ਆਮ ਲੋਕਾਂ ਲਈ ਖਜਾਨਾ ਖਾਲੀ, ਪਰ ਆਪਣਿਆਂ ਲਈ ਖਜਾਨੇ ਦੇ ਮੂੰਹ ਖੁੱਲ੍ਹੇ | Congressmen
- ਕੁਝ ਦਿਨਾਂ ‘ਚ ਹੀ ਅੱਧੀ ਦਰਜ਼ਨ ਤੋਂ ਵੱਧ ਕਾਂਗਰਸੀਆਂ ਨੂੰ ਚੇਅਰਮੈਨ ਤੇ ਉਪ ਚੇਅਰਮੈਨਾਂ ਦੀਆਂ ਕੁਰਸੀਆਂ ‘ਤੇ ਬਿਠਾਇਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਨੇੜਲੇ ਕਾਂਗਰਸੀਆਂ ਨੂੰ ਸਿਆਸੀ ਤੌਰ ‘ਤੇ ਖੁਸ਼ ਕਰਨ ਲਈ ਰਿਊੜੀਆਂ ਵਾਂਗ ਅਹੁਦੇ ਵੰਡੇ ਜਾ ਰਹੇ ਹਨ। ਕਾਂਗਰਸ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਹੀ ਪਟਿਆਲਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਤੋਂ ਵੱਧ ਕਾਂਗਰਸੀ ਆਗੂਆਂ ਨੂੰ ਚੇਅਰਮੈਨ ਅਤੇ ਉਪ ਚੇਅਰਮੈਨਾਂ ਦੇ ਅਹੁਦਿਆਂ ‘ਤੇ ਬਿਠਾ ਕੇ ਰਾਜਸੀ ਤਾਕਤ ਦਿੱਤੀ ਗਈ ਹੈ। ਉਂਜ ਭਾਵੇਂ ਪੰਜਾਬ ਦੇ ਖਜਾਨੇ ਦੀ ਹਾਲਤ ਪਤਲੀ ਦੱਸੀ ਜਾ ਰਹੀ ਹੈ, ਪਰ ਇਨ੍ਹਾਂ ਦੀਆਂ ਨਿਯੁਕਤੀਆਂ ਤੋਂ ਖਜਾਨੇ ‘ਤੇ ਪੈਣ ਵਾਲੇ ਭਾਰ ਦੀ ਕੋਈ ਚਿੰਤਾ ਨਹੀਂ। ਇੱਧਰ ਬੁੱਧੀਜੀਵੀਆਂ ਵੱਲੋਂ ਇਨ੍ਹਾਂ ਫਾਲਤੂ ਦੇ ਅਹੁਦਿਆਂ ‘ਤੇ ਉਂਗਲ ਚੁੱਕੀ ਗਈ ਹੈ ਅਤੇ ਇਸ ਨੂੰ ਸਿਰਫ਼ ਖਜਾਨੇ ‘ਤੇ ਭਾਰ ਗਰਦਾਨਿਆਂ ਗਿਆ ਹੈ। (Congressmen)
ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ
ਜਾਣਕਾਰੀ ਅਨੁਸਾਰ 10 ਸਾਲ ਦੇ ਸੋਕੇ ਤੋਂ ਬਾਅਦ ਪੰਜਾਬ ‘ਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਪਣੇ ਨੇੜੇ ਆਗੂਆਂ ਨੂੰ ਵੱਖ-ਵੱਖ ਵਿਭਾਗਾਂ ਅੰਦਰ ਅਹੁਦਿਆਂ ‘ਤੇ ਨਿਵਾਜ਼ ਕੇ ਸਿਆਸੀ ਲਾਹਾ ਦੇਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਇਸੇ ਕਾਰਨ ਹੀ ਮੋਤੀ ਮਹਿਲ ਨੇੜਲੇ ਵਫਾਦਾਰਾਂ ਨੂੰ ਸਰਕਾਰ ਦੇ ਦੋ ਦੇ ਕਾਰਜਕਾਲ ਬਾਅਦ ਪਿਛਲੇ ਲਗਭਗ 10-12 ਦਿਨਾਂ ਦੇ ਵਕਫੇ ਅੰਦਰ ਹੀ 7 ਕਾਂਗਰਸੀਆਂ ਨੂੰ ਵੱਖ ਵੱੱਖ ਵਿਭਾਗਾਂ ਦੀਆਂ ਕੁਰਸੀਆਂ ‘ਤੇ ਨਿਵਾਜਿਆ ਗਿਆ ਹੈ। ਪੀਆਰਟੀਸੀ ਅੰਦਰ ਉਪ ਚੇਅਰਮੈਨ ਦੇ ਅਹੁਦੇ ‘ਤੇ ਰਾਜਪੁਰਾ ਦੇ ਧਨਾਢ ਗੁਰਿੰਦਰ ਸਿੰਘ ਗਿੰਦੀ ਨੂੰ ਬਿਠਾਇਆ ਗਿਆ ਹੈ ਜਦਕਿ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਪਹਿਲਾਂ ਹੀ ਸਾਰਾ ਕੰਮ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਪੀਆਰਟੀਸੀ ਵਿੱਚ ਵੱਖ -ਵੱਖ ਥਾਵਾਂ ਤੋਂ 6 ਡਾਇਰੈਕਟਰ ਨਿਯੁਕਤ ਕੀਤੇ ਗਏ ਹਨ। (Congressmen)
