ਖੁਸ਼ਹਾਲ ਜੀਵਨ ਦਾ ਆਧਾਰ, ਮਨ ਦੀ ਸ਼ਾਂਤੀ

Simran, Competition, Round, Sirsa, Block, Winer

ਖੁਸ਼ਹਾਲ ਜੀਵਨ ਦਾ ਆਧਾਰ, ਮਨ ਦੀ ਸ਼ਾਂਤੀ

ਜਿਸ ਤਰ੍ਹਾਂ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ, ਪਾਣੀ ਅਤੇ ਸਾਫ ਹਵਾ ਦੀ ਲੋੜ ਹੈ ਉਸੇ ਤਰ੍ਹਾਂ ਆਨੰਦਮਈ ਜ਼ਿੰਦਗੀ ਲਈ ਖੁੱਲ੍ਹੇ ਦਿਲ ਨਾਲ ਜਿਉਣਾ ਵੀ ਬਹੁਤ ਜ਼ਰੂਰੀ ਹੈ। ਅੱਜ ਦੇ ਭਾਜੜ ਭਰੇ ਜੀਵਨ ਵਿਚ ਮਨੁੱਖ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰਦਾ ਜਾ ਰਿਹਾ ਹੈ ਜਿਸ ਕਾਰਨ ਉਸ ਦੇ ਅੰਦਰੋਂ ਜਿਉਣ ਦਾ ਉਤਸ਼ਾਹ, ਚਾਹਤ ਤੇ ਆਸ ਮਰਦੀ ਜਾ ਰਹੀ ਹੈ। ਹੌਲੀ-ਹੌਲੀ ਮਨੁੱਖ ਤਣਾਅ ਦੇ ਘੇਰੇ ‘ਚ ਆਉਂਦਾ ਜਾ ਰਿਹਾ ਹੈ। ਉਸ ਨੂੰ ਜੇਕਰ ਖੁਸ਼ੀਆਂ ਮਿਲਦੀਆਂ ਹਨ ਤਾਂ ਉਹ ਕੇਵਲ ਪਲ ਭਰ ਦੀਆਂ ਹੀ ਹੁੰਦੀਆਂ ਹਨ ਤੇ ਮੁੜ ਵਿਅਕਤੀ ਤਣਾਅ ‘ਚ ਆ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਖੁੱਲ੍ਹੇ ਦਿਲ ਨਾਲ ਜਿਉਣਾ ਉਸ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।

ਅਸਲ ਵਿਚ ਜ਼ਿੰਦਗੀ ਦਾ ਭਰਪੂਰ ਆਨੰਦ ਲੈਣ ਅਤੇ ਆਪਣੇ ਆਲੇ-ਦੁਆਲੇ ਖੁਸ਼ੀਆਂ ਦੀਆਂ ਬਹਾਰਾਂ ਵੇਖਣ ਲਈ ਵਿਅਕਤੀ ਦੇ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਾਂਤ ਮਨ ਹੀ ਆਤਮਾ ਦੀ ਤਾਕਤ ਹੈ ਅਤੇ ਸ਼ਾਂਤ ਮਨ ਵਿਚ ਹੀ ਈਸ਼ਵਰ ਬਿਰਾਜਦੇ ਹਨ। ਜਿਸ ਤਰ੍ਹਾਂ ਜਦੋਂ ਪਾਣੀ ਉੱਬਲਦਾ ਹੈ ਤਾਂ ਅਸੀਂ ਇਸ ਵਿਚ ਆਪਣਾ ਪ੍ਰਤੀਬਿੰਬ ਸਾਫ ਨਹੀਂ ਵੇਖ ਸਕਦੇ ਪਰ ਸ਼ਾਂਤ ਪਾਣੀ ਵਿਚ ਵੇਖ ਸਕਦੇ ਹਾਂ, ਉਸੇ ਤਰ੍ਹਾਂ ਜੇਕਰ ਸਾਡਾ ਹਿਰਦਾ ਸ਼ਾਂਤ ਹੋਵੇਗਾ ਤਾਂ ਅਸੀਂ ਆਪਣੀ ਆਤਮਾ ਦੇ ਅਸਲੀ ਰੂਪ ਨੂੰ ਵੇਖ ਸਕਦੇ ਹਾਂ। ਮਨ ‘ਚ ਸ਼ਾਂਤੀ ਅਤੇ ਕਿਸੇ ਪ੍ਰਕਾਰ ਦਾ ਡਰ ਨਾ ਹੋਣ ਕਾਰਨ ਵਿਅਕਤੀ ਦੀ ਕਾਰਜ-ਕੁਸ਼ਲਤਾ ਕਈ ਗੁਣਾ ਵਧ ਜਾਂਦੀ ਹੈ ਅਤੇ ਸਫਲਤਾ ਉਸ ਵੱਲ ਛਾਲਾਂ ਮਾਰਦੀ ਆਉਂਦੀ ਹੈ। ਇਮਾਨਦਾਰ ਵਿਅਕਤੀ ਮਾਨਸਿਕ ਤੌਰ ‘ਤੇ ਸ਼ਾਂਤ ਰਹਿੰਦਾ ਹੈ ਜਿਸ ਕਾਰਨ ਉਸ ਦੀ ਕਾਰਜ-ਕੁਸ਼ਲਤਾ ਅਤੇ ਆਤਮ-ਸੰਤੁਸ਼ਟੀ ਆਮ ਲੋਕਾਂ ਨਾਲੋਂ ਵੱਧ ਹੁੰਦੀ ਹੈ।

ਅਜੋਕੇ ਦੌਰ ਵਿਚ ਮਨੁੱਖ ਨੂੰ ਮਹਿਸੂਸ ਹੋ ਰਿਹਾ ਹੈ ਕਿ ਜੀਵਨ ‘ਚ ਸ਼ਾਂਤੀ ਪ੍ਰਾਪਤ ਕਰਨਾ ਨਾਮੁਮਕਿਨ ਹੈ। ਇਸ ਲਈ ਉਹ ਸ਼ਾਂਤੀ ਦੀ ਤਲਾਸ਼ ਬਾਹਰਲੇ ਜਗਤ ਵਿਚੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਭੌਤਿਕ ਵਸਤਾਂ, ਸਮਾਜਿਕ ਦਰਜੇ ਤੇ ਰਿਸ਼ਤੇ-ਨਾਤਿਆਂ ‘ਚੋਂ ਸ਼ਾਂਤੀ ਤਲਾਸ਼ ਰਹੇ ਹਾਂ ਪਰ ਇਹ ਸਾਨੂੰ ਕਿਤਿਓਂ ਵੀ ਨਹੀਂ ਮਿਲਦੀ ਜਿਸ ਕਰਕੇ ਅਸੀਂ ਹੋਰ ਦੁਖੀ ਹੁੰਦੇ ਜਾ ਰਹੇ ਹਾਂ। ਅਸਲ ਵਿਚ ਸੱਚੀ ਸ਼ਾਂਤੀ ਸਾਡੇ ਅੰਦਰ ਹੀ ਮੌਜੂਦ ਹੈ ਸਿਰਫ ਇਸ ਨੂੰ ਪ੍ਰਾਪਤ ਕਰਨ ਲਈ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਜਦੋਂ ਸਾਡੀਆਂ ਸਮੱਸਿਆਵਾਂ ਪ੍ਰਤੀ ਸਾਡਾ ਨਜ਼ਰੀਆ ਬਦਲ ਜਾਵੇਗਾ ਤਾਂ ਸਾਡਾ ਸਾਹਮਣਾ ਸ਼ਾਂਤੀ ਨਾਲ ਹੋਣ ਲੱਗੇਗਾ।

