਈਲ ਨੰਬਰ ਨਹੀਂ ਮਿਲਿਆ। ਏਨੇ ਵਿੱਚ ਇੱਕ ਨੌਜਵਾਨ ਨੇ ਮੈਨੂੰ ਦੱਸਿਆ ਕਿ ਫਲਾਣੀ ਜਗ੍ਹਾ ’ਤੇ ਜਾ ਕੇ ਦੇਖੋ, ਉੱਥੇ ਤਾਸ਼ ਖੇਡਦਾ ਹੋਵੇਗਾ। ਮੋਟਰਸਾਈਕਲ ਦੀ ਸੈਲਫ ਮਾਰ ਕੇ ਪੁੱਛਦਾ-ਪੁਛਾਉਂਦਾ ਮੈਂ ਉਸ ਜਗ੍ਹਾ ’ਤੇ ਜਾ ਮਾਮੇ ਨੂੰ ਮਿਲਿਆ। ਮੈਨੂੰ ਦੇਖ ਕੇ ਖਿੜ ਗਿਆ ਸੀ ਮਾਮਾ। ਉੱਤੋਂ ਮੈਂ ਮਾਮੇ ਨੂੰ ਇਹ ਕਹਿ ਕੇ ਮਜ਼ਾਕ ਕਰ ਦਿੱਤਾ ਕਿ ਮਾਮਾ, ਮੈਂ ਤਾਂ ਤੂੜੀ ਵਿੱਚੋਂ ਸੂਈ ਲੱਭ ਲਵਾਂ, ਤੂੰ ਤਾਂ ਫਿਰ ਵੀ ਮੇਰਾ ਮਾਮਾ ਹੈਂ! ਉਹਨੇ ਉੱਥੇ ਹੀ ਤਾਸ਼ ਦੇ ਪੱਤੇ ਸੁੱਟੇ ਤੇ ਨਾਲ ਦਿਆਂ ਨੂੰ ਇਹ ਕਹਿੰਦਾ ਉੱਠ ਖੜ੍ਹਾ ਹੋਇਆ ਕਿ ਮੇਰਾ ਅਫਸਰ ਭਾਣਜਾ ਆਇਆ ਹੈ।

ਪਤਾ ਨਹੀਂ ਕੀ ਕੁੱਝ ਰੱਖਦੇ ਸਨ ਸਾਡੇ ਖਾਣ ਲਈ

ਪੁਰਾਣੇ ਰਿਸ਼ਤਿਆਂ ਵਿੱਚ ਭਾਣਜੇ-ਭਾਣਜੀਆਂ, ਦੋਹਤੇ-ਦੋਹਤੀਆਂ ਆਪਣੇ ਨਾਨਕਿਆਂ ਲਈ ਅਫਸਰ ਹੀ ਤਾਂ ਹੁੰਦੇ ਸਨ। ਉਜ ਤਾਸ ਖੇਡਣ ਵਾਲਾ ਕਿਸੇ ਰਿਸ਼ਤੇਦਾਰ ਦੇ ਜਾਣ ’ਤੇ ਤਾਸ਼ ਦੇ ਪੱਤੇ ਸੁੱਟ ਦੇਵੇ, ਇਹ ਕਿਹੜਾ ਛੋਟੀ ਗੱਲ ਹੈ! ਮੈਂ ਆਪਣੇ ਮੋਟਰਸਾਈਕਲ ਤੇ ਮਾਮਾ ਆਪਣੇ ਲੇਡੀ ਸਾਈਕਲ ’ਤੇ, ਘਰ ਨੂੰ ਚੱਲ ਪਏ। ਆਉਂਦਾ ਹੋਇਆ ਮੇਰੇ ਲਈ ਦੁਕਾਨ ਤੋਂ ਬਿਸਕੁਟਾਂ ਦਾ ਪੈਕੇਟ ਲੈ ਕੇ ਆਇਆ ਸੀ ਮਾਮਾ। ਜਦੋਂ ਭਲੇ ਵੇਲਿਆਂ ਵਿੱਚ ਪਿੰਡ ’ਚ ਉਨ੍ਹਾਂ ਦੀਆਂ ਪਰਚੂਨ ਦੀਆਂ ਦੁਕਾਨਾਂ ਹੁੰਦੀਆਂ ਸਨ, ਪਤਾ ਨਹੀਂ ਕੀ ਕੁੱਝ ਰੱਖਦੇ ਸਨ ਸਾਡੇ ਖਾਣ ਲਈ। ਮਾਮੀ ਤਾਂ ਸਾਡੀ ਬਿਮਾਰ ਹੋਣ ਕਾਰਨ ਮਲੋਟ ਰਹਿਣ ਲੱਗ ਪਈ ਤੇ ਮਾਮਾ ਇਕੱਲਾ ਹੀ ਪਿੰਡ ਰਹਿੰਦਾ ਹੈ। ਮਾਮੇ ਨੇ ਚਾਹ ਬਣਾਈ ਤੇ ਉਹ ਕਿੰਨਾ ਕੁ ਖੁਸ਼ ਸੀ, ਇਹ ਲਾ-ਬਿਆਨ ਹੈ। ‘‘ਭਾਣਜੇ, ਅੱਜ ਤੜਕੇ ਦਾ ਕਾਂ ਬੋਲਦਾ ਸੀ, ਮੈਂ ਸੋਚਿਆ ਤੇਰੇ ਘਰੇ ਕਿਸ ਨੇ ਆਉਣਾ ਹੈ?’’ ਮਾਮੇ ਦਾ ਗੱਚ ਭਰਿਆ ਹੋਇਆ ਸੀ।

ਜਗਸੀਰ ਸਿੰਘ ਤਾਜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