ਪੁਲਿਸ ਨਾਲ ਪ੍ਰਦਰਸ਼ਨਕਾਰੀਆਂ ਦੀ ਹੋਈ ਧੱਕਾ ਮੁੱਕੀ ਅਤੇ ਖਿੱਚ ਧੂਹ
ਬੇਰੁਜ਼ਗਾਰ ਅਧਿਆਪਕਾਵਾਂ ਨੇ ਕੀਤੀ ਮੁੱਖ ਮੰਤਰੀ ਦੇ ਸਾਹਮਣੇ ਨਾਅਰੇਬਾਜ਼ੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ’ਤੇ ਵਿਦਿਆਰਥੀ ਜਥੇਬੰਦੀਆਂ, ਗੈਸਟ ਫੈਕਲਟੀ ਅਧਿਆਪਕਾਂ ਸਮੇਤ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਭਾਰੀ ਖਿੱਚ ਧੂਹ ਅਤੇ ਧੱਕਾ ਮੁੱਕੀ ਹੋਈ। ਪੁਲਿਸ ਵੱਲੋਂ ਡੰਡੇ ਦੇ ਜ਼ੋਰ ’ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਖਿਦੇੜਨ ਲਈ ਹਰ ਵਾਹ ਲਾਈ ਗਈ। ਇਸ ਧੱਕਾ ਮੁੱਕੀ ਵਿੱਚ ਕਈ ਪ੍ਰਦਰਸ਼ਨਕਾਰੀ ਹੇਠਾਂ ਡਿੱਗ ਗਏ। ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰੰਦੀਆਂ ਵੱਲੋਂ ਯੂਨੀਵਰਸਿਟੀ ਅੰਦਰ ਫੀਸਾਂ ਦੇ ਵਾਧੇ ਨੂੰ ਲੈ ਕੇ ਵਿਰੋਧ ਕੀਤਾ ਗਿਆ। ਆਲਮ ਇਹ ਰਿਹਾ ਕਿ ਜਿੰਨਾਂ ਸਮਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂਨੀਵਰਸਿਟੀ ’ਚ ਰਹੇ, ਉਨਾਂ ਸਮਾਂ ਨਾਅਰੇਬਾਜੀ ਅਤੇ ਤਣਾਅ ਵਾਲਾ ਮਾਹੌਲ ਰਿਹਾ।
ਜਾਣਕਾਰੀ ਅਨੁਸਾਰ ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ਯੂਨੀਵਰਸਿਟੀ ਪਹੁੰਚੇ ਤਾਂ ਬੇਰੁਜਗਾਰ ਈਟੀਟੀ ਅਧਿਆਪਕਾਂ ਸਮੇਤ ਹੋਰਨਾਂ ਜਥੇਬੰਦੀਆਂ ਵੱਲੋਂ ਇਕਦਮ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ । ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਵੱਲੋਂ ਬੇਰੁਜਗਾਰ ਅਧਿਆਪਕਾਂ ਨਾਲ ਧੱਕਾ ਮੁੱਕੀ ਕੀਤੀ ਗਈ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਬੱਸਾਂ ’ਚ ਚੜਾਕੇ ਹਿਰਾਸਤ ’ਚ ਲੈ ਲਿਆ। ਇਸੇ ਦੌਰਾਨ ਕੁਝ ਬੇਰੁਜ਼ਗਾਰ ਅਧਿਆਪਕਾਵਾਂ ਮੁੱਖ ਮੰਤਰੀ ਦੇ ਨਜ਼ਦੀਕ ਪੁੱਜ ਗਈਆਂ ਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਬਿਲਕੁਲ ਸਾਹਮਣੇ ਨਾਅਰੇਬਾਜੀ ਕੀਤੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਸ਼ਾਂਤ ਕੀਤਾ ਗਿਆ ਪਰ ਮੁੱਖ ਮੰਤਰੀ ਨਾਲ ਇਨ੍ਹਾਂ ਅਧਿਆਪਕਾਂ ਦੀ ਮੁਲਾਕਾਤ ਨਹੀਂ ਹੋ ਸਕੀ।
