ਠੇਕਾ ਮੁਲਾਜ਼ਮਾਂ ਨੇ ਲਾਇਆ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸ਼ਹਿਰ ਮੋਰਿੰਡਾ ’ਚ ਪੱਕਾ ਮੋਰਚਾ

Contract Workers Sachkahoon

ਠੇਕਾ ਮੁਲਾਜ਼ਮਾਂ ਨੇ ਲਾਇਆ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸ਼ਹਿਰ ਮੋਰਿੰਡਾ ’ਚ ਪੱਕਾ ਮੋਰਚਾ

ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਬਿਨਾ ਸ਼ਰਤ ’ਤੇ ਸਿੱਧੇ ਰੂਪ ’ਚ ਰੈਗੂਲਰ ਕਰੇ ਸਰਕਾਰ : ਵਰਿੰਦਰ ਸਿੰਘ ਮੋਮੀ

(ਸੱਚ ਕਹੂੰ ਨਿਊਜ਼) ਮੋਰਿੰਡਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ 7 ਸਤੰਬਰ ਤੋਂ ਪਟਿਆਲਾ ਦੇ ਠੀਕਰੀ ਵਾਲਾ ਚੌਕ ’ਚ ਲਾਇਆ ਪੱਕਾ ਮੋਰਚਾ ਤਬਦੀਲ ਕਰਕੇ ਅੱਜ ਸ਼ਨਿੱਚਰਵਾਰ ਨੂੰ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ’ਚ ਸਰਹਿੰਦ ਬਾਈ ਪਾਸ ਤੇ ਲਾ ਦਿੱਤਾ ਹੈ।

ਇਹ ਜਾਣਕਾਰੀ ਅੱਜ ਇੱਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ (ਜਲਾਲਾਬਾਦ) ਨੇ ਇੱਥੇ ਦਿੰਦੇ ਹੋਏ ਅੱਗੇ ਦੱਸਿਆ ਕਿ ਇਸ ਪੱਕੇ ਮੋਰਚੇ ਦੀ ਸ਼ੁਰੂਆਤ ਦੇ ਅੱਜ ਪਹਿਲੇ ਹੀ ਦਿਨ ਸੈਂਕੜਿਆਂ ਦੀ ਗਿਣਤੀ ’ਚ ਸ਼ਾਮਲ ਠੇਕਾ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਵੱਲੋਂ ਮਿਲ ਕੇ ਮੁੱਖ ਮੰਤਰੀ ਦੇ ਨਿਵਾਸ ਤੱਕ ਰੋਸ ਮਾਰਚ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਪਿਆ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਵੱਖ ਵੱਖ ਸਰਕਾਰੀ ਵਿਭਾਗ ਜਿਵੇਂ ਕਿ ਸਰਕਾਰੀ ਥਰਮਲ ਪਲਾਂਟਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ ਅਤੇ ਟ੍ਰਾਂਸਕੋ, ਪਾਵਰਕਾਮ ਜ਼ੋਨ ਬਠਿੰਡਾ, ਵਾਟਰ ਸਪਲਾਈ ਅਤੇ ਸੀਬਰੇਜ਼ ਬੋਰਡ, ਮਗਨਰੇਗਾ, ਬੀ.ਓ.ਸੀ. (ਕਿਰਤ ਵਿਭਾਗ) ’ਚ ਵੱਖ-ਵੱਖ ਕੈਟਾਗਰੀਆਂ ’ਚ ਵੰਡੇ ਜਿਵੇਂ ਕਿ ਇਨਲਿਸਟਮੈਂਟ, ਆਉਟ ਸੋਰਸ, ਠੇਕਾ ਪ੍ਰਣਾਲੀ, ਸਿੱਧੀ ਭਰਤੀ, ਸੁਸਾਇਟੀਆਂ, ਕੰਪਨੀਆਂ,ਟੈਂਪਰੇਰੀ, ਕੇਂਦਰੀ ਸਕੀਮਾਂ ਤਹਿਤ ਕੰਮ ਕਰਦੇ ਸਮੂਹ ਕੱਚੇ ਕਾਮਿਆਂ ਨੂੰ ਬਿਨਾ ਸ਼ਰਤ, ਬਿਨਾ ਭੇਦਭਾਵ ਦੇ ਤੁਰੰਤ ਸਭ ਨੂੰ ਰੈਗੂਲਰ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ ਆਦਿ ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਪੱਤਰ ਵਿਚ ਦਰਜ ਤਮਾਮ ਮੰਗਾਂ ਦਾ ਹੱਲ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਪੱਕਾ ਮੋਰਚਾ ਅਣਮਿੱਥੇ ਸਮੇਂ ਲਈ ਲਾਇਆ ਗਿਆ ਹੈ ਤੇ ਇਹ ਉਸ ਸਮੇਂ ਤੱਕ ਜਾਰੀ ਰਹੇਗਾ, ਜਿਸ ਸਮੇਂ ਤੱਕ ਸਮੂਹ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ।

