ਮਹਿੰਗਾਈ ਦੀ ਚੱਕੀ ’ਚ ਦਿਨੋਂ-ਦਿਨ ਪਿਸ ਰਿਹੈ ਆਮ ਆਦਮੀ

Inflation

ਗਰੀਬ ਅਤੇ ਮੱਧਵਰਗੀ ਪਰਿਵਾਰ ਇਸ ਵਧ ਰਹੀ ਮਹਿੰਗਾਈ ਵਿੱਚ ਪਿਸ ਰਹੇ ਹਨ। ਮਹਿੰਗਾਈ ਦੀ ਮਾਰ ਕਈ ਲੋਕਾਂ ’ਤੇ ਇਸ ਲਈ ਵੀ ਜ਼ਿਆਦਾ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੀ ਕਮਾਈ ਨਹੀਂ ਵਧ ਰਹੀ, ਉੱਪਰੋਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਰਸੋਈ ਗੈਸ ਅਤੇ ਕਈ ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਗੈਸ ਭਾਵ ਸੀਐੱਨਜੀ ਦੀਆਂ ਕੀਮਤਾਂ ਵੀ ਵਧਦੀਆਂ ਜਾ ਰਹੀਆਂ ਹਨ, ਕਿਹਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਰੂਸ-ਯੂਕਰੇਨ ਜੰਗ ਕਾਰਨ ਤੇਲ ਸਪਲਾਈ ਵਿੱਚ ਰੁਕਾਵਟ ਆਉਣ ਦੀ ਵਜ੍ਹਾ ਨਾਲ ਇਹ ਹਾਲਾਤ ਪੈਦਾ ਹੋਏ ਹਨ।

ਤੇਲ ਦੀਆਂ ਕੀਮਤਾਂ ਵਧਣ ਨਾਲ ਸਿਰਫ ਉਨ੍ਹਾਂ ਲੋਕਾਂ ਦੀ ਜੇਬ੍ਹ ’ਤੇ ਅਸਰ ਨਹੀਂ ਪੈਂਦਾ ਜੋ ਵੱਡੀਆਂ-ਵੱਡੀਆਂ ਗੱਡੀਆਂ ਵਿਚ ਚੱਲਦੇ ਹਨ, ਬਲਕਿ ਦੋਪਹੀਆ, ਤਿੰਨ ਪਹੀਆ ਅਤੇ ਜਨਤਕ ਵਾਹਨਾਂ ਨਾਲ ਚੱਲਣ ਵਾਲਿਆਂ ’ਤੇ ਵੀ ਇਸ ਦਾ ਅਸਰ ਪੈਂਦਾ ਹੈ। ਮਾਲ ਦੀ ਢੋਆ-ਢੁਆਈ ਦਾ ਖਰਚ ਵਧਦਾ ਹੈ ਤਾਂ ਉਸ ਦੀ ਮਾਰ ਹਰ ਵਰਗ ’ਤੇ ਪੈਂਦੀ ਹੈ। ਖਪਤਕਾਰ ਵਸਤਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ।

ਮਨੁੱਖ ਦੀ ਮੁੱਖ ਲੋੜ ਰੋਟੀ, ਕੱਪੜਾ ਤੇ ਮਕਾਨ ਹੁੰਦੀ ਹੈ। ਅਰਥਸ਼ਾਸਤਰੀਆਂ ਅਨੁਸਾਰ ਦੇਸ਼ ਦੀ ਖੁਸ਼ਹਾਲੀ ਲਈ ਹਰ ਇੱਕ ਮਨੁੱਖ ਨੂੰ ਭੋਜਨ ਮਿਲਣਾ ਜ਼ਰੂਰੀ ਹੈ। ਭਾਰਤ ਦੇਸ਼ ਵਿੱਚ ਕੱਪੜਾ ਮਕਾਨ ਤਾਂ ਛੱਡੋ ਇੱਥੇ ਕਈ ਨਾਗਰਿਕ ਰਾਤ ਨੂੰ ਭੁੱਖੇ ਸੌਂਦੇ ਹਨ। ਮਹਿੰਗਾਈ ਦੀ ਸਮੱਸਿਆ ਨੇ ਸੰਸਾਰ ਭਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚੀਜ਼ਾਂ ਦੀਆਂ ਕੀਮਤਾਂ ਵਿਚ ਇੰਨੇ ਵਾਧੇ ਹੋ ਰਹੇ ਹਨ ਕਿ ਗ਼ਰੀਬ ਆਦਮੀ ਲਈ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ, ਕੀਮਤਾਂ ਦੇ ਵਾਧੇ ਨੇ ਬੜਾ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵਿੱਚ ਮਹਿੰਗਾਈ ਦੀ ਸਮੱਸਿਆ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪਹਿਲੀ ਪੰਜ ਸਾਲਾ ਯੋਜਨਾ ਵਿਚ ਇਸ ਵਿਰੁੱਧ ਕਈ ਕਦਮ ਚੁੱਕੇ ਗਏ, ਦੂਜੀ ਪੰਜ ਸਾਲਾ ਯੋਜਨਾ ਤੋਂ ਬਾਅਦ ਪਹਿਲਾਂ ਨਾਲੋਂ ਮਹਿੰਗਾਈ ਵਿਚ ਕਾਫੀ ਵਾਧਾ ਹੋਇਆ। ਤੀਜੀ ਪੰਜ ਸਾਲਾ ਯੋਜਨਾ ਵਿਚ ਵੀ ਇਸੇ ਤਰ੍ਹਾਂ ਹੀ ਰਿਹਾ। ਚੀਨ ਤੇ ਪਾਕਿਸਤਾਨ ਦੇ ਹਮਲਿਆਂ ਨੇ ਵੀ ਮਹਿੰਗਾਈ ਵਿੱਚ ਵਾਧਾ ਕੀਤਾ, ਹਰ ਯੋਜਨਾ ਤੋਂ ਬਾਅਦ ਕੀਮਤਾਂ ਵਿੱਚ ਵਾਧਾ ਹੁੰਦਾ ਰਿਹਾ, ਕੁਦਰਤੀ ਆਫ਼ਤਾਂ, ਜੰਗਾਂ ਤੇ ਭਿ੍ਰਸ਼ਟਾਚਾਰ ਨੇ ਇਸ ਨੂੰ ਭਿਆਨਕ ਰੂਪ ਦੇ ਦਿੱਤਾ।

ਸਰਕਾਰਾਂ ਦੀਆਂ ਬਹੁਤੀਆਂ ਰਾਹਤ ਸਕੀਮਾਂ ਵੱਡੇ ਅਤੇ ਮੱਧ ਦਰਜੇ ਦੇ ਸਨਅਤਕਾਰਾਂ ਨੂੰ ਰਾਹਤ ਪਹੁੰਚਾਉਣ ਤੱਕ ਸੀਮਤ ਰਹੀਆਂ ਹਨ। ਆਰਥਿਕ ਮਾਹਿਰਾਂ ਅਨੁਸਾਰ ਇਨ੍ਹਾਂ ਸਕੀਮਾਂ ਨਾਲ ਸਨਅਤਕਾਰਾਂ ਨੂੰ ਫਾਇਦਾ ਹੋਇਆ ਹੈ ਪਰ ਨਾਲ ਹੀ ਬਹੁਤ ਸਾਰਾ ਪੈਸਾ ਵਿੱਤੀ ਮੰਡੀਆਂ ਵਿੱਚ ਚਲਾ ਗਿਆ, ਜਿਸ ਕਾਰਨ ਸੈਂਸੇਕਸ ਤਾਂ ਵਧ ਰਿਹਾ ਪਰ ਮਜ਼ਦੂਰਾਂ ਅਤੇ ਘੱਟ ਸਾਧਨਾਂ ਵਾਲੇ ਹੋਰ ਲੋਕਾਂ ਦੀ ਆਮਦਨ ਘਟ ਰਹੀ ਹੈ। ਜਿਸ ਕਾਰਨ ਮੰਡੀ ਵਿਚ ਮੰਗ ਨਹੀਂ ਵਧ ਰਹੀ, ਕਈ ਵਾਰ ਦਲੀਲ ਦਿੱਤੀ ਜਾਂਦੀ ਹੈ ਕਿ ਸੂਬਾ ਸਰਕਾਰਾਂ ਨੂੰ ਲੋਕਾਂ ਦੀ ਹੋਰ ਸਹਾਇਤਾ ਕਰਨੀ ਚਾਹੀਦੀ ਹੈ ਪਰ ਬਹੁਤੀਆਂ ਸੂਬਾ ਸਰਕਾਰਾਂ ਕੋਲ ਵਿੱਤੀ ਸਾਧਨ ਬਹੁਤ ਘੱਟ ਹਨ ਤੇ ਸਿਹਤ ਤੇ ਸਿੱਖਿਆ ਖੇਤਰਾਂ ਦਾ ਜ਼ਿਆਦਾ ਖਰਚ ਸੂਬਾ ਸਰਕਾਰਾਂ ਕਰਦੀਆਂ ਹਨ।

