Sunam News: ਸੁਨਾਮ ਸ਼ਹਿਰ ’ਚ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਜ ਹੋਏ ਸ਼ੁਰੂ, ਰੇਲਵੇ ਫਾਟਕਾਂ ਨੂੰ ਕੀਤਾ ਬੰਦ

Sunam News
ਸੁਨਾਮ: ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਅਧਿਕਾਰੀ ਸੁਰੇਸ਼ ਕੁਮਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਕਰਮ ਥਿੰਦ

ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਰੇਲਵੇ ਫਾਟਕਾਂ ਨੂੰ ਆਰਜ਼ੀ ਤੌਰ ’ਤੇ ਕੀਤਾ ਬੰਦ

Sunam News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਅਣਥੱਕ ਯਤਨ ਸਦਕਾ ਸੁਨਾਮ ਸ਼ਹਿਰ ਦੇ ਵਸਨੀਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪੇਸ਼ ਆ ਰਹੀ ਹੈ ਇੱਕ ਹੋਰ ਵੱਡੀ ਸਮੱਸਿਆ ਤੋਂ ਆਉਂਦੇ 6 ਮਹੀਨਿਆਂ ਅੰਦਰ ਮੁਕੰਮਲ ਤੌਰ ’ਤੇ ਛੁਟਕਾਰਾ ਮਿਲ ਜਾਵੇਗਾ। ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਅੱਜ ਸੁਨਾਮ ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਲੰਘਦੀਆਂ ਰੇਲਵੇ ਲਾਈਨਾਂ ’ਤੇ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਜਾਂ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਰੇਲਵੇ ਫਾਟਕ ਆਮ ਲੋਕਾਂ ਦੇ ਲਾਂਘੇ ਲਈ ਆਰਜ਼ੀ ਤੌਰ ’ਤੇ ਬੰਦ | Sunam News

ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਮੌਜੂਦ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਅਧਿਕਾਰੀ ਸੁਰੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਲੇ 6 ਮਹੀਨਿਆਂ ਅੰਦਰ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਸਮੁੱਚੇ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਅੰਡਰ ਬ੍ਰਿਜ ਛੇਤੀ ਨਾਲ ਮੁਕੰਮਲ ਕੀਤਾ ਜਾ ਸਕੇ ਇਸ ਉਦੇਸ਼ ਨਾਲ ਹੁਣ ਰੇਲਵੇ ਫਾਟਕ ਆਮ ਲੋਕਾਂ ਦੇ ਲਾਂਘੇ ਲਈ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਨਕਸ਼ੇ ਮੁਤਾਬਕ ਨਿਸ਼ਾਨਦੇਹੀ ਮਗਰੋਂ ਪੁਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਮੌਕੇ ’ਤੇ ਮੌਜੂਦ ਸੀਨੀਅਰ ਆਗੂ ਜਤਿੰਦਰ ਜੈਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜਨਵਰੀ 2023 ਤੋਂ ਲਗਾਤਾਰ ਹੁਣ ਤੱਕ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਅਤੇ ਲੋਕਲ ਪੱਧਰ ’ਤੇ ਵੱਡੀ ਗਿਣਤੀ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਰੱਖਦੇ ਹੋਏ ਸ਼ਹਿਰ ਵਾਸੀਆਂ ਨੂੰ ਦਰਪੇਸ਼ ਇਸ ਵੱਡੀ ਸਮੱਸਿਆ ਦੇ ਸਥਾਈ ਹੱਲ ਲਈ ਹਰ ਸੰਭਵ ਉਪਰਾਲਾ ਕੀਤਾ ਗਿਆ। Sunam News

ਸੁਨਾਮ: ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਅਧਿਕਾਰੀ ਸੁਰੇਸ਼ ਕੁਮਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਕਰਮ ਥਿੰਦ

ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਉਦਮ ਸਦਕਾ ਹੀ ਅੱਜ ਇਸ ਮਹੱਤਵਪੂਰਨ ਕਾਰਜ ਦੀ ਸ਼ੁਰੂਆਤ ਸੰਭਵ ਹੋ ਸਕੀ ਹੈ। ਜਤਿੰਦਰ ਜੈਨ ਨੇ ਕਿਹਾ ਕਿ ਰੇਲਵੇ ਅੰਡਰ ਬ੍ਰਿਜ ਦੇ ਬਣਨ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ ਕਿਉਂਕਿ ਇਸ ਰੇਲਵੇ ਟਰੈਕ ਉਤੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਪੈਸੇਂਜਰ ਤੇ ਮਾਲ ਗੱਡੀਆਂ ਲੰਘਦੀਆਂ ਹਨ ਜਿਸ ਕਾਰਨ ਰੇਲਵੇ ਫਾਟਕ ਦੇ ਵਾਰ-ਵਾਰ ਬੰਦ ਹੋਣ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪੈਂਦਾ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।

6 ਮਹੀਨਿਆਂ ਅੰਦਰ ਬਣ ਕੇ ਤਿਆਰ ਹੋਵੇਗਾ ਰੇਲਵੇ ਅੰਡਰ ਬ੍ਰਿਜ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਜਤਿੰਦਰ ਜੈਨ ਨੇ ਕਿਹਾ ਕਿ ਰੇਲਵੇ ਅੰਡਰ ਬ੍ਰਿਜ ਦੇ ਪਟਾਈ ਕਾਰਜਾਂ ਦੌਰਾਨ ਨਾ ਤਾਂ ਬੱਸਾਂ ਦੇ ਬਸ ਸਟੈਂਡ ਵਿੱਚ ਆਉਣ ਜਾਣ ਵਿੱਚ ਕੋਈ ਦਿੱਕਤ ਪੇਸ਼ ਆਵੇਗੀ ਅਤੇ ਨਾ ਹੀ ਨੇੜਲੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਹ ਯੋਜਨਾ ਵੱਖ ਵੱਖ ਅਧਿਕਾਰੀਆਂ ਵੱਲੋਂ ਸਾਰੇ ਪੱਖਾਂ ਦਾ ਧਿਆਨ ਰੱਖਦੇ ਹੋਏ ਤਿਆਰ ਕੀਤੀ ਗਈ ਹੈ।

LEAVE A REPLY

Please enter your comment!
Please enter your name here