ਦੁਨੀਆਂ ਦਾ ਹਰ ਸੁਖ-ਚੈਨ ਸਾਡੇ ਅੰਦਰ ਹੀ ਲੁਕਿਆ ਹੈ ਪਰ ਅਸੀਂ ਅਕਸਰ ਉਸ ਨੂੰ ਉੱਥੇ ਨਹੀਂ ਲੱਭਦੇ। ਜੇਕਰ ਅਸੀਂ ਭੌਤਿਕ ਚੀਜ਼ਾਂ ਦੀ ਮੋਹ-ਮਾਇਆ ਤੋਂ ਦੂਰ ਹੋ ਕੇ ਆਪਣੇ ਅੰਦਰ ਝਾਕੀਏ ਤਾਂ ਸਾਨੂੰ ਪਰਮ ਸ਼ਾਂਤੀ ਦਾ ਅਹਿਸਾਸ ਹੋ ਜਾਵੇਗਾ। ਕਦੇ ਵੀ ਆਪਣੇ ਨਿੱਜੀ ਹੁਨਰ ਦਾ ਹੰਕਾਰ ਨਾ ਕਰੋ ਵਿਅਕਤੀਆਂ ਦੀ ਇਹ ਆਦਤ ਇੱਕ ਦਿਨ ਉਸ ਨੂੰ ਲੈ ਡੁੱਬਦੀ ਹੈ ਅਤੇ ਉਸ ਦਾ ਮਨ ਅਸ਼ਾਂਤ ਹੋ ਜਾਂਦਾ ਹੈ।

ਦੁੱਖ-ਸੁਖ ਸਾਡੀ ਜ਼ਿੰਦਗੀ ਦੇ ਅਹਿਮ ਪਹਿਲੂ ਹਨ। ਜੋ ਇਨਸਾਨ ਇਨ੍ਹਾਂ ਨੂੰ ਸਮਝ ਕੇ ਜ਼ਿੰਦਗੀ ਬਿਤਾਉਂਦੇ ਹਨ ਉਨ੍ਹਾਂ ਵਿਚ ਸ਼ਾਂਤੀ ਦਾ ਅਹਿਸਾਸ ਬਣਿਆ ਰਹਿੰਦਾ ਹੈ ਪਰ ਅਸੀਂ ਤਾਂ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਇੱਕ-ਦੂਸਰੇ ਪ੍ਰਤੀ ਈਰਖਾ ਤੇ ਨਫਰਤ ਕਰਨ ਵਿਚ ਹੀ ਲਗਾ ਕੇ ਦੁਖੀ ਹੁੰਦੇ ਜਾ ਰਹੇ ਹਾਂ। ਜ਼ਿੰਦਗੀ ਪ੍ਰਤੀ ਕੰਜੂਸੀ ਦਾ ਰਵੱਈਆ ਅਖਤਿਆਰ ਕਰਨ ਵਾਲੇ ਆਨੰਦ ਨਾਲ ਜਿਊਣਾ ਨਹੀਂ ਜਾਣਦੇ ਅਤੇ ਨਰਕ ਤੋਂ ਵੀ ਬਦਤਰ ਜੀਵਨ ਬਸਰ ਕਰਨ ਦਾ ਰਵੱਈਆ ਅਪਣਾ ਕੇ ਆਪਣੀਆਂ ਪਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਲੈਂਦੇ ਹਨ। ਯਾਦ ਰੱਖੋ, ਜੇਕਰ ਜੀਵਨ ਵਿਚ ਸ਼ਾਂਤੀ ਨਹੀਂ ਹੁੰਦੀ ਤਾਂ ਸੁਖ ਨਹੀਂ ਮਿਲਦਾ।

ਸੁਖ ਸ਼ਾਂਤੀ ਤੋਂ ਬਾਅਦ ਆਉਂਦਾ ਹੈ। ਸ਼ਾਂਤੀ ਤੋਂ ਬਿਨਾਂ ਸੁਖ ਦੀ ਸਮੱਗਰੀ ਪ੍ਰਾਪਤ ਨਹੀਂ ਹੁੰਦੀ। ਸੁਖ ਪ੍ਰਾਪਤ ਹੁੰਦਾ ਹੈ ਸ਼ਾਂਤੀ ਰਾਹੀਂ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਰਫਤਾਰ ਅਤੇ ਸਥਿਤੀ ਦੇ ਸੰਤੁਲਨ ਰਾਹੀਂ। ਤੁਹਾਨੂੰ ਖੁਸ਼ ਕਰਨ ਲਈ ਕਿਸੇ ਨਹੀਂ ਆਉਣਾ, ਤੁਹਾਨੂੰ ਆਪ ਹੀ ਖੁਸ਼ ਰਹਿਣਾ ਪੈਣਾ ਹੈ। ਜੇਕਰ ਇੱਕ ਵਾਰ ਮਨ ਬੁਝ ਗਿਆ ਤਾਂ ਸਾਰੀ ਦੁਨੀਆਂ ਹੀ ਹਨ੍ਹੇਰੀ ਦਿਖਾਈ ਦੇਵੇਗੀ। ਲੋੜ ਹੈ ਸਿਰਫ ਆਪਣੀ ਸੋਚ ਦੀਆਂ ਦਿਸ਼ਾਵਾਂ ਨੂੰ ਬਦਲਣ ਅਤੇ ਗਲਤ ਧਾਰਨਾਵਾਂ ਦਾ ਭਾਰ ਉਤਾਰਨ ਦੀ।

