25 ਲੱਖ ਰੁਪਏ ਦਾ ਹੈ ਕਰਜ਼ਾਈ, ਲੈਣ-ਦੇਣ ਵਾਲਿਆਂ ਤੋਂ ਛੁਟਕਾਰਾ ਪਾਉਣ ਲਈ ਘੜੀ ਸੀ ਸਾਜਿਸ਼
ਪਟਿਆਲਾ। ਪੁਲਿਸ ਵੱਲੋਂ 7 ਲੱਖ 50 ਹਜ਼ਾਰ ਰੁਪਏ ਦੀ ਲੁੱਟ ਖੋਹ ਦੇ ਇੱਕ ਅਜਿਹੇ ਮਾਮਲੇ ਨੂੰ ਹੱਲ ਕੀਤਾ ਗਿਆ ਹੈ, ਜੋ ਕਿ ਅਸਲ ਵਿੱਚ ਵਾਪਰੀ ਹੀ ਨਹੀਂ ਸੀ। ਲੁੱਟ-ਖੋਹ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਵਾਲੇ ਖਿਲਾਫ਼ ਹੀ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਕਹਾਣੀ ਬਣਾਉਣ ਵਾਲਾ ਲੱਖਾਂ ਰੁਪਏ ਦਾ ਦੇਣਦਾਰ ਹੈ, ਜਿਨ੍ਹਾਂ ਤੋਂ ਖਹਿੜਾ ਛੁੜਾਉਣ ਲਈ ਹੀ ਉਸ ਨੇ ਇਹ ਡਰਾਮਾ ਰਚਿਆ ਸੀ।
ਇਸ ਮਾਮਲੇ ਦੀ ਤਫਤੀਸ਼ ਡੀ.ਐਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਥਾਣਾ ਸਨੌਰ ਵੱਲੋਂ ਬਰੀਕੀ ਨਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ 20/25 ਲੱਖ ਰੁਪਏ ਦਾ ਕਰਜ਼ਾਈ ਹੈ, ਜਿਸ ਨੇ ਫਾਈਨਾਂਸਰਾਂ ਅਤੇ ਹੋਰ ਵਿਅਕਤੀਆਂ ਪਾਸੋਂ ਕਰਜ਼ ਲਿਆ ਹੋਇਆ ਸੀ। ਉਨ੍ਹਾਂ ਪਾਸੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਲਈ ਇਸਨੇ ਇਹ ਸਾਜਿਸ਼ ਰਚੀ ਸੀ ਤੇ ਆਪਣੀ ਘਰਵਾਲੀ ਬੇਅੰਤ ਕੋਰ ਅਤੇ ਗੁਆਂਢਣ ਲੀਲਾ ਦੇਵੀ ਨੂੰ ਇਸ ਕਰਕੇ ਨਾਲ ਰੱਖਿਆ ਸੀ ਤਾਂ ਜੋ ਲੋਕ, ਫਾਈਨਾਂਸਰ ਅਤੇ ਰਿਸ਼ਤੇਦਾਰ ਇਸ ਗੱਲ ਦਾ ਇਤਬਾਰ ਕਰ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 24 ਦਸੰਬਰ ਨੂੰ ਸੁਖਵਿੰਦਰ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਡੀ.ਐਮ.ਡਬਲਯੂ ਕਲੋਨੀ ਪਟਿਆਲਾ ਨੇ ਥਾਣਾ ਸਨੌਰ ਵਿਖੇ ਇਤਲਾਹ ਦਿੱਤੀ ਸੀ ਕਿ 23 ਦਸੰਬਰ ਨੂੰ ਉਹ ਆਪਣੀ ਰਿਟਜ ਕਾਰ ਵਿੱਚ ਆਪਣੀ ਪਤਨੀ ਬੇਅੰਤ ਕੌਰ ਅਤੇ ਗੁਆਂਢਣ ਲੀਲਾ ਦੇਵੀ ਸਮੇਤ ਪਾਣੀਪਤ (ਹਰਿਆਣਾ) ਵਿਖੇ ਗਏ ਸੀ, ਵਾਪਸ ਆਉਂਦੇ ਹੋਏ ਉਹ ਆਪਣੇ ਦੋ ਰਿਸ਼ਤੇਦਾਰਾਂ ਪਾਸੋਂ 7,50,000 ਰੁਪਏ ਦੀ ਰਕਮ ਲੈ ਕੇ ਪਟਿਆਲਾ ਨੂੰ ਆ ਰਹੇ ਸੀ ਅਤੇ ਕਰੀਬ ਰਾਤ 9.45 ਵਜੇ ਜਦੋਂ ਦੇਵੀਗੜ੍ਹ ਉਹ ਸੜਕ ‘ਤੇ ਨੇੜੇ ਬੱਸ ਸਟੈਂਡ ਨੈਣਾ ਅਕੋਤ ਕੋਲ ਪੁੱਜੇ ਤਾਂ ਉਨ੍ਹਾਂ ਲੀਲਾ ਦੇਵੀ ਨੂੰ ਘਬਰਾਹਟ ਹੋਣ ਕਾਰਨ ਕਾਰ ਰੋਕ ਲਈ। ਜਿਥੇ ਦੇਵੀਗੜ੍ਹ ਪਾਸੇ ਤੋਂ ਅਚਾਨਕ ਇੱਕ ਲਾਲ ਬੱਤੀ ਵਾਲੀ ਗੱਡੀ ਆਈ, ਜਿਸ ਵਿਚ ਸਵਾਰ ਦੋ ਖਾਕੀ ਵਰਦੀ ਧਾਰੀ ਨੌਜਵਾਨਾਂ ਨੇ ਚੈਕਿੰਗ ਦੇ ਬਹਾਨੇ ਉਸ ਦੀ ਪਤਨੀ ਪਾਸੋਂ ਪੈਸਿਆਂ ਵਾਲਾ ਪਰਸ ਝਪਟ ਮਾਰਕੇ ਖੋਹ ਲਿਆ ਤੇ ਉਥੋ ਫ਼ਰਾਰ ਹੋ ਗਏ।
ਇਸ ਮਾਮਲੇ ਦੀ ਤਫ਼ਤੀਸ਼ ਤੋਂ ਮਾਮਲਾ ਝੂਠਾ ਤੇ ਗੁੰਮਰਾਹਕੁਨ ਪਾਏ ਜਾਣ ਤੇ ਸੁਖਵਿੰਦਰ ਸਿੰਘ ਖਿਲਾਫ਼ ਹੀ ਮਾਮਲਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਸ਼ਾਜਿਸ ਵਿੱਚ ਇਸ ਦੇ ਨਾਲ ਹੋਰ ਵਿਅਕਤੀ ਸ਼ਾਮਿਲ ਪਾਏ ਗਏ ਤਾਂ ਉਨ੍ਹਾਂ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।