ਕਥਿਤ ਝੋਨਾ ਘੁਟਾਲੇ ਵਿੱਚ ਨਾਮਜ਼ਦ ਵਪਾਰੀ ਦਾ ਅਦਾਲਤ ਨੇ ਵਿਜੀਲੈਂਸ ਨੂੰ 3 ਦਿਨਾਂ ਦਾ ਦਿੱਤਾ ਪੁਲਿਸ ਰਿਮਾਂਡ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਥਿਤ ਝੋਨਾ ਘੁਟਾਲੇ ਮਾਮਲੇ ’ਚ ਨਾਮਜ਼ਦ ਆਪਣੀ ਗਿ੍ਰਫ਼ਤਾਰੀ ਤੋਂ ਬਚ ਰਹੇ ਇੱਕ ਹੋਰ ਵਪਾਰੀ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ ਹੈ ਜਿਸ ਨੂੰ ਵਿਜੀਲੈਂਸ ਨੇ ਗਿ੍ਰਫ਼ਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਵਿਜੀਲੈਂਸ ਨੂੰ ਵਪਾਰੀ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। (Vigilance Bureau)
ਵਿਜੀਲੈਂਸ ਬਿਉਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਚਰਚਿਤ ਝੋਨਾ ਘੁਟਾਲੇ ’ਚ ਨਾਮਜ਼ਦ ਵਪਾਰੀ ਪਰਮਜੀਤ ਚੇਚੀ ਵਾਸੀ ਸਾਸਤਰੀ ਨਗਰ ਜਗਰਾਉਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮੈਸਰਜ ਗੁਰਦਾਸ ਰਾਮ ਐਂਡ ਸੰਨਜ ਫਰਮ ਦਾ ਮਾਲਕ ਹੈ ਅਤੇ ਆਪਣੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਵਪਾਰੀ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਉਸਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਪਰੰਤ ਅਦਾਲਤ ਨੇ ਬਿਊਰੋ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਜਿਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਨੇ ਖਾਰਜ ਕਰਦਿਆਂ ਇਸਨੂੰ ਵਿਜੀਲੈਂਸ ਬਿਊਰੋ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ ’ਚ ਪ੍ਰਸ਼ਾਸ਼ਨ ਦਾ ਰੁਖ ਸਖ਼ਤ
ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਅਤੇ ਉਕਤ ਵਿਭਾਗ ਦੇ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਮੁਅੱਤਲ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨਾਲ ਨੇੜਲੇ ਸਬੰਧ ਸਨ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜਮ ਪਰਮਜੀਤ ਚੇਚੀ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਕਾਰਾਂ, ਸਕੂਟਰਾਂ ਆਦਿ ਦੇ ਰਜਿਸਟ੍ਰੇਸਨ ਨੰਬਰ ਵਾਲੇ ਵਾਹਨਾਂ ਦੀਆਂ ਸੂਚੀਆਂ ਵਾਲੇ ਟੈਂਡਰ ਦਸਤਾਵੇਜ਼ ਠੇਕੇ ਲੈਣ ਵੇਲੇ ਜਮ੍ਹਾਂ ਕਰਵਾ ਕੇ ਜਗਰਾਉਂ ਕਲੱਸਟਰ ਦੀਆਂ ਅਨਾਜ ਮੰਡੀਆਂ ਦੇ ਠੇਕੇ ਹਾਸਲ ਕੀਤੇ। ਪੜਤਾਲ ਦੌਰਾਨ ਇਹ ਰਜਿਸਟ੍ਰੇਸਨ ਨੰਬਰ ਅਤੇ ਅਨਾਜ ਸਟੋਰ ਕਰਨ ਲਈ ਜਾਰੀ ਕੀਤੇ ਗੇਟ ਪਾਸ ਵੀ ਜਾਅਲੀ ਉਕਤ ਕਾਰ, ਸਕੂਟਰ ਆਦਿ ਦੇ ਨੰਬਰਾਂ ਵਾਲੇ ਜਾਅਲੀ ਨੰਬਰਾਂ ਵਾਲੇ ਪਾਏ ਗਏ ਸਨ। (Vigilance Bureau)
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਦਰਜ਼ ਮਾਮਲੇ ’ਚ ਸ਼ਾਮਲ 16 ਮੁਲਜਮਾਂ ’ਚੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਸਮੇਤ 12 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਦੋਂਕਿ ਸੁਰਿੰਦਰ ਬੇਰੀ ਡੀ.ਐਫ.ਐਸ.ਸੀ. (ਸੇਵਾਮੁਕਤ) ਅਤੇ ਜਗਨਦੀਪ ਢਿੱਲੋਂ ਡੀਐਮ ਪਨਸਪ ਨੂੰ ਹਾਈ ਕੋਰਟ ਵੱਲੋਂ ਅਗਾਊਂ ਜਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਚਰਚਿਤ ਕੇਸ ’ਚ ਇੱਕ ਹੋਰ ਉਕਤ ਮੁੱਖ ਮੁਲਜਮ ਆਰ.ਕੇ. ਸਿੰਗਲਾ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਮੁਲਜਮ ਕਰਾਰ ਦਿੱਤਾ ਜਾ ਚੁੱਕਾ ਹੈ।