ਕੇਂਦਰ ਸਰਕਾਰ ਕੋਲ ਵਿੱਤੀ ਸੋਮੇ ਜ਼ਿਆਦਾ ਹਨ ਅਤੇ ਉਹ ਕਈ ਵਿੱਤੀ ਪਹਿਲਕਦਮੀਆਂ, ਜਿਵੇਂ ਮਨਰੇਗਾ ਜਿਹੀਆਂ ਸਕੀਮਾਂ ਵਿੱਚ ਖਰਚ ਵਧਾ ਕੇ ਲੋੜਵੰਦ ਲੋਕਾਂ ਤੱਕ ਪੈਸਾ ਪਹੁੰਚਾ ਸਕਦੀ ਹੈ। ਸਰਕਾਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਅਦਾਰਿਆਂ ਦੇ ਹਿੱਤ ਵਿੱਚ ਜਾਂਦੀਆਂ ਹਨ ਅਤੇ ਇਸ ਸਬੰਧ ਵਿਚ ਭੋਜਨ ਵਿਚ ਵਰਤੇ ਜਾਣ ਵਾਲੇ ਤੇਲਾਂ ਦੀਆਂ ਵਧਦੀਆਂ ਕੀਮਤਾਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਜਿਸ ਦਾ ਫ਼ਾਇਦਾ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਹੋਇਆ ਹੈ। ਵਿਰੋਧੀ ਪਾਰਟੀਆਂ ਤੇ ਜਮਹੂਰੀ ਤਾਕਤਾਂ ਨੂੰ ਦਬਾਅ ਬਣਾਉਣ ਦੀ ਜਰੂਰਤ ਹੈ ਤਾਂ ਕਿ ਮਹਿੰਗਾਈ ਰੋਕਣ ਲਈ ਕੇਂਦਰ ਵੱਲੋਂ ਨੀਤੀਗਤ ਫੈਸਲੇ ਕੀਤੇ ਜਾਣ।

ਵਧਦੀ ਹੋਈ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਨਾਲ ਦੇਸ਼ ਦੇ ਆਰਥਿਕ ਨਿਵੇਸ਼ ’ਤੇ ਵੀ ਅਸਰ ਪੈਂਦਾ ਹੈ, ਆਮਦਨ ਘੱਟ ਅਤੇ ਖਰਚੇ ਵਧੇਰੇ ਹੋਣ ਕਾਰਨ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਵੀ ਹੋਂਦ ਵਿੱਚ ਆ ਜਾਂਦੀਆਂ ਹਨ ਜਿਵੇਂ ਭਿ੍ਰਸ਼ਟਾਚਾਰੀ, ਕਾਲਾ ਧਨ, ਚੋਰ ਬਜ਼ਾਰੀ ਆਦਿ। ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਪਰ ਸਾਡੇ ਦੇਸ਼ ਭਾਰਤ ਵਿੱਚ ਤਾਂ ਇਸ ਨੇ ਇੱਕ ਵਿਕਰਾਲ ਰੂਪ ਧਾਰਨ ਕਰ ਲਿਆ ਹੈ।

