ਪਾਵਰ ਪਲਾਂਟ ਲਹਿਰਾ ਮੁਹੱਬਤ ’ਚ ਠੇਕਾ ਮੁਲਾਜ਼ਮ ਭਾਫ ਨਾਲ ਝੁਲਸਿਆ
(ਗੁਰਜੀਤ/ਸੁਰੇਸ਼) ਭੁੱਚੋ ਮੰਡੀ। ਪਾਵਰ ਪਲਾਂਟ ਲਹਿਰਾ ਮੁਹੱਬਤ ਦੇ ਇੱਕ ਨੰਬਰ ਯੂਨਿਟ ਵਿੱਚ ਤਕਨੀਕੀ ਨੁਕਸ ਆ ਜਾਣ ਕਾਰਨ 240 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋ ਗਿਆ, ਜਿਸ ਨਾਲ ਪੰਜਾਬ ਦੇ ਵਿੱਚ ਬਿਜਲੀ ਸੰਕਟ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਦੇ ਨਾਲ ਯੂਨਿਟ ਨੂੰ ਚਲਾਉਣ ਲਈ ਵਾਰ-ਵਾਰ ਅਸਟੀਮ ਛੱਡਣ ’ਤੇ ਅਸਟੀਮ ਦਾ ਸੇਕ ਲੱਗਣ ’ਤੇ ਨੇੜੇ ਕੰਮ ਕਰਦਾ ਠੇਕਾ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ()
ਇਸ ਸਬੰਧੀ ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਪ੍ਰਧਾਨ ਜਗਰੂਪ ਸਿੰਘ, ਜਰਨਲ ਸਕੱਤਰ ਜਗਸੀਰ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਬਾਦਲ ਸਿਂਘ ਭੁੱਲਰ, ਮੀਤ ਪ੍ਰਧਾਨ ਬਲਜਿੰਦਰ ਸਿੰਘ,ਮੀਤ ਪ੍ਰਧਾਨ ਨਾਇਬ ਸਿੰਘ,ਮੀਤ ਪ੍ਰਧਾਨ ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਪਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਹਿਰਾਜ਼ ਅਸਟੀਮ (ਭਾਫ਼) ਨਾਲ਼ ਬੁਰੀ ਤਰ੍ਹਾਂ ਝੁਲਸਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਉਪਰੰਤ ਠੇਕਾ ਮੁਲਾਜ਼ਮ ਨੂੰ ਪਹਿਲਾਂ ਰਾਮਪੁਰਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਰੋਸ਼ ਜਤਾਇਆ ਕਿ ਥਰਮਲ ਪਲਾਂਟ ਵਿੱਚ ਜਿੰਨੇ ਸੇਫਟੀ ਉਪਕਰਨ ਇੱਕ ਠੇਕਾ ਮੁਲਾਜ਼ਮ ਨੂੰ ਲੋੜੀਂਦੇ ਹਨ ਉਹ ਥਰਮਲ ਦੀ ਮੈਨੇਜਮੈਂਟ ਅਤੇ ਕੰਪਨੀਆਂ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਮੁਹੱਈਆ ਨਹੀਂ ਕਰਵਾਏ ਜਾਂਦੇ ਅਤੇ (ਵਰਕ-ਲੋਡ) ਕੰਮ-ਭਾਰ ਮੁਤਾਬਿਕ ਹੋਰ ਠੇਕਾ ਮੁਲਾਜ਼ਮਾਂ ਦੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਸੇਫਟੀ ਦੀ ਘਾਟ ਅਤੇ ਕੰਮ-ਭਾਰ ਜਿਆਦਾ ਹੋਣ ਕਾਰਨ ਠੇਕਾ ਮੁਲਾਜ਼ਮਾਂ ਨਾਲ਼ ਅਜਿਹੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਠੇਕਾ ਮੁਲਾਜ਼ਮ ਪ੍ਰਮਿੰਦਰ ਸਿੰਘ ਦਾ ਬਿਲਕੁੱਲ ਠੀਕ ਹੋਣ ਤੱਕ ਮੁਫ਼ਤ ਇਲਾਜ਼ ਕਰਵਾਇਆ ਜਾਵੇ ਅਤੇ ਠੇਕਾ ਮੁਲਾਜ਼ਮ ਨੂੰ ਦੁਰਘਟਨਾ ਬੀਮਾ ਰਾਸ਼ੀ ਇੱਕ ਲੱਖ ਰੁਪਏ ਜੋ ਮਹਿਕਮੇ ਅਤੇ ਪੰਜਾਬ ਸਰਕਾਰ ਵੱਲੋਂ ਦੇਣਾ ਬਣਦਾ ਹੈ, ਜਲਦ ਹਾਦਸਾਗ੍ਰਸਤ ਠੇਕਾ ਮੁਲਾਜ਼ਮ ਨੂੰ ਦਿੱਤਾ ਜਾਵੇ ਅਤੇ ਥਰਮਲ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਲੋੜੀਂਦੇ ਆਈ.ਐੱਸ.ਆਈ ਮਾਰਕਾ ਸੇਫਟੀ ਉਪਕਰਨ ਮੁਹਈਆ ਕਰਵਾਏ ਜਾਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