ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੇਸ਼ ਕੀਤਾ ਜਾਵੇਗਾ ਪੂਰਾ ਬਜਟ | Punjab Budget
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਤੀਜੇ ਸਾਲ ਲਈ ਬਜਟ ਫਰਵਰੀ ਦੇ ਦੂਜੇ ਹਫ਼ਤੇ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਬਜਟ ਸੈਸ਼ਨ ਕਾਫ਼ੀ ਜ਼ਿਆਦਾ ਅਹਿਮ ਹੋ ਸਕਦਾ ਹੈ ਪਰ ਅੰਤਰਿਮ ਬਜਟ ਹੋਣ ਕਰਕੇ ਪੰਜਾਬ ਸਰਕਾਰ ਇਸ ਵਿੱਚ ਜ਼ਿਆਦਾ ਕੁਝ ਐਲਾਨ ਵੀ ਨਹੀਂ ਕਰ ਸਕਦੀ। (Punjab Budget)
ਇਸ ਲਈ ਫਰਵਰੀ ਦੇ ਦੂਜੇ ਹਫ਼ਤੇ ਪੇਸ਼ ਹੋਣ ਵਾਲੇ ਇਸ ਬਜਟ ਵਿੱਚ ਇੱਕ ਦੁੱਕਾ ਵੱਡੇ ਐਲਾਨ ਕਰਨ ਦੇ ਨਾਲ ਹੀ ਸਿਰਫ਼ 3-4 ਮਹੀਨਿਆਂ ਲਈ ਜ਼ਰੂਰੀ ਖ਼ਰਚੇ ਹੀ ਪਾਸ ਕਰਵਾਏ ਜਾਣਗੇ, ਜਦੋਂਕਿ ਮੁਕੰਮਲ ਬਜਟ ਮਈ ਜਾਂ ਫਿਰ ਜੂਨ ਦੇ ਆਖ਼ਰੀ ਹਫਤੇ ਵਿੱਚ ਹੀ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਜਾਣ ਵਾਲੇ ਪ੍ਰੋਜੈਕਟ ਅਤੇ ਫੰਡਾਂ ਦਾ ਵੇਰਵਾ ਵੇਖਣ ਤੋਂ ਬਾਅਦ ਹੀ ਮੁਕੰਮਲ ਬਜਟ ਪਾਸ ਕਰਵਾਇਆ ਜਾਵੇਗਾ।
ਅੰਤਰਿਮ ਬਜਟ ਦੀ ਤਿਆਰੀ’ਚ ਲੱਗਿਆ ਖਜਾਨਾ ਵਿਭਾਗ, ਚੋਣਾਂ ਮੱਦੇਨਜ਼ਰ ਹੋਣਗੇ ਕੁਝ ਐਲਾਨ
ਜਾਣਕਾਰੀ ਅਨੁਸਾਰ ਦੇਸ਼ ਵਿੱਚ ਆਮ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ ਅਤੇ ਮਾਰਚ ਦੇ ਦੂਜੇ ਹਫ਼ਤੇ ਵਿੱਚ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਦੌਰਾਨ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਚੋਣਾਂ ਤੱਕ ਲਈ ਕੇਂਦਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਭੱਤਿਆਂ ਸਣੇ ਹੋਰ ਜ਼ਰੂਰੀ ਕੰਮਾਂ ਲਈ ਅੰਤਰਿਮ ਬਜਟ ਹੀ ਪੇਸ਼ ਕੀਤਾ ਜਾਏਗਾ।
Also Read : ਸਖ਼ਤੀ ਤੋਂ ਪਹਿਲਾਂ ਪ੍ਰਬੰਧ ਹੋਣ ਦਰੁਸਤ
ਕੇਂਦਰੀ ਬਜਟ ਵਿੱਚ ਨਵੀਂ ਸਕੀਮਾਂ ਦਾ ਐਲਾਨ ਅਤੇ ਪੁਰਾਣੀਆਂ ਚੱਲ ਰਹੀ ਸਕੀਮਾਂ ਲਈ ਬਜਟ ਦਾ ਪ੍ਰਬੰਧ ਨਹੀਂ ਕੀਤੇ ਜਾਣ ਕਰਕੇ ਸੂਬਾ ਸਰਕਾਰਾਂ ਨੂੰ ਵੀ ਪਤਾ ਨਾ ਹੁੰਦਾ ਹੈ ਕਿ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਕਿਸ ਤਰੀਕੇ ਨਾਲ ਸਕੀਮਾਂ ਨੂੰ ਲੈ ਕੇ ਆਵੇਗੀ, ਜਿਸ ਕਾਰਨ ਹੀ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਸਕੀਮਾਂ ਹੇਠ ਦਿੱਤੇ ਜਾਣ ਵਾਲੇ ਫੰਡਾਂ ਬਾਰੇ ਕੋਈ ਮੁਕੰਮਲ ਜਾਣਕਾਰੀ ਨਾ ਹੋਣ ਕਰਕੇ ਸੂਬਾ ਸਰਕਾਰਾਂ ਵੱਲੋਂ ਵੀ ਅੰਤਰਿਮ ਬਜਟ ਹੀ ਪੇਸ਼ ਕੀਤਾ ਜਾਂਦਾ ਹੈ।
ਇਸੇ ਤਰਜ਼ ’ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਅੰਤਰਿਮ ਬਜਟ ਪੇਸ਼ ਕਰਨ ਸਬੰਧੀ ਹੀ ਤਿਆਰੀ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ 3 ਜਾਂ ਫਿਰ 4 ਮਹੀਨਿਆਂ ਲਈ ਬਜਟ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਰਕਾਰ ਦੇ ਜ਼ਰੂਰੀ ਖ਼ਰਚੇ ਕਰਨ ਸਬੰਧੀ ਹੀ ਬਜਟ ਪਾਸ ਕਰਵਾਇਆ ਜਾਵੇਗਾ, ਜਦੋਂ ਕਿ ਨਵੇਂ ਐਲਾਨ ਤੋਂ ਬਚਣ ਦੀ ਹੀ ਕੋਸ਼ਸ਼ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਬਜਟ ਸੈਸ਼ਨ ਵੀ ਲੰਬਾ ਨਾ ਹੋ ਕੇ ਸਿਰਫ਼ 4-5 ਦਿਨ ਹੀ ਕੀਤਾ ਜਾਵੇ।