ਇਸ ਮੌਕੇ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ, ਬਲਿਹਾਰ ਸਿੰਘ, ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ, ਸ਼ੇਰ ਸਿੰਘ ਖੰਨਾ, ਸੇਵਕ ਸਿੰਘ ਦੰਦੀਵਾਲ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਮੁੱਖ ਮੰਤਰੀ ਦੀ ਤਬਦੀਲੀ ਕਰਕੇ ਲੋਕਾਂ ਅੰਦਰ ਇਹ ਭਰਮ ਫੈਲਾ ਰਹੀ ਹੈ ਕਿ ਪਿਛਲੇ ਚਾਰ ਸਾਲਾਂ ਦੇ ਅਰਸੇ ਦੌਰਾਨ ਜੋ ਕਾਰਪੋਰੇਟੀ ਸੇਵਾ ਦੇ ਕਦਮ ਲਏ ਗਏ ਹਨ, ਜਿਵੇ ਪੁਨਰ ਗਠਨ ਯੋਜਨਾ ਤਹਿਤ ਪੱਕੇ ਰੁਜ਼ਗਾਰ ਦਾ ਉਜਾੜਾ, ਠੇਕਾ ਕਾਮਿਆਂ ਨੂੰ ਰੈਗੂਲਰ ਨਾ ਕਰਨਾ, ਨਵੇਂ ਲੇਬਰ ਕਾਨੂੰਨਾਂ ਨੂੰ ਪਾਸ ਕਰਨਾ ਆਦਿ, ਸਭ ਦੀ ਜ਼ਿੰਮੇਵਾਰੀ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਮੜ੍ਹ ਕੇ ਆਪਣੇ-ਆਪ ਨੂੰ ਸਹੀ ਸਾਬਤ ਕਰਕੇ ਸਿਰਫ਼ ਭਵਿੱਖ ਲਈ ਕੁਰਸੀ ਬਚਾਉਣ ਦੀ ਧੋਖੇ ਭਰੀ ਖੇਡ ਖੇਡੀ ਜਾ ਰਹੀ ਹੈ।

ਜਦਕਿ ਇਹ ਤਬਾਹਕੁੰਨ ਮੁਲਾਜਮ ਵਿਰੋਧੀ ਨੀਤੀਆਂ ਲਈ ਕਾਂਗਰਸ ਪਾਰਟੀ ਸਮੇਤ ਸਾਰੀਆਂ ਹੀ ਵੋਟ ਪਾਰਟੀਆਂ ਜਿੰਮੇਵਾਰ ਹਨ। ਅਨੁਸੂਚਿਤ ਜਾਤੀ ਦੇ ਚੇਹਰੇ ਨੂੰ ਅੱਗੇ ਲਿਆਉਣ ਦਾ ਮੰਤਵ ਵੀ ਇਹੀ ਹੈ। ਮੇਹਨਤਕਸ਼ ਪਿਛੜੇ ਵਰਗ ਦੇ ਪਰਿਵਾਰਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀਆਂ ਵੋਟਾਂ ਰਾਹੀ ਕੁਰਸੀ ਤੇ ਕਾਬਜ ਹੋ ਕੇ ਮੁੜ ਉਨ੍ਹਾਂ ਨੂੰ ਹੀ ਲੁੱਟ ਜਬਰ ਅਤੇ ਬੇਇਨਸਾਫੀ ਦੀ ਮਾਰ ਹੇਠ ਲਿਆਉਣਾ ਹੈ ਕਿਉਕਿ ਲੁੱਟ ਅਤੇ ਜਬਰ ਦਾ ਅਧਾਰ ਜਾਤ ਅਤੇ ਧਰਮ ਨਹੀਂ ਸਗੋ ਪੈਦਾਵਾਰੀ ਸਰੋਤਾਂ ਤੇ ਮਾਲਕੀ ਅਤੇ ਉਨ੍ਹਾਂ ਅਧੀਨ ਮੇਹਨਤ ਕਰਦੀ ਗਰੀਬ ਜਨਤਾ ਹੈ।

ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਠੇਕਾ ਮੁਲਾਜਮ, ਭਾਰਤ ਬੰਦ ਦੇ ਸੱਦੇ ਲਈ ਆਪਣਾ ਭਰਪੂਰ ਸਮਰਥਨ ਜੁਟਾਉਣਗੇ। ਉਸ ਦਿਨ ਮੋਰਚੇ ਵਾਲੇ ਸਾਥੀ ਨੈਸ਼ਨਲ ਹਾਈਵੇ ਜਾਮ ਕਰਨਗੇ ਅਤੇ ਪਿਛੇ ਰਹਿ ਰਹੇ ਠੇਕਾ ਮੁਲਾਜਮ, ਜਾਮ ਦਾ ਸੱਦਾ ਦੇਣ ਵਾਲੇ ਕਿਸਾਨਾਂ ਦੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰਨਗੇ। ਇਵੇ ਹੀ 28 ਸਤੰਬਰ ਨੂੰ ਪੰਜਾਬ ਭਰ ਅੰਦਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾ ਕੇ, ਉਸਦੇ ਸੁਪਨਿਆਂ ਅਤੇ ਵਿਚਾਰਧਾਰ ਦਾ ਸਮਾਜ ਸਿਰਜਣ ਦਾ ਅਹਿਦ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