ਇਸ ਮੌਕੇ ਮੌਜੂਦ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਮਨੀ ਸੰਗਰੂਰ, ਬਲਵਿੰਦਰ ਕਾਕਾ, ਜੱਗਾ ਬੋਹਾ, ਮੰਗਲ ਮਾਨਸਾ ਆਦਿ ਨੇ ਕਿਹਾ ਕਿ ਸਰਕਾਰ ਦਾ ਜਾਣ ਦਾ ਸਮਾਂ ਵੀ ਆ ਚੁੱਕਿਆ ਹੈ, ਪਰ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜਗਾਰ ਦੇਣ ਦੀ ਬਜਾਏ ਆਵਾਜ ਦਬਾਉਣ ਲਈ ਨਿੱਤ ਡਾਗਾਂ ਨਾਲ ਕੁੱਟਣ ਸਮੇਤ ਝੂਠੇ ਪਰਚੇ ਦਰਜ ਕੀਤੇ ਹਨ। ਗੈਸਟ ਫੈਕਲਟੀ ਅਧਿਆਪਕਾਂ ਨੇ ਆਖਿਆ ਕਿ ਪਿਛਲੇ 15-20 ਸਾਲਾਂ ਤੋਂ ਕਾਲਜਾਂ ’ਚ ਪੜ੍ਹਾ ਰਹੇ ਹਨ, ਪਰ ਉਨ੍ਹਾਂ ਦੀ ਥਾਂ ’ਤੇ ਹੋਰ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ ਅਤੇ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਨਹੀਂ ਖੋਹਣ ਦੇਣਗੇ।
ਚੰਨੀ ਤੋਂ ਪਹਿਲਾਂ ਹੀ ਪੁੱਜਿਆ ਲੱਖਾ ਸਿਧਾਣਾ, ਪੁਲਿਸ ਨੇ ਹਿਰਾਸਤ ’ਚ ਲੈ ਕੇ ਯੂਨੀਵਰਸਿਟੀ ਤੋਂ ਕੀਤਾ ਬਾਹਰ
ਪੰਜਾਬੀ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਤੋਂ ਪਹਿਲਾਂ ਹੀ ਲੱਖਾ ਸਿਧਾਣਾ ਆਪਣੇ ਸਾਥੀਆਂ ਨਾਲ ਯੂਨੀਵਰਸਿਟੀ ਪੁੱਜ ਗਿਆ। ਇਸ ਦੌਰਾਨ ਪੁਲਿਸ ਦੀ ਢਿੱਲ ਇੱਥੋਂ ਤੱਕ ਰਹੀ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿੱਚ ਵੀ ਪੁੱਜ ਗਿਆ, ਜਿੱਥੇ ਕਿ ਮੁੱਖ ਮੰਤਰੀ ਵੱਲੋਂ ਸੰਬੋਧਨ ਕਰਨਾ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਨੂੰ ਹਾਲ ’ਚੋਂ ਬਾਹਰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਹਿਰਾਸਤ ’ਚ ਲੈ ਕੇ ਯੂਨੀਵਰਸਿਟੀ ਤੋਂ ਬਾਹਰ ਲਿਜਾਇਆ ਗਿਆ। ਇਸੇ ਦੌਰਾਨ ਲੱਖਾ ਸਿਧਾਣਾ ਵੱਲੋਂ ਸ਼ੋਸਲ ਮੀਡੀਆ ’ਤੇ ਪੋਸਟ ਪਾਈ ਗਈ ਕਿ ਉਹ ਅੱਜ ਪੰਜਾਬ ਦੇ ਮੁੱਦਿਆਂ ’ਤੇ ਮੁੱਖ ਮੰਤਰੀ ਦਾ ਵਿਰੋਧ ਕਰਨ ਪੁੱਜਿਆ ਸੀ, ਪਰ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਾਲ ’ਚ ਬੈਠੇ ਲੋਕਾਂ ਦੀ ਵੀ ਕੀਤੀ ਫਰੋਲਾ ਫਰੋਲੀ
ਯੂਨੀਵਰਸਿਟੀ ਵਿਖੇ ਹੋਏ ਭਾਰੀ ਵਿਰੋਧ ਤੋਂ ਬਾਅਦ ਪੁਲਿਸ ਵੱਲੋਂ ਗੁਰੂ ਤੇਗ ਬਹਾਦਰ ਹਾਲ ਵਿਖੇ ਬੈਠੇ ਹੋਏ ਸੈਂਕੜੇ ਲੋਕਾਂ ਦੀ ਵੀ ਫਰੋਲਾ ਫਰੋਲੀ ਕਰਨੀ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੂੰ ਡਰ ਸੀ ਕਿ ਕਿਤੇ ਪ੍ਰਦਰਸ਼ਨਕਾਰੀ ਇੱਥੇ ਨਾ ਬੈਠੇ ਹੋਣ ਅਤੇ ਜਦੋਂ ਮੁੱਖ ਮੰਤਰੀ ਪੁੱਜਣ ਅਤੇ ਵਿਰੋਧ ਨਾ ਕਰ ਦੇਣ। ਪੁਲਿਸ ਵੱਲੋਂ ਕਾਲੇ ਕੱਪੜੇ ਪਾਈ ਬੈਠੇ ਲੋਕਾਂ ਤੋਂ ਜਾਂਚ ਕੀਤੀ ਗਈ। ਪੁਲਿਸ ਦਾ ਕਹਿਣਾ ਸੀ ਕਿ ਇਹ ਸਕਿਊਰਟੀ ਪੱਖ ਤੋਂ ਕਰਨਾ ਪੈ ਰਿਹਾ ਹੈ, ਕਿਉਂਕਿ ਬਾਹਰ ਕਾਫ਼ੀ ਹੰਗਾਮਾ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