ਚੋਣ ਕਮਿਸ਼ਨ ਨੇ ਦਿੱਤੀ ਇਜਾਜ਼ਤ, ਪੰਜਾਬ ਸਰਕਾਰ ਜਲਦ ਹੀ ਮੁਹੱਇਆ ਕਰਵਾਏਗੀ ਬੁਲੇਟ ਪਰੂਫ਼ ਗੱਡੀ
ਕਰੋੜਾਂ ਦੀ ਗੱਡੀ ਦਾ ਰੋਜ਼ਾਨਾ ਕਿਰਾਇਆ ਦੇਣਾ ਪਏਗਾ ਪਰਨੀਤ ਕੌਰ ਨੂੰ, ਕਿਰਾਇਆ ਤੈਅ ਕਰੇਗੀ ਸਰਕਾਰ
ਕੇਂਦਰੀ ਚੋਣ ਕਮਿਸ਼ਨ ਤੋਂ ਪਰਨੀਤ ਕੌਰ ਨੇ ਮੰਗੀ ਸੀ ਇਜਾਜ਼ਤ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਭਰ ਦੇ ਲੋਕਾਂ ਦੀ ਸੁਰੱਖਿਆ ਦਾ ਜਿੰਮਾ ਆਪਣੇ ਸਿਰ ‘ਤੇ ਲਈ ਬੈਠੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਹੀ ਪੰਜਾਬ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਬੂਲੇਟ ਪਰੂਫ਼ ਗੱਡੀ ਦੀ ਮੰਗ ਕਰ ਦਿੱਤੀ ਹੈ। ਪਰਨੀਤ ਕੌਰ ਦੀ ਇਸ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਂ ਬੂਲੇਟ ਪਰੂਫ਼ ਗੱਡੀ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਹ ਬੂਲੇਟ ਪਰੂਫ਼ ਗੱਡੀ ਦੀ ਸੁਰੱਖਿਆ ਦੇਣ ਲਈ ਪਰਨੀਤ ਕੌਰ ਤੋਂ ਰੋਜ਼ਾਨਾ ਕਿਰਾਇਆ ਵਸੂਲ ਕੀਤਾ ਜਾਏਗਾ। ਇਹ ਕਿਰਾਇਆ ਕਿੰਨਾ ਹੋਏਗਾ, ਇਸ ਸਬੰਧੀ ਫੈਸਲਾ ਪੰਜਾਬ ਸਰਕਾਰ ਨੇ ਹੀ ਲੈਣਾ ਹੈ
ਪਰਨੀਤ ਕੌਰ ਨੂੰ ਬੂਲੇਟ ਪਰੂਫ਼ ਗੱਡੀ ਮੁਹੱਈਆ ਕਰਵਾਉਣ ਤੇ ਸਫ਼ਰ ਕਰਨ ਦੀ ਇਜਾਜ਼ਤ ਕੇਂਦਰੀ ਚੋਣ ਕਮਿਸ਼ਨ ਵੱਲੋਂ ਵੀ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਸੰਭਾਵੀ ਉਮੀਦਵਾਰ ਹੈ, ਜਿਨ੍ਹਾਂ ਦੇ ਨਾਂਅ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਉਨ੍ਹਾਂ ਵੱਲੋਂ ਬੀਤੇ ਦਿਨੀਂ ਕੇਂਦਰੀ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਦੇ ਹੋਏ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਬੂਲੇਟ ਪਰੂਫ਼ ਗੱਡੀ ਮੁਹੱਈਆ ਕਰਵਾਉਣ ਦੇ ਨਾਲ ਹੀ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਪਰਨੀਤ ਕੌਰ ਵੱਲੋਂ ਬੂਲੇਟ ਪਰੂਫ਼ ਗੱਡੀ ਲੈਣ ਪਿੱਛੇ ਆਪਣੇ ਸੁਰੱਖਿਆ ਕਾਰਨਾਂ ਦਾ ਜਿਕਰ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਪਰਨੀਤ ਕੌਰ ਆਪਣੇ ਆਪ ਨੂੰ ਹੀ ਪੰਜਾਬ ‘ਚ ਸੁਰੱਖਿਅਤ ਮੰਨ ਕੇ ਨਹੀਂ ਚੱਲ ਰਹੇ ਹਨ। ਉਨ੍ਹਾਂ ਨੂੰ ਰੋਜ਼ਾਨਾ ਤੈਅ ਕੀਤਾ ਗਿਆ ਗਿਆ ਕਿਰਾਇਆ ਪੰਜਾਬ ਸਰਕਾਰ ਨੂੰ ਦੇਣ ਦੇ ਨਾਲ ਹੀ ਇਸ ਬਾਰੇ ਜਾਣਕਾਰੀ ਚੋਣ ਕਮਿਸ਼ਨ ਨੂੰ ਵੀ ਹਫਤਾਵਾਰੀ ਦੇਣੀ ਪਏਗੀ, ਕਿਉਂਕਿ ਬੂਲੇਟ ਪਰੂਫ਼ ਗੱਡੀ ਵਿੱਚ ਸਫ਼ਰ ਕਰਨ ‘ਤੇ ਆਉਣ ਵਾਲਾ ਸਾਰਾ ਖ਼ਰਚ ਪਰਨੀਤ ਕੌਰ ਦੇ ਚੋਣ ਖ਼ਰਚ ਵਿੱਚ ਵੀ ਜੋੜਿਆ ਜਾਏਗਾ। ਇਸ ਲਈ ਉਨ੍ਹਾਂ ਨੂੰ ਆਪਣੇ ਚੋਣ ਖ਼ਰਚ ਵਿੱਚ ਇਸ ਕਿਰਾਏ ਨੂੰ ਜੋੜਦੇ ਹੋਏ ਚੋਣ ਕਮਿਸ਼ਨ ਨੂੰ ਜਾਣਕਾਰੀ ਵੀ ਦੇਣੀ ਪਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।