ਮੁੱਖ ਮੰਤਰੀ ਨੇ ਕਿਹਾ ‘ਆਓ ਬੈਠੋ’, ਜਲਾਲਪੁਰ ਨੇ ਕਿਹਾ,‘ਮੈਂ ਆਰਐਸਐਸ ਦੇ ਬੰਦੇ ਨਾਲ ਨਹੀਂ ਬੈਠਣਾ’

MLA Jalalpur Sachkahoon

ਮੁੱਖ ਮੰਤਰੀ ਸਾਹਮਣੇ ਵਿਧਾਇਕ ਜਲਾਲਪੁਰ ਹੋਏ ਤੱਤੇ, ਵਾਇਸ ਚਾਂਸਲਰ ਨੂੰ ਦੱਸਿਆ ਆਰਐਸਐਸ ਦਾ ਬੰਦਾ

ਵਾਇਸ ਚਾਂਸਲਰ ਨੇ ਵਿਧਾਇਕ ਜਲਾਲਪੁਰ ਨੂੰ ਸਟੇਜ ’ਤੇ ਬੈਠਣ ਤੋਂ ਰੋਕਿਆ, ਫਿਰ ਭੜਕੇ ਜਲਾਲਪੁਰ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜਰੀ ’ਚ ਅੱਜ ਉਸ ਸਮੇਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੱਤੇ ਹੋ ਗਏ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਉਨ੍ਹਾਂ ਨੂੰ ਸਟੇਜ ’ਤੇ ਬੈਠਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਜਲਾਲਪੁਰ ਵੱਲੋਂ ਇਸ ਦਾ ਵਿਰੋਧ ਕਰਦਿਆਂ ਵਾਇਸ ਚਾਂਸਲਰ ਨੂੰ ਆਰਐਸਐਸ ਦਾ ਬੰਦਾ ਗਰਦਾਨ ਦਿੱਤਾ ਅਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਵੀ.ਸੀ. ਲਗਾਇਆ ਹੋਇਆ ਹੈ। ਇਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਮਹੌਲ ਨੂੰ ਲਗਾਤਾਰ ਖ਼ਰਾਬ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਵੱਲੋਂ ਜਲਾਲਪੁਰ ਨੂੰ ਸਟੇਜ ’ਤੇ ਬੈਠਣ ਲਈ ਕਿਹਾ ਤਾਂ ਉਨ੍ਹਾਂ ਕੋਰਾ ਜਵਾਬ ਦਿੰਦਿਆਂ ਆਖ ਦਿੱਤਾ ਕਿ ਉਹ ਆਰਐਸਐਸ ਦੇ ਵਿਅਕਤੀ ਨਾਲ ਨਹੀਂ ਬੈਠਣਗੇ।

ਜਾਣਕਾਰੀ ਅਨੁਸਾਰ ਇਹ ਮਹੌਲ ਉਸ ਸਮੇਂ ਪੈਦਾ ਹੋਇਆ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਨੀਵਰਸਿਟੀ ਲਈ ਅਹਿਮ ਐਲਾਨ ਕਰਨ ਸਬੰਧੀ ਪਹਿਲਾਂ ਕਾਨਫਰੰਸ ਨੂੰ ਸੰਬੋਧਨ ਕਰਨਾ ਜ਼ਰੂਰੀ ਸਮਝਿਆ। ਹਾਲ ’ਚ ਬੈਠੇ ਪੱਤਰਕਾਰਾਂ ਨੂੰ ਕਾਨਫਰੰਸ ਲਈ ਵਿਸ਼ੇਸ ਹਾਲ ’ਚ ਲਿਜਾਇਆ ਗਿਆ ਅਤੇ ਉੱਥੇ ਸਟੇਜ ’ਤੇ ਚਾਰ ਕੁਰਸੀਆਂ ਹੀ ਲੱਗੀਆਂ ਹੋਈਆਂ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਟੇਜ ’ਤੇ ਬੈਠੇ ਗਏ ਅਤੇ ਜਦੋਂ ਵਿਧਾਇਕ ਮਦਨ ਲਾਲ ਜਲਾਲਪੁਰ ਸਟੇਜ ਵੱਲ ਜਾਣ ਲੱਗੇ ਤਾਂ ਵਾਇਸ ਚਾਂਸਲਰ ਡਾ. ਅਰਵਿੰਦ ਵੱਲੋਂ ਉਨ੍ਹਾਂ ਨੂੰ ਇਸ਼ਾਰਾ ਕਰਦਿਆਂ ਸਟੇਜ ’ਤੇ ਬੈਠਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਵਿਧਾਇਕ ਜਲਾਲਪੁਰ ਵੀ.ਸੀ. ਦੀ ਇਸ ਹਰਕਤ ’ਤੇ ਗਰਮ ਹੋ ਗਏ।