ਜਿਨ੍ਹਾਂ ਸਬੰਧੀ ਪੀਆਰਟੀਸੀ ਦੇ ਮੁਲਾਜ਼ਮ ਆਗੂਆਂ ਵਿੱਚ ਰੋਸ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਕੋਈ ਡੱਕੇ ਜਿੰਨਾ ਕੰਮ ਨਹੀਂ, ਇਹ ਸਿਰਫ਼ ਪੀਆਰਟੀਸੀ ‘ਤੇ ਬੋਝ ਹੀ ਧਰਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਗਊ ਕਮਿਸ਼ਨ ਦਾ ਚੇਅਰਮੈਨ ਸਚਿਨ ਸ਼ਰਮਾ ਨੂੰ ਬਣਾਇਆ ਗਿਆ ਹੈ। ਸੀਵਰੇਜ਼ ਤੇ ਜਲ ਸਪਲਾਈ ਬੋਰਡ ਦੇ ਉਪ ਚੇਅਰਮੈਨ ਵਜੋਂ ਪਟਿਆਲਾ ਦੇ ਨੇੜਲੇ ਕਾਂਗਰਸੀ ਆਗੂ ਵੇਦ ਕਪੂਰ ਨੂੰ ਬਿਠਾ ਕੇ ਖੁਸ਼ ਕੀਤਾ ਗਿਆ ਹੈ। ਮੀਡੀਅਮ ਸਕੇਲ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਕਾਂਗਰਸੀ ਆਗੂ ਸੁਰੇਸ਼ ਗੋਗੀਆ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਲਾਰਜ ਸਕੇਲ ਇੰਡਸਟਰੀ ਦੇ ਉਪ ਚੇਅਰਮੈਨ ਵਜੋਂ ਕੇ. ਕੇ. ਸਹਿਗਲ ਨੂੰ ਬਿਠਾ ਕੇ ਕਾਂਗਰਸ ਨਾਲ ਜੁੜਨ ਦਾ ਮੁੱਲ ਮੋੜਿਆ ਗਿਆ ਹੈ। ਖਾਦੀ ਬੋਰਡ ਦਾ ਉਪ ਚੇਅਰਮੈਨ ਅਨਿਲ ਮਹਿਤਾ ਨੂੰ ਲਗਾਇਆ ਗਿਆ ਹੈ। (Congressmen)
ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ
ਇੱਥੇ ਹੀ ਬੱਸ ਨਹੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਅੰਦਰ ਪਹਿਲਾਂ ਚੇਅਰਪਰਸਨ ਆਪਣੇ ਅਹੁਦੇ ‘ਤੇ ਹੈ, ਪਰ ਕੈਪਟਨ ਸਰਕਾਰ ਨੇ ਸੀਨੀਅਰ ਵਾਈਸ ਚੇਅਰਪਰਸਨ ਦਾ ਪਟਿਆਲਾ ਦੇ ਇੰਪਰੂਵਮੈਂਟ ਟਰੱਸਟ ਵਿਖੇ ਇੱਕ ਕਮਰੇ ਵਿੱਚ ਦਫਤਰ ਬਣਾ ਦਿੱਤਾ ਗਿਆ ਹੈ, ਜਿੱਥੇ ਅੱਜ ਸੀਨੀਅਰ ਵਾਈਸ ਚੇਅਰਮੈਨ ਵਜੋਂ ਪਰਨੀਤ ਕੌਰ ਦੀ ਨੇੜਲੀ ਮਹਿਲਾ ਆਗੂ ਬਿਮਲ ਸ਼ਰਮਾ ਨੂੰ ਬਿਠਾਇਆ ਗਿਆ ਹੈ। ਮੁੱਖ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਕਾਂਗਸੀਆਂ ਨੂੰ 10 ਸਾਲਾਂ ਬਾਅਦ ਖੁਸ਼ ਕਰਨ ਦਾ ਕੋਈ ਮੌਕਾ ਗਵਾਇਆ ਨਹੀਂ ਜਾ ਰਿਹਾ। (Congressmen)