ਪਹਿਲੀ ਸ਼੍ਰੇਣੀ ਦਾ ਸਰਟੀਫਿਕੇਟ ਕੀਤਾ ਹਾਸਲ, 500 ’ਚੋਂ 500 ਅੰਕ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦਾ ਸ਼ਹਿਰ ਸਵੱਛਤਾ ਸਰਵੇਖਣ 2021 ਦੇ ਸੌਚ ਮੁਕਤ (ਓਡੀਐਫ) ਵਿਸ਼ੇ ’ਚੋਂ ਦੇਸ਼ ਭਰ ਅੰਦਰੋਂ ਪਹਿਲੇ ਸਥਾਨ ’ਤੇ ਆਇਆ ਹੈ। ਕੇਂਦਰ ਸਰਕਾਰ ਨੇ ਪਟਿਆਲਾ ਨੂੰ ਖੁੱਲੇ ਵਿੱਚ ਸੌਚ ਮੁਕਤ ਹੋਣ ਲਈ ਪਹਿਲੀ ਸ਼੍ਰੇਣੀ ਦਾ ਸਰਟੀਫਿਕੇਟ ਜਾਰੀ ਕੀਤਾ ਹੈ, ਜਿਸ ਵਿੱਚ 500 ’ਚੋਂ 500 ਅੰਕ ਦਿੱਤੇ ਹਨ। ਇਸ ਸਰਟੀਫਿਕੇਟ ਨੂੰ ਹਾਸਲ ਕਰਨ ਲਈ ਨਗਰ ਨਿਗਮ ਬੀਤੇ ਸਾਲ ਤੋਂ ਮਿਹਨਤ ਕਰ ਰਿਹਾ ਸੀ। ਇਸ ਸਰਟੀਫਿਕੇਟ ਨੂੰ ਹਾਸਲ ਕਰਨ ਤੋਂ ਬਾਅਦ ਨਗਰ ਨਿਗਮ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਸਵੱਛਤਾ ਸਰਵੇਖਣ 2021 ਵਿੱਚ ਆਪਣੀ ਰੈਂਕਿੰਗ ਨੂੰ ਬੀਤੇ ਸਾਲਾਂ ਦੀ ਤੁਲਨਾ ਵਿੱਚ ਹੋਰ ਚੰਗਾ ਕਰ ਸਕੇਗਾ।
ਦੱਸਣਯੋਗ ਹੈ ਕਿ ਸ਼ਹਿਰ ਨੂੰ ਸੌਚ ਮੁਕਤ ਕਰਨ ਲਈ ਨਿਗਮ ਨੇ ਬੀਤੇ ਕਰੀਬ ਇੱਕ ਸਾਲ ਵਿੱਚ 43 ਨਵੇਂ ਸਿਟੀ ਟੁਆਇਲਟ ਸਥਾਪਤ ਕਰਨ ਦੇ ਨਾਲ ਦਰਜਨ ਭਰ ਟੁਆਇਲਟ ਨੂੰ ਨਵਾਂ ਰੂਪ ਦਿੱਤਾ ਹੈ। ਇਸ ਸਮੇਂ ਸ਼ਹਿਰ ਵਿੱਚ ਪਬਲਿਕ ਟੁਆਇਲਟ ਦੀ ਗਿਣਤੀ 82 ਹੈ। ਇਸਦੇ ਨਾਲ ਹੀ ਲੋਕਾਂ ਨੂੰ ਖੁੱਲੇ੍ਹ ਵਿੱਚ ਸੌਚ ਨਾ ਜਾਣ ਸਬੰਧੀਜਾਗਰੂਕ ਕੀਤਾ ਗਿਆ। ਸਵੱਛਤਾ ਸਰਵੇਖਣ ਟੀਮ ਨੇ ਪਟਿਆਲਾ ਦਾ ਦੌਰਾ ਕਰਨ ਤੋਂ ਬਾਅਦ ਮਾਪਦੰਡਾਂ ਅਨੁਸਾਰ ਸੌਚ ਮੁਕਤ ’ਤੇ ਸ਼ਲਾਘਾਯੋਗ ਕੰਮ ਦਰਜ ਕੀਤਾ। ਇਸਦੇ ਅਧਾਰ ’ਤੇ ਪਟਿਆਲਾ ਨੂੰ ਓਡੀਐਫ ਦੇ 500 ਅੰਕਾਂ ਵਿਚੋਂ 500 ਅੰਕ ਮਿਲੇ। ਨਿਗਮ ਦਾ ਕਹਿਣਾ ਹੈ ਕਿ ਸ਼ਹਿਰ ਦੇ 60 ਵਾਰਡਾਂ ਵਿੱਚ ਇਸ ਸਮੇਂ ਕੋਈ ਵੀ ਵਿਅਕਤੀ ਖੁੱਲ੍ਹੇ ਵਿੱਚ ਸੌਚ ਨਹੀਂ ਜਾਂਦਾ।
ਜਿਨ੍ਹਾਂ ਸਲੱਮ ਇਲਾਕਿਆਂ ਵਿੱਚ ਪਖਾਨੇ ਦਾ ਪ੍ਰਬੰਧ ਨਿਗਮ ਨਹੀਂ ਕਰ ਸਕਿਆ ਸੀ, ਉਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸਦੇ ਨਾਲ ਹੀ ਹਰੇਕ ਪਖਾਨੇ ਨੂੰ ਪ੍ਰਮੁੱਖ ਸੀਵਰੇਜ ਲਾਈਨ ਨਾਲ ਜੋੜਿਆ ਗਿਆ ਹੈ। ਸਾਢੇ ਪੰਜ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਰੋਜਾਨਾ ਕਰੀਬ 50 ਤੋਂ 60 ਐਮਐਲਡੀ ਸੀਵਰੇਜ ਨੂੰ ਵੱਖ-ਵੱਖ ਸੀਵਰੇਜ ਲਾਇਨਾਂ ਰਾਹੀਂ ਸ਼ੇਰਮਾਜਰਾ ਪਿੰਡ ਦੇ ਕੋਲ ਸਥਾਪਤ 46 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪਹੰੁਚਾਇਆ ਜਾ ਰਿਹਾ ਹੈ। ਜਿੱਥੋਂ ਸੀਵਰੇਜ ਦੇ ਪਾਣੀ ਨੂੰ ਸਾਫ ਕਰਨ ਤੋਂ ਬਾਅਦ ਉਸਨੂੰ ਅੱਗੇ ਬਰਾਸਤੀ ਨਾਲਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ।
ਸ਼ਹਿਰ ਵਿੱਚ ਸੀਵਰੇਜ ਕਨੈਕਸ਼ਨਾਂ ਦੀ ਵਧੀ ਗਿਣਤੀ ਨੂੰ ਦੇਖਦਿਆਂ 14 ਐਮਐਲਡੀ ਦੀ ਸਮਰੱਥਾ ਵਾਲਾ ਇੱਕ ਨਵਾਂ ਸੀਵਰੇਜ ਟਰੀਟਮੈਂਟ ਪਲਾਂਟ ਸ਼ੇਰਮਾਜਰਾ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਅਬਲੋਵਾਲ ਵਿੱਚ ਵੀ 10 ਐਮਐਲਡੀ ਦਾ ਇੱਕ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਗਿਆ ਹੈ। ਔਰਤਾਂ ਲਈ ਸਥਾਪਤ ਪਬਲਿਕ ਟੁਆਇਲਟ ਵਿੱਚ ਸਨੇਟਰੀ ਵੈਂਡਿੰਗ ਮਸ਼ੀਨਾਂ ਨੂੰ ਸਥਾਪਤ ਕੀਤਾ ਗਿਆ ਹੈ। ਵਰਤੋਂ ਕੀਤੇ ਗਏ ਸੈਨੇਟਰੀ ਪੈਡ ਨੂੰ ਨਸ਼ਟ ਕਰਨ, ਪੇਪਰ ਨੈਪਕਿਨ, ਸਨੇਟਾਈਜਰ, ਤਰਲ ਸਾਬਣ, ਵੈਂਟੀਨੇਸ਼ਨ, ਸਫਾਈ ਤੇ ਲਾਈਟ ਦਾ ਹਰ ਇੱਕ ਪਖਾਨੇ ਵਿੱਚ ਖਾਸ ਧਿਆਨ ਰੱਖਿਆ ਗਿਆ ਹੈ।
ਸ਼ਹਿਰ ਵਾਸੀ ਵੱਧ ਤੋਂ ਵੱਧ ਹੋਰ ਵੀ ਸਹਿਯੋਗ ਦੇਣ
ਨਿਗਮ ਨੂੰ ਰਾਸ਼ਟਰੀ ਪੱਧਰ ’ਤੇ ਪਹਿਲੀ ਸ਼ੇ੍ਰਣੀ ਦਾ ਸਰੀਟੀਫਿਕੇਟ ਮਿਲਣ ’ਤੇ ਸਾਂਸਦ ਪ੍ਰਨੀਤ ਕੌਰ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ, ਨਿਗਮ ਕਮਿਸ਼ਨਰ ਪੂਨਮਦੀਪ ਕੌਰ ਤੇ ਉਨ੍ਹਾਂ ਦੀ ਟੀਮ ਦੇ ਨਾਲ ਸ਼ਹਿਰ ਵਾਸੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਮੇਅਰ ਸੰਜੀਵ ਬਿੱਟੂ ਅਤੇ ਨਿਗਮ ਕਮਿਸ਼ਨਰ ਪੂਨਮੀਦਪ ਕੌਰ ਦਾ ਕਹਿਣਾ ਹੈ ਕਿ ਅੱਵਲ ਸ਼੍ਰੇਣੀ ਦਾ ਸਰਟੀਫਿਕੇਟ ਨਿਗਮ ਟੀਮ ਨੂੰ ਓਵਰ ਆਲ ਰੈਂਕਿੰਗ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਹਰੇਕ ਜਰੂਰੀ ਸੁਵਿਧਾ ਦੇਣ ਲਈ ਨਿਗਮ ਪਟਿਆਲਾ ਪੂਰੀ ਤਰ੍ਹਾਂ ਵਚਨਬੱਧ ਹੈ। ਸ਼ਹਿਰ ਨੂੰ ਸਵੱਛਤਾ ਤੇ ਕੂੜੇ ਦੀ ਸਹੀ ਸੰਭਾਲ ਵਿੱਚ ਅੱਵਲ ਲਿਆਉਣ ਲਈ ਹਰੇਕ ਸ਼ਹਿਰ ਵਾਸੀ ਦਾ ਸਹਿਯੋਗ ਜਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.