ਖ਼ਤਮ ਹੋ ਰਹੀਆਂ ਹਨ ਚਿੜੀਆਂ, ਚਲੋ ਕੁਝ ਕਰੀਏ!
20 ਮਾਰਚ ਨੂੰ ਵਿਸ਼ਵ ਭਰ ਵਿੱਚ ਚਿੜੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਚਿੜੀ ਪੰਛੀਆਂ ਦੀ ਇੱਕ ਵੱਡੀ ਸ਼੍ਰੇਣੀ ਹੈ ਜਿਸ ਵਿੱਚ ਅੱਧ ਤੋਂ ਵੱਧ ਪੰਛੀ ਆਉਂਦੇ ਹਨ। ਇਨ੍ਹਾਂ ਨੂੰ ਗਾਉਣ ਵਾਲੇ ਪੰਛੀ ਵੀ ਕਿਹਾ ਜਾਂਦਾ ਹੈ। ਚਿੜੀਆਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੇ ਪਹੁੰਚਿਆਂ ਦਾ ਨਮੂਨਾ ਹੈ। ਤਿੰਨ ਉਂਗਲਾਂ ਅੱਗੇ ਵੱਲ ਅਤੇ ਇੱਕ ਪਿਛਾਂਹ ਵੱਲ ਹੈ ਜੋ ਏਕਤਾ ਦੀ ਮਹੱਤਤਾ ਦਾ ਪ੍ਰਤੀਕ ਹੈ। ਵਿਸ਼ਵ ਪੱਧਰ ’ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇੱਹ ਇੱਕ 5-6 ਇੰਚ ਅਕਾਰ ਦਾ ਪੰਛੀ ਹੈ। ਚਿੜੀ ਦਾਣੇ, ਬੀਜ ਜਾਂ ਛੋਟੇ ਕੀੜੇ-ਮਕੌੜੇ ਖਾ ਕੇ ਗੁਜ਼ਾਰਾ ਕਰਦੀ ਹੈ। ਚਿੜੀਆਂ ਦਾ ਰੈਣ-ਬਸੇਰਾ ਪਿੰਡਾਂ ਵਿੱਚ ਬਾਲਿਆਂ ਵਾਲੀਆਂ ਛੱਤਾਂ ਤੇ ਝਾੜੀਆਂ, ਦਰੱਖਤਾਂ ਉੱਤੇ ਘਾਹ-ਫੂਸ ਦਾ ਹੁੰਦਾ ਹੈ।
ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਤੱਕ ਆਂਡੇ ਦਿੰਦੀ ਹੈ
ਜਿਹਨਾਂ ਵਿੱਚੋਂ 14 ਤੋਂ 17 ਦਿਨਾਂ ਤੱਕ ਬੋਟ (ਨਿੱਕੇ ਬੱਚੇ) ਨਿੱਕਲ ਆਉਂਦੇ ਹਨ। ਪੰਜਾਬ ਦੇ ਵਿੱਚ ਮੁਨੀਆਂ ਪ੍ਰਜਾਤੀ ਦੀ ਚਿੜੀ ਜ਼ਿਆਦਾਤਰ ਪਾਈ ਜਾਂਦੀ ਹੈ। ਵਿਸ਼ਵ ਭਰ ਵਿੱਚ ਇਸ ਦੀਆਂ 11 ਉਪ ਜਾਤੀਆਂ ਹਨ ਜੋ ਰੰਗ ਅਤੇ ਅਕਾਰ ਤੋਂ ਇੱਕ-ਦੂਸਰੇ ਨਾਲੋਂ ਵੱਖ-ਵੱਖ ਹਨ। ਚਿੜੀ, ਜਿਸਦੀ ਤੁਲਨਾ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਕੁੜੀਆਂ ਦੇ ਨਾਲ ਕੀਤੀ ਜਾਂਦੀ ਹੈ। ਕਿੰਨੇ ਹੀ ਕਲਮਕਾਰਾਂ ਨੇ ਕੁੜੀਆਂ-ਚਿੜੀਆਂ ਤੇ ਲੋਕ ਤੱਥ ਲਿਖੇ ਹਨ। ਚਿੜੀਆਂ ਜੋ ਸ਼ਾਂਤੀ ਦਾ ਪ੍ਰਤੀਕ ਹਨ, ਅਣਭੋਲ ਹਨ ਤੇ ਧੀਆਂ ਵਾਂਗ ਸਭ ਦਾ ਭਲਾ ਚਾਹੁੰਦੀਆਂ ਹਨ।
ਪਰ ਦੁੱਖ ਦੀ ਗੱਲ ਹੈ ਕਿ ਐਨਾ ਪਿਆਰਾ ਤੇ ਅਣਭੋਲ ਇਹ ਪੰਛੀ ਸਾਡੀਆਂ ਰੋਜ਼ਾਨਾ ਦੀਆਂ ਬਦਲ ਚੁੱਕੀਆਂ ਆਦਤਾਂ ਕਰਕੇ ਸਾਡੇ ਕੋਲੋਂ ਦੂਰ ਜਾ ਰਿਹਾ ਹੈ ਜੇਕਰ ਮਨੁੱਖਾਂ ਨੇ ਅਜੇ ਵੀ ਆਪਣੇ-ਆਪ ਨੂੰ ਨਾ ਬਦਲਿਆ ਤਾਂ ਉਹ ਦਿਨ ਦੂਰ ਨਹੀਂ ਕਿ ਚਿੜੀਆਂ ਸਾਡੇ ਕੋਲ ਸਿਰਫ ਤਸਵੀਰਾਂ ਵਿੱਚ ਵੇਖਣਯੋਗ ਹੀ ਰਹਿ ਜਾਣਗੀਆਂ। ਭਾਰਤ ਵਿੱਚ ਚਿੜੀਆਂ ਦੀਆਂ 14 ਕਿਸਮਾਂ ਅਲੋਪ ਹੋਣ ਕਿਨਾਰੇ ਹਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਸ਼ਹਿਰੀ ਅਬਾਦੀ ਦੇ ਵਿੱਚੋਂ ਚਿੜੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ।
2012 ਵਿੱਚ ਚਿੜੀ ਨੂੰ ਦਿੱਲੀ ਸਰਕਾਰ ਵੱਲੋਂ ਰਾਜ ਪੰਛੀ ਐਲਾਨਿਆ ਗਿਆ ਸੀ। ਸ਼ਹਿਰਾਂ ਦੇ ਨਾਲ-ਨਾਲ ਹੁਣ ਤਾਂ ਪਿੰਡਾਂ ਵਿੱਚੋਂ ਵੀ ਚਿੜੀਆਂ ਘਟਦੀਆਂ ਜਾ ਰਹੀਆਂ ਹਨ ਕਿਉਂਕਿ ਖੁੱਲ੍ਹੇ ਕੱਚੇ ਬਾਲੇ-ਸ਼ਤੀਰਾਂ ਦੇ ਠੰਢੇ ਘਰਾਂ ਨੂੰ ਛੱਡ ਪਿੰਡਾਂ ਦੇ ਬਸ਼ਿੰਦੇ ਵੀ ਹੁਣ ਤੰਗ ਕੋਠੀਆਂ ਵੱਲ ਹੋ ਤੁਰੇ ਹਨ। ਦਿਨੋ-ਦਿਨ ਕੀਟਨਾਸ਼ਕਾਂ ਤੇ ਮੋਬਾਇਲ ਟਾਵਰਾਂ ਦੀ ਵਧ ਰਹੀ ਵਰਤੋਂ ਵੀ ਚਿੜੀਆਂ ਤੇ ਹੋਰ ਪੰਛੀਆਂ ਲਈ ਖਤਰਾ ਹੈ। ਲੋੜ ਹੈ ਸਮੇਂ ਦੇ ਨਾਲ ਚੱਲਦੇ ਹੋਏ ਅਸੀਂ ਸਾਡੀ ਇਸ ਅਨਮੋਲ ਵਿਰਾਸਤ ਨੂੰ ਵੀ ਸਾਂਭ ਕੇ ਰੱਖੀਏ ਅਤੇ ਜਿੰਨਾ ਸਾਡੇ ਕੋਲੋਂ ਹੋ ਸਕਦਾ ਹੈ ਆਪਣਾ ਫਰਜ ਸਮਝਦੇ ਹੋਏ ਜਰੂਰ ਕਰੀਏ।
ਹੁਣ ਜਦੋਂ ਗਰਮੀ ਦਾ ਮੌਸਮ ਵੀ ਆਉਣ ਵਾਲਾ ਹੈ ਦੇਸੀ ਮਹੀਨਾ ਜੇਠ ਤੇ ਹਾੜ ਪੂਰੀ ਤਪਦੀ ਗਰਮੀ ਲਈ ਹੀ ਜਾਣੇ ਜਾਂਦੇ ਹਨ ਮਨੁੱਖਾਂ ਨੂੰ ਅਸੀਂ ਅਕਸਰ ਦੇਖਦੇ ਹਾਂ ਕਿ ਦੋ ਪਹੀਆ ਵਾਹਨਾਂ ’ਤੇ ਵੀ ਧੁੱਪ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰਾ ਢੱਕ ਕੇ ਬਾਹਰ ਨਿੱਕਲਦੇ ਹਨ ਅਤੇ ਹਰ ਕੋਈ ਠੰਢੇ ਪਾਣੀ ਵੱਲ ਭੱਜ ਕੇ ਜਾਂਦਾ ਹੈ। ਜਗ੍ਹਾ-ਜਗ੍ਹਾ ਲੋਕ-ਸੇਵਾ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ ਜੋ ਮਾਨਵਤਾ ਦੀ ਸੇਵਾ ਲਈ ਬਹੁਤ ਹੀ ਚੰਗਾ ਕਦਮ ਹੈ ਪਰ ਮੈਂ ਸੋਚਦਾ ਹਾਂ ਕਿ ਜਿਵੇਂ ਇਨਸਾਨ ਤਾਂ ਆਪਣੇ ਵਿੱਤ ਮੁਤਾਬਕ ਗਰਮੀ ਤੋਂ ਬਚਣ ਲਈ ਛੋਟਾ-ਵੱਡਾ ਪ੍ਰਬੰਧ ਕਰ ਹੀ ਲੈਂਦਾ ਹੈ ਪਰ ਕੁਦਰਤ ਦੀ ਬਹੁਤ ਹੀ ਸੁੰਦਰ ਸਿਰਜਣਾ ਇਹ ਅਣਭੋਲ ਪਿਆਰੇ ਪੰਛੀਆਂ ਨੂੰ ਇਸ ਜਾਨਲੇਵਾ ਗਰਮੀ ਤੋਂ ਬਚਾਉਣ ਲਈ ਕੌਣ ਹੰਭਲਾ ਮਾਰਦਾ ਹੋਵੇਗਾ?
