ਬਚਪਨ ਦੇ ਬਦਲਦੇ ਰੰਗ
ਮਨੁੱਖੀ ਜ਼ਿੰਦਗੀ ਵਿੱਚ ਬਚਪਨ ਖੂਬਸੂਰਤ ਪੜਾਅ ਹੈ ਜੋ ਜਨਮ ਤੋਂ ਅੱਲ੍ਹੜਪੁਣੇ ਤੱਕ ਨਿਭਦਾ ਹੈ। ਬੇਫਿਕਰੀ ਦਾ ਇਹ ਆਲਮ ਬੀਤੇ ਦੀਆਂ ਘਟਨਾਵਾਂ ਤੋਂ ਅਸਹਿਜ ਤੇ ਭਵਿੱਖ ਦੀਆਂ ਯੋਜਨਾਵਾਂ ਤੋਂ ਅਭਿੱਜ ਹੁੰਦਾ ਹੈ ਕਾਇਨਾਤ ਦੇ ਰੰਗਾਂ ਨੂੰ ਰੱਜ ਕੇ ਹੰਡਾਉਣਾ ਇਸ ਦਾ ਵਿਲੱਖਣ ਗੁਣ ਹੈ। ਵਰਤਮਾਨ ਤੇ ਅੱਜ ਵਿੱਚ ਜਿਉਣ ਦਾ ਹੁਨਰ ਹੀ ਬਚਪਨ ਨੂੰ ਜ਼ਿੰਦਗੀ ਦੇ ਬਾਕੀ ਹਿੱਸੇ ਤੋਂ ਵੱਖ ਕਰਦਾ ਹੈ । ਇਹ ਅਸਲੀ, ਸੱਚਾ-ਸੁੱਚਾ, ਪਾਕ-ਸਾਫ ਤੇ ਮੁੜ ਨਾ ਪਰਤਣ ਵਾਲਾ ਜੀਵਨ ਹੈ । ਇਸ ਉਮਰ ਵਿਚਲੀਆਂ ਭੋਲੀਆਂ ਮਨਮਾਨੀਆਂ, ਮਾਸੂਮ ਸ਼ਰਾਰਤਾਂ ਤੇ ਮੋਹ ਲੈਣ ਵਾਲੀਆਂ ਤੋਤਲੀਆਂ ਗੱਲਾਂ ਸਦਕਾ ਸਭਨਾਂ ਦਾ ਪਿਆਰ ਆਪ-ਮੁਹਾਰਾ ਮਿਲਦਾ ਹੈ ਇਹ ਪਲ ਆਪਸੀ ਕਲੇਸ, ਵੈਰ-ਵਿਰੋਧ, ਸਾੜੇ ਤੇ ਈਰਖਾ ਤੋਂ ਆਜਾਦ ਤੇ ਨਿਰਲੇਪ ਹੁੰਦੇ ਹਨ ਜਾਤ-ਪਾਤ ਤੇ ਊਚ-ਨੀਚ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰੀ ਇਸ ਦੀ ਚਮਕ ਨੂੰ ਹੋਰ ਵਧਾਉਂਦੀ ਹੈ
ਬਾਲ ਅਵਸਥਾ ਹੀ ਹੁੰਦੀ ਹੈ ਜਦੋਂ ਬੱਚੇ ਨੂੰ ਬੇਗਾਨਿਆਂ ’ਚ ਵੀ ਆਪਣਿਆਂ ਦਾ ਪਰਛਾਵਾਂ ਝਲਕਦਾ ਹੈ ਤੇ ਜਿਸ ਕਰਕੇ ਹਰ ਮਨੁੱਖੀ ਚਿਹਰਾ ਦੇਖ ਉਹ ਕਿਲਕਾਰੀਆਂ ਤੇ ਤਾੜੀਆਂ ਮਾਰ ਖੁਸ਼ੀ ਮਨਾਉਂਦਾ ਹੈ ਇਸ ਆਉਧ ਬਾਲ ਮਨਾਂ ਵਿੱਚ ਅੱਗ ਨੂੰ ਫੜਨ ਦੀ ਜਿੱਦ, ਬਰਫ ਨੂੰ ਖਾਣ ਦੀ ਭੁੱਖ, ਤਿਤਲੀਆਂ ਮਗਰ ਭੱਜਣ ਦੀ ਕਾਹਲ ਤੇ ਪੰਛੀਆਂ ਵਾਂਗ ਉੱਡਣ ਦੀ ਤਾਂਘ ਬੇਹੱਦ ਭਾਰੂ ਹੁੰਦੀ ਹੈ ਕੀਮਤੀ ਚੀਜਾਂ ਤੇ ਮਹਿੰਗੇ ਖਿਡੌਣੇ ਵਿਸਾਰ ਡੱਕੇ , ਤੀਲੇ , ਕਾਗਜ਼, ਗੱਤੇ, ਰੇਤ-ਮਿੱਟੀ ਤੇ ਪਾਟੀਆਂ ਲੀਰਾਂ ਦੀ ਖਿੱਚ ਬਚਪਨ ਦੇ ਭੋਲੇ-ਭਾਵ ਨੂੰ ਉਜਾਗਰ ਕਰਦੀ ਹੈ । ਪੂਰਾ ਦਿਨ ਖੇਡਣਾ, ਨੱਚਣਾ ਤੇ ਕੁੱਦਣਾ ਸਿਰਫ ਬਚਪਨ ਵਿੱਚ ਹੀ ਸੰਭਵ ਹੈ ਭਾਂਤ-ਭਾਂਤ ਦੀਆਂ ਖੇਡਾਂ ਵਿੱਚੋਂ ਸਹਿਜੇ ਬਣੀਆਂ ਵਿਉਂਤਾ ਤੇ ਦੋਸਤੀਆਂ ਤਾਅ-ਉਮਰ ਸਾਥ ਨਿੱਭਦੀਆਂ ਹਨ।
ਗਲੀਆਂ-ਮੁਹੱਲਿਆਂ ਵਿੱਚੋਂ ਰੋਟੀ ਲਈ ਨਿਆਣੇ ਲੱਭਦੀਆਂ ਮਾਵਾਂ ਦੀ ਭਾਲ ਇਹ ਜਾਹਿਰ ਕਰਦੀ ਸੀ ਕਿ ਮੌਜ-ਮਸਤੀ ਤੇ ਬੇਫਿਕਰੀ ਦੇ ਇਸ ਵਕਤ ਵਿੱਚ ਬੱਚਿਆਂ ਲਈ ਖੇਡਣ ਦੀ ਭੁੱਖ ਢਿੱਡ ਦੀ ਭੁੱਖ ਤੋਂ ਕਿਤੇ ਵਡੇਰੀ ਹੁੰਦੀ ਹੈ ਬਾਂਦਰ-ਕਿੱਲਾ, ਡੰਡਾ-ਡੁੱਕ, ਪਿਲ-ਟਕਾ, ਐਕਸ-ਪ੍ਰੈੱਸ, ਲੁਕਣਮੀਟੀ, ਭੰਡਾ-ਭੰਡਾਰੀਆ, ਗੁੱਲੀ-ਡੰਡਾ, ਚੋਰ-ਪੁਲਿਸ, ਪੀਚੋ, ਗੁੱਡੀ-ਲੁੱਟ ਆਦਿ ਹਰੇਕ ਬੀਹੀ-ਵਿਹੜੇ ਦੀਆਂ ਰਵਾਇਤੀ ਖੇਡਾਂ ਸਨ ਜਿਸ ਨੂੰ ਹਰ ਬਚਪਨ ਨੇ ਖੇਡ ਜੁਆਨੀ ਵਿੱਚ ਪ੍ਰਵੇਸ਼ ਕੀਤਾ। ਮੇਰਾ ਇੱਕ ਸਹਿਪਾਠੀ ਨਾਸਮਝੀ ਦੇ ਇਸ ਵੇਲੇ ਨੂੰ ਚੇਤੇ ਕਰ ਅਕਸਰ ਭਾਵੁਕ ਹੋ ਜਾਂਦਾ ਹੈ । ਉਸ ਦੇ ਬੋਲਾਂ ’ਚ ਬਚਪਨ ਦੀਆਂ ਅਣਭੋਲ ਹਰਕਤਾਂ ਅਮੁੱਲ ਵਿਰਾਸਤ ਹਨ ਯਾਦਾਂ ’ਚ ਗੁਆਚ ਦੱਸਦਾ ਕਿ ਕਿਵੇਂ ਪੂਰੇ ਪਿੰਡ ਦੇ ਜਵਾਕਾਂ ਦਾ ਝੁਰਮਟ ਗਲੀਆਂ, ਸੱਥਾਂ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਰੌਲਾ ਪਾਉਂਦਾ ।
ਜ਼ਿਆਦਾ ਸ਼ੋਰ-ਸ਼ਰਾਬੇ ਤੇ ਪਏ ਬਾਬਿਆਂ ਦੇ ਖੂੰਡੇ ਰਤਾ ਦਰਦ ਨਾ ਕਰਦੇ ਕਾੜ੍ਹਣੀ ਦੇ ਦੁੱਧ ਨਾਲ ਖਾਧੀਆਂ ਬੱਕਲੀਆਂ ਵੱਖਰਾ ਸੁਆਦ ਦਿੰਦੀਆਂ । ਉਹ ਹਾਲੇ ਵੀ ਮੱਝਾਂ ਦੀਆਂ ਪੂਛਾਂ ਫੜ ਟੋਭੇ ਨਹਾਉਣ, ਕਮਾਦ ਵਿੱਚੋਂ ਗੰਨੇ ਚੂਪਣ, ਮਾਲੀ ਤੋਂ ਅੱਖ ਬਚਾ ਅਮਰੂਦ ਤੇ ਖਰਬੂਜੇ ਖਾਣ, ਕੈਂਚੀ ਸਾਈਕਲ ਨੂੰ ਕਾਰ ਵਾਂਗ ਭਜਾਉਣ, ਪਰਾਏ ਘਰ ਦੀ ਟੱਲੀ ਮਾਰ ਭੱਜਣ ਤੇ ਨੰਗ-ਧੜੰਗ ਮੀਂਹ ਵਿੱਚ ਨੱਚਣ ਵਰਗੀਆਂ ਬਚਕਾਨਾਂ ਸ਼ਰਾਰਤਾਂ ਨੂੰ ਨਹੀਂ ਭੁੱਲਿਆ। ਦਾਅਵਾ ਕਰਦਾ ਹੈ ਕਿ ਇਹ ਬਚਪਨ ਦੇ ਉਹ ਖੁਸ਼ਨੁਮਾ ਅਹਿਸਾਸ ਸਨ ਜਿਸ ਨੂੰ ਹਰ ਕੋਈ ਦਿਲ ਨੁੱਕਰੇ ਦੱਬੀ ਬੈਠਾ ਹੈ। ਸ਼ਾਇਦ ਇਸੇ ਕਰਕੇ ਇਹ ਬਾਦਸ਼ਾਹੀ ਉਮਰ ਹਰ ਇੱਕ ਨੂੰ ਭਾਉਂਦੀ ਤੇ ਪਿਆਰੀ ਲੱਗਦੀ ਹੈ ।
ਪਰੰਤੂ ਅਜੋਕੇ ਬਚਪਨ ਵਿੱਚ ਪੁਰਾਤਨ ਜਲੌਅ ਕਿੱਧਰੇ ਨਜਰੀਂ ਨਹੀਂ ਪੈਂਦਾ । ਬਚਪਨ ਬਹੁਤ ਹੱਦ ਤੱਕ ਸੁੰਗੜ ਗਿਆ ਹੈ । ਮਾਪਿਆਂ ਵੱਲੋਂ ਆਪਣੇ ਸੁਪਨਿਆਂ ਦਾ ਬੋਝਾ ਬੱਚਿਆਂ ਦੇ ਨਾਜ਼ੁਕ ਮੋਢਿਆਂ ’ਤੇ ਲੱਦ ਨਾਸਮਝੀ ਤੇ ਲਾਪ੍ਰਵਾਹੀ ਦੀ ਇਸ ਉਮਰ ਨੂੰ ਮਾਰਿਆ ਜਾ ਰਿਹਾ ਹੈ ਪਲੇ-ਵੇਅ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਸਿੱਖਿਆ ਨਿਆਣਿਆਂ ਦੀ ਮਾਸੂਮੀਅਤ ਦਾ ਕਤਲ ਕਰ ਰਹੀ ਹੈ ਨਵੇਂ ਯੁੱਗ ਦੇ ਪ੍ਰਚਲਿਤ ਸਾਧਨ ਮੋਬਾਈਲ, ਲੈਪਟਾਪ, ਟੈਲੀਵਿਜ਼ਨ ਤੇ ਕੰਪਿਊਟਰ ਨਿੱਕੀ ਉਮਰ ਦੀ ਮਸਤੀ ਨੂੰ ਪੀ ਰਹੇ ਹਨ।
ਇਲੈਕਟ੍ਰਾਨਿਕ ਸਿੱਖਿਆ ਨੇ ਬੱਚਿਆਂ ਨੂੰ ਕਮਰਿਆਂ ਵਿੱਚ ਕੈਦ ਕਰ ਦਿੱਤਾ ਹੈ । ਵੀਡੀਓ ਗੇਮਾਂ ਨੇ ਖੇਡ ਮੈਦਾਨਾਂ ਦੀ ਰੌਣਕ ਸੀਮਤ ਕਰ ਦਿੱਤੀ ਹੈ। ਲੋੜੋਂ ਛੇਤੀ ਪਨਪਦੀ ਸਮਝ ਭੋਲੇਪਣ ਨੂੰ ਖਾ ਰਹੀ ਹੈ। ਬੱਚੇ ਜਿੰਨੀ ਤੇਜੀ ਨਾਲ ਜਵਾਨ ਹੋ ਰਹੇ ਹਨ ਉਸ ਤੋਂ ਕਿਤੇ ਕਾਹਲੀ ਨਾਲ ਨੌਜਵਾਨੀ ਬੁਢਾਪੇ ਵਿੱਚ ਕਦਮ ਰੱਖ ਰਹੀ ਹੈ। ਬਜੁਰਗਾਂ ਨਾਲ ਸਬੰਧਤ ਸਮੱਸਿਆਵਾਂ ਨਵੇਂ ਗੱਭਰੂਆਂ ਵਿੱਚ ਆਮ ਹੋ ਗਈਆਂ ਹਨ।
ਹਾਰਮੋਨਲ ਵਿਗਾੜ ਨਾਲ ਉਪਜੀ ਇਸ ਉਲਝਣ ਨੂੰ ਜੰਕ-ਫੂਡ ਤੇ ਮਸਾਲੇਦਾਰ ਭੋਜਨ ਹੋਰ ਉਲਝਾ ਰਿਹਾ ਹੈ। ਆਧੁਨਿਕ ਸਮਾਜ ਬਚਪਨ ਦੇ ਇਹਨਾਂ ਬਦਲੇ ਰੰਗਾਂ ਤੋਂ ਬਿਲਕੁਲ ਵੀ ਬੇਸੁੱਧ ਨਹੀਂ ਪਰੰਤੂ ਪਦਾਰਥਵਾਦੀ ਸੋਚ ਬਚਪਨ ਦੀ ਮਸਤੀ ਨੂੰ ਜਿੰਦਾ ਰੱਖਣ ਵਿੱਚ ਅੜਚਨ ਹੈ। ਮਾਪਿਆਂ ਦੀ ਬੱਚਿਆਂ ਨੂੰ ਕਾਮਯਾਬ ਕਰਨ ਦੀ ਕਾਹਲ, ਵੱਡੇ ਅਫਸਰ, ਡਾਕਟਰ ਤੇ ਇੰਜੀਨੀਅਰ ਬਣਾਉਣ ਦੀ ਲਾਲਸਾ ਬਾਲ ਉਮਰ ਦੇ ਕੁਦਰਤੀ ਸਵਰੂਪ ਦਾ ਖਾਤਮਾ ਕਰ ਰਹੀ ਹੈ। ਹਰੇਕ ਜਿੰਦ ਵਿੱਚ ਵੱਖਰੀ ਊਰਜਾ, ਅਲੱਗ ਗੁਣ ਤੇ ਸੰਭਾਵਨਾਵਾਂ ਹੁੰਦੀਆਂ ਹਨ। ਬਿਨਾਂ ਬੱਚੇ ਦੀ ਰੁਚੀ ਤੇ ਤਾਕਤ ਨੂੰ ਸਮਝੇ ਉਸ ਲਈ ਰਾਹ ਚੁਣਨਾ ਸਹੀ ਯਤਨ ਨਹੀਂ। ਲੋੜ ਬੱਚੇ ਦੀਆਂ ਅਸਲੀ ਕੁਸ਼ਲਤਾਵਾਂ ਨੂੰ ਪਹਿਚਾਣ ਉਸ ਲਈ ਢੁੱਕਵਾਂ ਮਾਹੌਲ ਦੇਣ ਦੀ ਹੈ ਜਿਸ ਤੋਂ ਕੋਈ ਵੀ ਮਾਂ-ਪਿਉ ਮੁਨਕਰ ਨਹੀਂ ਹੋ ਸਕਦਾ।
ਹਜ਼ਾਰਾਂ ਉਦਾਹਰਨਾਂ ਅਜਿਹੀਆਂ ਹਨ ਜਿੱਥੇ ਇਨਸਾਨ ਨੇ ਆਪਣੇ ਮਾਤਾ-ਪਿਤਾ ਦੇ ਸੁਝਾਏ ਕਾਰੋਬਾਰ ਨੂੰ ਛੱਡ ਆਪਣਾ ਪੰਧ ਆਪ ਚੁਣਿਆ ਤੇ ਕਾਮਯਾਬੀ ਹਾਸਲ ਕੀਤੀ ਸ਼ਹਿਰ ਦੇ ਇੱਕ ਮਸ਼ਹੂਰ ਵਿਅਕਤੀ ਨੇ ਆਪਣੇ ਇਕਲੌਤੇ ਪੁੱਤ ਨੂੰ ਡਾਕਟਰ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ।
ਸਥਾਨਕ ਪੱਧਰ ਦੀ ਸਿੱਖਿਆ ’ਚ ਘਾਟ ਰੜਕੀ ਤਾਂ ਕੋਟਾ ਦੇ ਕੋਚਿੰਗ ਸੈਂਟਰਾਂ ਤੱਕ ਵੀ ਪਹੁੰਚ ਕੀਤੀ ਪਰ ਮੁੰਡੇ ਦੀ ਪੜ੍ਹਾਈ ਵਿੱਚ ਦਿਲਚਸਪੀ ਨਾ ਹੋਣ ਕਾਰਨ ਦੋ ਸਾਲ ਦਾ ਸਮਾਂ ਬਰਬਾਦ ਹੋ ਗਿਆ ਵਾਪਸ ਪਰਤ ਲੜਕੇ ਨੇ ਇੱਕ ਛੋਟੇ ਜਿਹੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਤਿੰਨ ਮਹੀਨੇ ਦੇ ਕਰੀਬ ਕਾਰੋਬਾਰ ਮੱਠਾ ਰਹਿਣ ਕਾਰਨ ਘਾਟਾ ਹੁੰਦਾ ਰਿਹਾ ਤੇ ਫਿਰ ਕੋਵਿਡ ਕਾਰਨ ਪੂਰਾ ਵਪਾਰ ਬੰਦ ਹੋ ਗਿਆ ਮਾਪਿਆਂ ਦੇ ਹੌਂਸਲੇ ਡਿੱਗੇ ਪਰ ਮੁੰਡੇ ਨੇ ਸਿਰੜ ਜਾਰੀ ਰੱਖਿਆ। ਆਨਲਾਈਨ ਐਪ ਤਿਆਰ ਕਰ ਨਵੇਂ ਰੂਪ ਵਿੱਚ ਡੀਲਿੰਗ ਵਿਧੀ ਅਪਣਾਈ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰ ਮਿਹਨਤ ਕੀਤੀ ਤਾਂ ਕੰਮ ਨੇ ਸਫਲਤਾ ਦੀ ਪਰਵਾਜ਼ ਫੜ ਤਰੱਕੀ ਦੇ ਸਿਖਰ ਨੂੰ ਛੋਹ ਲਿਆ ਇਲਾਕੇ ਵਿੱਚ ਪੁੱਤ ਦੇ ਨਾਂਅ ਨਾਲ ਮਾਪਿਆਂ ਦੀ ਬਣੀ ਪਹਿਚਾਣ ਉਸ ਦੀ ਸਹੀ ਸੋਚ ਦੀ ਹਾਮੀ ਭਰਦੀ ਹੈ।
ਮੁੱਕਦੀ ਗੱਲ ਤਾਂ ਇਹ ਹੈ ਕਿ ਬਚਪਨ ਜੀਵਨ ਦਾ ਬੇਸ਼ਕੀਮਤੀ ਤੇ ਵੱਡਭਾਗਾ ਸਮਾਂ ਹੈ। ਇਸ ਦੇ ਕੁਦਰਤੀ ਰੰਗਾਂ ਦਾ ਬਣੇ ਰਹਿਣਾ ਅਤਿ ਲੋੜੀਂਦਾ ਹੈ। ਇਸ ਦੀ ਮਸਤੀ ਤੇ ਬੇਪਰਵਾਹੀ ਜੀਵਤ ਰੱਖਣ ਲਈ ਸਾਰਥਿਕ ਕਦਮ ਚੁੱਕੇ ਜਾਣ ਦੀ ਲੋੜ ਹੈ ਆਓ! ਬੱਚੇ ਬਣੀਏ। ਜਵਾਕਾਂ ਨਾਲ ਬੱਚਿਆਂ ਵਾਂਗ ਸ਼ਰਾਰਤਾਂ ਕਰੀਏ, ਮਿੱਟੀ ਦੇ ਘਰ ਬਣਾਈਏ, ਪੇਪਰ ’ਤੇ ਟੇਢੀਆਂ-ਵਿੰਗੀਆਂ ਲਾਈਨਾਂ ਮਾਰੀਏ, ਕਾਗਜ ਦੀਆਂ ਕਿਸ਼ਤੀਆਂ ਤੇ ਜਹਾਜ਼ ਬਣਾ ਉਡਾਈਏ। ਅਜਿਹੇ ਨਾਲ ਰੂਹ ਅੰਦਰਲਾ ਬੱਚਾ ਜਿਉਂ ਉੱਠੇਗਾ ਜੋ ਕਠੋਰ ਬਣੀ ਜਿੰਦਗੀ ਵਿੱਚ ਮਸਤੀ ਭਰੇਗਾ ਤੇ ਦੁੱਖ, ਦਰਦ, ਗਮ ਤੇ ਚਿੰਤਾਵਾਂ ਤੋਂ ਮੁਕਤ ਰਹਿਣ ਦਾ ਰਾਹ ਦਸੇਰਾ ਬਣੇਗਾ।
ਆਓ! ਬਚਪਨ ਜੇਹਾ ਕੋਈ ਬੂਟਾ ਲਾਈਏ,
ਸ਼ਰਾਰਤੀ ਜਾ ਫਿਰ ਪਾਣੀ ਪਾਈਏ
ਪੱਤਾ-ਪੱਤਾ ਫੈਲੇ ਮਸਤੀ,
ਇਹੋ ਜਿਹੀ ਸੁਗੰਧ ਫੈਲਾਈਏ
ਪ੍ਰੋਫੈਸਰ ਕਾਲੌਨੀ, ਤਲਵੰਡੀ ਸਾਬੋ ਮੋ. 94641-97487
ਕੇ. ਮਨੀਵਿਨਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