ਉਨ੍ਹਾਂ ਮੁੱਖ ਮੰਤਰੀ ਚੰਨੀ ਅਤੇ ਵਿੱਤ ਮੰਤਰੀ ਬਾਦਲ ਤੇ ਸਾਹਮਣੇ ਹੀ ਵਾਇਸ ਚਾਂਸਲਰ ਨੂੰ ਆਰ.ਐਸ.ਐਸ. ਦਾ ਵਿਅਕਤੀ ਆਖ ਦਿੱਤਾ ਅਤੇ ਕਿਹਾ ਕਿ ਅਜਿਹੇ ਲੋਕਾਂ ਦੀ ਬਦੌਲਤ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਇਸ ਚਾਂਸਲਰ ਕਾਰਨ ਯੂਨੀਵਰਸਿਟੀ ਦਾ ਮਹੌਲ ਖਰਾਬ ਹੋਇਆ ਪਿਆ ਹੈ ਅਤੇ ਅੱਜ ਯੂਨੀਵਰਸਿਟੀ ’ਚ ਕੀ ਕੁਝ ਹੋਇਆ ਹੈ, ਇਹ ਇਨ੍ਹਾਂ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀ.ਸੀ. ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਇਆ ਗਿਆ ਹੈ ਜੋ ਕਿ ਭਾਜਪਾ ਅਤੇ ਆਰਐਸਐਸ ਦਾ ਬੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਲੋਕਾਂ ਨੂੰ ਅਹੁਦਿਆਂ ’ਤੇ ਬਿਠਾਇਆ ਜਾਵੇਗਾ ਤਾਂ ਅਜਿਹਾ ਕੁਝ ਹੀ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਜਲਾਲਪੁਰ ਨੂੰ ਠੰਢਾ ਕਰਦਿਆਂ ਉੱਪਰ ਬੈਠਣ ਲਈ ਕਿਹਾ, ਪਰ ਉਨ੍ਹਾਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਹ ਆਰਐਸਐਸ ਦੇ ਬੰਦੇ ਨਾਲ ਨਹੀਂ ਬੈਠੇਗਾ। ਇਸ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਹੀ ਬੈਠ ਗਏ। ਪ੍ਰੈਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਵਿਧਾਇਕ ਜਲਾਲਪੁਰ ਨੂੰ ਉਨ੍ਹਾਂ ਦੇ ਪੁੱਤਰ ਵੱਲੋਂ ਲਿਜਾਇਆ ਗਿਆ। ਉਹ ਸਮਾਗਮ ਵਿੱਚ ਵੀ ਸ਼ਾਮਲ ਨਹੀਂ ਹੋਏ ਅਤੇ ਪੂਰੀ ਤਰ੍ਹਾਂ ਗੁੱਸੇ ’ਚ ਸਨ।

ਆਪਣੇ ਦਫ਼ਤਰ ’ਚ ਚਾਹ ਪਿਆਈ, ਪੂਰਾ ਸਤਿਕਾਰ ਕੀਤਾ : ਡਾ. ਅਰਵਿੰਦ

ਇਸ ਮਾਮਲੇ ਸਬੰਧੀ ਜਦੋਂ ਵਾਇਸ ਚਾਂਸਲਰ ਡਾ. ਅਰਵਿੰਦ ਨਾਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਸੇ ਪ੍ਰਕਾਰ ਦਾ ਸੱਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸੇ ਹਿਸਾਬ ਨਾਲ ਹੀ ਕੁਰਸੀਆਂ ਲਗਾਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਮੁੱਖ ਮੰਤਰੀ ਸਾਹਿਬ, ਵਿੱਤ ਮੰਤਰੀ ਸਾਹਿਬ, ਵਿਧਾਇਕ ਮਦਨ ਜਲਾਲਪੁਰ ਅਤੇ ਹਰਿੰਦਰਪਾਲ ਹੈਰੀਮਾਨ ਨਾਲ ਚਾਹ ਪੀਤੀ ਤੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਗਿਆ ਹੈ। ਵਾਇਸ ਚਾਂਸਲਰ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਕੱਲ੍ਹ ਨੂੰ ਗੱਲ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