ਮੇਰੇ ਸਵਾਲ ਦਾ ਜਬਾਬ ਮੇਰੇ ਅੰਦਰ ਹੀ ਸੀ ਕਿ ਸਾਰੇ ਜੀਵ ਮੰਡਲ ਵਿੱਚੋਂ ਇੱਕ ਇਨਸਾਨ ਹੀ ਹੈ ਜੋ ਆਪਣੇ ਕਾਰਜ ਆਪ ਸੰਵਾਰਨ ਦੇ ਸਮਰੱਥ ਹੈ ਅਤੇ ਪਰਮਾਤਮਾ ਨੇ ਆਪਣੇ ਕਾਰਜਾਂ ਦੇ ਨਾਲ-ਨਾਲ ਦੂਸਰੇ ਅਜਿਹੇ ਜੀਵ, ਜਿਹੜੇ ਬਹੁਤੇ ਕੰਮਾਂ ਲਈ ਇਨਸਾਨਾਂ ’ਤੇ ਨਿਰਭਰ ਹਨ, ਦੀ ਸੇਵਾ ਸੰਭਾਲ ਦਾ ਜਿੰਮਾ ਵੀ ਇਨਸਾਨਾਂ ਨੂੰ ਹੀ ਦਿੱਤਾ ਹੈ ਅਤੇੇ ਸਾਨੂੰ ਚਿੜੀਆਂ ਸਮੇਤ ਸਾਰੇ ਪੰਛੀਆਂ ਪ੍ਰਤੀ ਆਪਣੀ ਇਹ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਰਮੀ ਦੇ ਮੌਸਮ ਵਿੱਚ ਬਹੁਤ ਸਾਰੇ ਛੋਟੇ ਪਿਆਰੇ ਪੰਛੀ ਸਿਰਫ ਪਾਣੀ ਦੀ ਘਾਟ ਕਰਕੇ ਹੀ ਮਰ ਜਾਂਦੇ ਹਨ ਕਿਉਂਕਿ ਜਿਵੇਂ-ਜਿਵੇਂ ਗਰਮੀ ਦਾ ਪਾਰਾ ਵਧਦਾ ਜਾਂਦਾ ਹੈ ਤਲਾਬਾਂ, ਟੋਭਿਆਂ, ਖੂਹਾਂ ਅਤੇ ਖੇਤਾਂ ਵਿੱਚੋਂ ਪਾਣੀ ਸੁੱਕ ਜਾਂਦਾ ਹੈ ਅਤੇ ਇਹ ਸਾਰੇ ਸਾਧਨ ਹੀ ਮੁੱਖ ਹਨ ਪੰਛੀਆਂ ਦੇ ਪਾਣੀ ਪੀਣ ਲਈ। ਵਸੋਂ ਵਾਲੀਆਂ ਥਾਵਾਂ ’ਤੇ ਇਹ ਮਨਮੋਹਕ ਪੰਛੀ ਇਨਸਾਨਾਂ ਦੇ ਭੈਅ ਕਾਰਨ ਘੱਟ ਹੀ ਥੱਲੇ ਆਉਂਦੇ ਹਨ ਪਰ ਅਸੀਂ ਇਸ ਗਰਮੀ ਤੋਂ ਜਿੱਥੇ ਆਪਣੇ ਬੱਚਿਆਂ ਅਤੇ ਆਪਣੇ ਬਚਾਅ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ, ਉੱਥੇ ਇਸ ਵਾਰ ਵਾਤਾਵਰਨ ਦੇ ਸ਼ਿੰਗਾਰ ਇਹਨਾਂ ਪੰਛੀਆਂ ਦੇ ਬਚਾਅ ਲਈ ਵੀ ਅੱਗੇ ਹੋਈਏ।
ਪੰਛੀਆਂ ਦੀ ਮੱਦਦ ਲਈ ਸਭ ਤੋਂ ਪਹਿਲਾ ਅਤੇ ਸੌਖਾ ਕਾਰਜ ਹੈ ਕਿ ਅਸੀਂ ਆਪਣੇ ਘਰਾਂ, ਦੁਕਾਨਾਂ, ਦਫਤਰਾਂ ਦੀਆਂ ਛੱਤਾਂ ’ਤੇ ਪਾਣੀ ਭਰ ਕੇ ਰੱਖੀਏ ਇਹ ਪਾਣੀ ਕਿਸੇ ਵੀ ਭਾਂਡੇ ਵਿੱਚ ਭਰ ਕੇ ਰੱਖਿਆ ਜਾ ਸਕਦਾ ਹੈ ਪਰ ਜੇਕਰ ਮਿੱਟੀ ਦੇ ਬਰਤਨ ਵਿੱਚ ਰੱਖਿਆ ਜਾਵੇ ਤਾਂ ਜ਼ਿਆਦਾ ਠੀਕ ਰਹੇਗਾ ਕਿਉਂਕਿ ਮਿੱਟੀ ਦੇ ਬਰਤਨ ਵਿੱਚ ਪਾਣੀ ਜ਼ਿਆਦਾ ਸਮਾਂ ਠੰਢਾ ਰਹਿੰਦਾ ਹੈ ਅਤੇ ਇਹ ਪਾਣੀ ਰੋਜ਼ਾਨਾ ਸ਼ਵੇਰੇ-ਸ਼ਾਮ ਬਦਲਿਆ ਜਾਵੇ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਹਜ਼ਾਰਾਂ ਪੰਛੀਆਂ ਦੀ ਜਾਨ ਇਸ ਗਰਮੀ ਤੋਂ ਬਚ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਦਿਨ ਭਰ ਵਿੱਚ ਇੱਕ ਵਾਰ ਘਰ ਦੀ ਛੱਤ ’ਤੇ ਇੱਕ ਮੁੱਠੀ ਦਾਣੇ ਵੀ ਪਾਏ ਜਾਣ ਤਾਂ ਹੋਰ ਵੀ ਚੰਗਾ ਹੋਵੇਗਾ। ਅਜਿਹਾ ਸਾਡੇ ਬਜ਼ੁਰਗ ਵੀ ਰੋਜ਼ਾਨਾ ਕਰਦੇ ਹੁੰਦੇ ਸਨ।
ਇੱਕ ਸਮਾਂ ਸੀ ਜਦੋਂ ਸਾਡੇ ਘਰ ਕੱਚੇ ਹੁੰਦੇੇ ਸਨ ਘਰ ਦੀਆਂ ਛੱਤਾਂ ਬਾਲਿਆਂ ਨਾਲ ਕਾਹੀ ਦੇ ਪੂਲਿਆਂ ਦੀਆਂ ਹੁੰਦੀਆਂ ਸਨ। ਘਰਾਂ ਵਿੱਚ ਨਿੰਮ, ਤੂਤ, ਡੇਕ ਜਿਹੇ ਦੇਸੀ ਦਰੱਖਤ ਲੱਗੇ ਹੁੰਦੇ ਸਨ ਜਿਹਨਾਂ ਅੰਦਰ ਅਕਸਰ ਛੋਟੀਆਂ ਪਿਆਰੀਆਂ ਚਿੜੀਆਂ, ਘੁੱਗੀਆਂ ਜਾਂ ਹੋਰ ਪੰਛੀ ਆਲ੍ਹਣੇ ਪਾ ਕੇ ਰਹਿੰਦੇ ਸਨ ਪਰ ਜਿਉਂ-ਜਿਉਂ ਸਾਡੇ ਘਰ ਕੋਠੀਆਂ ਦੇ ਰੂਪ ਵਿੱਚ ਤਬਦੀਲ ਹੋ ਗਏ ਪੁਰਾਣੇ ਘਰਾਂ ਵਿਚਲੇ ਬਾਲਿਆਂ ਵਾਲੀਆਂ ਕੱਚੀਆਂ ਛੱਤਾਂ ਦੇ ਨਾਲ-ਨਾਲ ਚਿੜੀਆਂ ਦੇ ਘਰ ਵੀ ਚਲੇ ਗਏ ਘਰਾਂ ਅੰਦਰ ਦੇਸੀ ਦਰੱਖਤਾਂ ਦੀ ਥਾਂ ਵਿਦੇਸ਼ੀ ਦਰੱਖਤਾਂ ਨੇ ਲੈ ਲਈ।
ਹੁਣ ਪੁਰਾਣੇ ਸਮਂੇ ਤਾਂ ਵਾਪਸ ਨਹੀਂ ਆ ਸਕਦੇ ਪਰ ਇਹਨਾਂ ਪੰਛੀਆਂ ਦੇ ਰੈਣ-ਬਸੇਰੇ ਲਈ ਅਸੀਂ ਇੱਕ ਹੰਭਲਾ ਹੋਰ ਮਾਰ ਸਕਦੇ ਹਾਂ ਉਹ ਇਹ ਕਿ ਕਿਸੇ ਯੋਗ ਥਾਵੇਂ ਪੰਛੀਆਂ ਦੇ ਰਹਿਣ ਲਈ ਵੱਧ ਤੋਂ ਵੱਧ ਦੇਸੀ ਦਰੱਖਤ ਲਾਈਏ ਜਿਹਨਾਂ ’ਤੇ ਰੈਣ-ਬਸੇਰੇ ਬਣਾ ਕੇ ਇਹ ਚਿੜੀਆਂ ਤੇ ਹੋਰ ਪੰਛੀ ਕੁਦਰਤ ਦੀਆਂ ਮੌਜਾਂ ਲੁੱਟ ਸਕਣ ਅਤੇ ਆਪਣੇ ਘਰਾਂ ਵਿੱਚ ਲੱਕੜੀ ਦੇ ਆਲ੍ਹਣੇ ਲਾ ਕੇ ਵੀ ਅਸੀਂ ਪੰਛੀਆਂ ਨੂੰ ਆਪਣੇ ਨਾਲ ਰੱਖ ਸਕਦੇ ਹਾਂ। ਇਹਨਾਂ ਉਪਰਾਲਿਆਂ ਲਈ ਸਾਨੂੰ ਸਭ ਤੋਂ ਪਹਿਲਾਂ ਇਹਨਾਂ ਪਿਆਰੇ ਪੰਛੀਆਂ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਇਹਨਾਂ ਲਈ ਹਮੇਸ਼ਾ ਸੁਖਾਵੇਂ ਮਹੌਲ ਨੂੰ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਪੰਛੀਆਂ ਨੂੰ ਕੈਦ ਕਰਕੇ ਰੱਖਣ ਜਾਂ ਕਿਸੇ ਪ੍ਰਕਾਰ ਦੇ ਸ਼ੌਂਕ ਦੀ ਪੂਰਤੀ ਲਈ ਤਸ਼ੱਦਦ ਨਹੀਂ ਕਰਨਾ ਚਾਹੀਦਾ ਭਾਵੇਂ ਕਿ ਅਜਿਹਾ ਕਾਨੂੰਨੀ ਅਪਰਾਧ ਵੀ ਹੈ ਪਰ ਫਿਰ ਵੀ ਅਜਿਹਾ ਵਤੀਰਾ ਪੰਛੀਆਂ ਨਾਲ ਹੋ ਰਿਹਾ ਹੈ। ਪੰਛੀਆਂ ਦੀ ਸੇਵਾ-ਸੰਭਾਲ ਲਈ ਪੰਛੀ ਪ੍ਰੇਮੀ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਪਾਣੀ ਧਰਨ ਅਤੇ ਪੰਛੀਆਂ ਦੇ ਲਈ ਰੈਣ-ਬਸੇਰੇ ਲਾਉਣ ਜਿਹੇ ਪ੍ਰਸੰਸਾਯੋਗ ਕਾਰਜ ਵੀ ਕਰ ਰਹੀਆਂ ਹਨ ਪਰ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਅਤੇ ਸਾਰਿਆਂ ਨੂੰ ਇਸ ਕਾਰਜ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਆਓ! ਇਸ ਗਰਮੀ ਤੋਂ ਹੀ ਰਲ ਕੇ ਹੰਭਲਾ ਮਾਰੀਏ ਅਤੇ ਨੀਲੇ ਅੰਬਰਾਂ ਵਿੱਚ ਮਸਤ ਉਡਾਰੀਆਂ ਲਾਉਂਦੇ ਇਹਨਾਂ ਮਸਤ ਪੰਛੀਆਂ ਨੂੰ ਸਿਰਫ ਦਾਣੇ-ਪਾਣੀ ਦੀ ਘਾਟ ਕਾਰਨ ਹੀ ਅਜਾਈਂ ਨਾ ਜਾਣ ਦੇਈਏ ਤੇ ਇਹਨਾਂ ਨਾਲ ਮਿੱਤਰਤਾ ਵਧਾਈਏ।
ਸੰਚਾਲਕ ਪੰਛੀ ਪਿਆਰੇ ਮੁਹਿੰਮ,
ਫਤਿਹਗੜ੍ਹ ਪੰਜਗਰਾਈਆਂ (ਸੰਗਰੂਰ)
ਮੋ. 93565 52000
ਮਾ. ਰਾਜੇਸ਼ ਰਿਖੀ ਪੰਜਗਰਾਈਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.