ਹੋਰ ਤਾਂ ਹੋਰ ਸਾਡੀ ਰੋਟੀ, ਕੱਪੜੇ ਆਦਿ ਦੇ ਭਾਅ ਕਈ ਗੁਣਾਂ ਵਧ ਗਏ ਹਨ। ਹਰ ਵਿਅਕਤੀ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਵਾਧਾ ਹੱਦਾਂ-ਬੰਨੇ ਟੱਪ ਰਿਹਾ ਹੈ, ਅੱਜ ਹਰ ਚੀਜ਼ ਦੇ ਭਾਅ ਨੂੰ ਅੱਗ ਲੱਗ ਰਹੀ ਹੈ। ਮਹਿੰਗਾਈ ’ਤੇ ਕਾਬੂ ਪਾ ਕੇ ਹੀ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਹੋ ਸਕਦੀ ਹੈ। ਜੇਕਰ ਸਮੱਸਿਆਵਾਂ ਹਨ ਤਾਂ ਉਨ੍ਹਾਂ ਦੇ ਹੱਲ ਵੀ ਤਾਂ ਹਨ ਅਜਿਹੀਆਂ ਸਥਿਤੀਆਂ ਵਿਚ ਸਰਕਾਰ ਨੂੰ ਬਹੁਤ ਹੀ ਸਾਰਥਿਕ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।

ਜੇਕਰ ਮਹਿੰਗਾਈ ਰੋਕਣ ਦੇ ਉਪਾਅ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਵਧ ਰਹੀ ਅਬਾਦੀ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਆਯਾਤ-ਨਿਰਯਾਤ ਵਿੱਚ ਸੁਧਾਰ ਲਿਆਉਣਾ, ਕਾਲੇ ਧਨ ਦਾ ਖ਼ਾਤਮਾ, ਮੁਦਰਾ ਦੇ ਫੈਲਾਅ ’ਤੇ ਰੋਕ, ਜਮ੍ਹਾਖੋਰਾਂ, ਚੋਰ ਬਜ਼ਾਰੀ, ਸਮੱਗਲਰਾਂ, ਰਿਸ਼ਵਤਖੋਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।

ਬਜਟ ਵਿੱਚ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਕੰਪਨੀਆਂ ਆਪਣੀ ਮਨਮਰਜ਼ੀ ਅਨੁਸਾਰ ਕੀਮਤਾਂ ਨਾ ਵਧਾ ਸਕਣ, ਕੁਦਰਤੀ ਕਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਪ੍ਰਬੰਧ ਕੀਤੇ ਜਾਣ, ਸਰਕਾਰੀ ਖਰਚੇ ਘਟਾਏ ਜਾਣ। ਨਿੱਤ ਪ੍ਰਤੀ ਦੀਆਂ ਵਸਤਾਂ ਦੇ ਭਾਅ ਘੱਟ ਤੋਂ ਘੱਟ ਹੋਣ ਜਿਹੜੇ ਸਰਕਾਰ ਵੱਲੋਂ ਮਿਥੇ ਜਾਣ। ਅਜਿਹੇ ਕੁਝ ਠੋਸ ਕਦਮ ਚੁੱਕ ਕੇ ਉਪਰਾਲੇ ਕੀਤੇ ਜਾਣ ਤਾਂ ਹੋ ਸਕਦਾ ਹੈ ਕਿ ਮਹਿੰਗਾਈ ’ਤੇ ਕਾਬੂ ਪਾ ਲਿਆ ਜਾਵੇ। ਇਨ੍ਹਾਂ ਵਿਚ ਕੇਵਲ ਸਰਕਾਰੀ ਖਰਚੇ ਹੀ ਸੀਮਤ ਕਰ ਦਿੱਤੇ ਜਾਣ ਅਤੇ ਜਮ੍ਹਾਖੋਰਾਂ ਵਿਰੁੱਧ ਮੁਹਿੰਮ ਵਿੱਢੀ ਜਾਵੇ ਤਾਂ ਯਕੀਨਨ ਮਹਿੰਗਾਈ ਦਾ ਖਾਤਮਾ ਹੋ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here