ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ ਪੁਲਿਸ ਨੇ ਅੱਜ ਸਵੇਰੇ ਥਾਣਾ ਮੌੜ ਦੇ ਪਿੰਡ ਰਾਮਨਗਰ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੱਲ ਕਰ ਲਿਆ ਹੈ। ਅੱਜ ਬਠਿੰਡਾ ਰੇਂਜ ਦੇ ਆਈ.ਜੀ.ਐਮ.ਐਮ ਫਾਰੂਕੀ, ਐਸ.ਐਸ.ਪੀ. ਡਾ. ਨਾਨਕ ਸਿੰਘ ਅਤੇ ਡੀ.ਐਸ.ਪੀ.(ਜਾਂਚ) ਸਵਰਨ ਸਿੰਘ ਖੰਨਾ ਨੇ ਦੇਰ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਰਾਮਨਗਰ ‘ਚ ਸੁਖਦੇਵ ਸਿੰਘ ਨਾਂਅ ਦੇ ਵਿਅਕਤੀ ਦੇ ਘਰ ਅੱਗੇ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ ਸਨ, ਜਿੰਨ੍ਹਾਂ ਬਾਰੇ ਸਵੇਰੇ ਕਰੀਬ 6.30 ਵਜੇ ਪਤਾ ਲੱਗਿਆ ਸੀ। ਸੂਚਨਾ ਮਿਲਣ ‘ਤੇ ਉਹ ਖੁਦ ,ਐਸ.ਐਸ.ਪੀ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਉਪਰੰਤ ਸਾਹਮਣੇ ਆਇਆ ਹੈ।
ਕਿ ਸੁਖਦੇਵ ਸਿੰਘ ਦੀ ਕਰੀਬ 14 ਸਾਲ ਦੀ ਦੋਹਤੀ ਹੈ ਜੋ ਕਿ ਮੰਦਬੁੱਧੀ ਹੈ। ਉਨ੍ਹਾਂ ਦੱਸਿਆ ਕਿ ਸਵੇਰ ਵਕਤ ਜਦੋਂ ਸੁਖਦੇਵ ਸਿੰਘ ਗੁਰਦੁਆਰਾ ਸਾਹਿਬ ਗਿਆ ਤਾਂ ਉਸ ਬੱਚੀ ਨੇ ਗੁਟਕਾ ਸਾਹਿਬ ਦੇ ਕੁਝ ਅੰਗ ਪਾੜ ਕੇ ਗਲੀ ਵਿਚ ਖਿਲਾਰ ਦਿੱਤੇ, ਜਿਸ ਨੂੰ ਉਸ ਦੀ ਪਤਨੀ ਬਬਲੀ ਨੇ ਦੇਖ ਲਿਆ। ਉਨ੍ਹਾਂ ਦੱਸਿਆ ਕਿ ਬਬਲੀ ਨੇ ਗੁਟਕਾ ਸਾਹਿਬ ਦਾ ਬਾਕੀ ਹਿੱਸਾ ਚੁੱਲ੍ਹੇ ‘ਚ ਸੁੱਟ ਕੇ ਜਲਾ ਦਿੱਤਾ। ਉਨ੍ਹਾਂ ਦੱਸਿਆ ਕਿ ਪੜਤਾਲ ‘ਚ ਇਹ ਗੱਲ ਪਰਿਵਾਰ ਨੇ ਮੰਨ ਲਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਚੁੱਲ੍ਹੇ ਵਿੱਚੋਂ ਜਲੇ ਹੋਏ ਅੰਗ ਤੇ ਰਾਖ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮੰਦਬੁੱਧੀ ਹੋਣ ਸਬੰਧੀ ਅਸਲੀਅਤ ਜਾਨਣ ਲਈ ਉਸ ਦਾ ਮੈਡੀਕਲ ਕਰਵਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਕਿਉਂਕਿ ਲੜਕੀ ਨਾਬਾਲਗ ਹੈ। ਉਸ ਖਿਲਾਫ ਨਾਬਾਲਗ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਅਤੇ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਖਿਲਾਫ ਇਸ ਸਬੰਧੀ ਬਣੇ ਕਾਨੂੰਨਾਂ ਮੁਤਾਬਕ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਕੋਈ ਮੰਦੀ ਭਾਵਨਾ ਸਾਹਮਣੇ ਨਹੀਂ ਆਈ ਹੈ ਫਿਰ ਵੀ ਪੁਲਿਸ ਕੇਸ ਦੀ ਹਰ ਪਹਿਲੂ ਤੋਂ ਤਫਤੀਸ਼ ਕਰੇਗੀ।