ਜੇਕਰ ਸਾਫ-ਸੁਥਰੇ, ਸਿਹਤਮੰਦ, ਸੁਖੀ ਤੇ ਵਿਕਾਸਮਈ ਜੀਵਨ ਦਾ ਆਨੰਦ ਲੈਣਾ ਹੈ ਤਾਂ ਸਹਿਣਸ਼ੀਲਤਾ ਨੂੰ ਵੀ ਅਪਣਾਉਣਾ ਪਵੇਗਾ। ਬੀਤੇ ਕੱਲ੍ਹ ਕਾਰਨ ਆਪਣੇ ਅੱਜ ਨੂੰ ਨਾ ਵਿਗਾੜੋ। ਗਲਤੀ ਸਮਝ ‘ਚ ਆਉਣ ਤੋਂ ਬਾਅਦ ਉਸ ‘ਤੇ ਵਾਰ-ਵਾਰ ਦੁਖੀ ਹੋਣ ਨਾਲੋਂ ਚੰਗਾ ਹੈ ਕਿ ਅਸੀਂ ਉਸ ਨੂੰ ਮੁੜ ਨਾ ਦੁਹਰਾਉਣ ਦਾ ਪ੍ਰਣ ਲਈਏ, ਜੀਵਨ ਵਿਚ ਸ਼ਾਂਤੀ ਆਪਣੇ-ਆਪ ਪਰਤ ਆਵੇਗੀ। ਜ਼ਿੰਦਗੀ ਵਿਚ ਗਮ, ਖੇੜੇ, ਅਨੁਭਵ, ਕਲਪਨਾ, ਨਫਰਤ, ਪਿਆਰ ਤੇ ਜਜ਼ਬਾਤ ਆਦਿ ਦਾ ਕਾਫਲਾ ਤਾਂ ਨਿਰਵਿਘਨ ਚੱਲਦਾ ਹੀ ਰਹਿਣਾ ਹੈ। ਅਸਲ ਵਿਚ ਸੁਖ ਅਤੇ ਸ਼ਾਂਤੀ ਦਾ ਦਰਸ਼ਨ ਵਿਅਕਤੀ ਦੀ ਮਨੋਦਸ਼ਾ ‘ਤੇ ਵੀ ਨਿਰਭਰ ਕਰਦਾ ਹੈ। ਇਸ ਲਈ ਇਨਸਾਨ ਨੂੰ ਆਪਣੇ ਗੰਦੇ ਵਿਚਾਰਾਂ ਨੂੰ ਤਿਆਗਣਾ ਪੈਣਾ ਹੈ। ਆਪਣੀ ਸੋਚ ਨੂੰ ਸਮੁੰਦਰ ਵਾਂਗ ਵਿਸ਼ਾਲ ਬਣਾ ਲਓ। ਵਿਸ਼ਾਲ ਸੋਚ ਹੀ ਮਨੁੱਖ ਨੂੰ ਉੱਪਰ ਚੁੱਕਦੀ ਹੈ ਅਤੇ ਰੂਹ ਤ੍ਰਿਪਤ ਹੋ ਜਾਂਦੀ ਹੈ ਜਿਸ ਨਾਲ ਸਾਰਾ ਸੰਸਾਰ ਹੀ ਸੁਹਾਵਣਾ ਲੱਗਣ ਲੱਗ ਪਵੇਗਾ।

ਸਮਝੌਤਾ ਸ਼ਾਂਤੀ ਦਾ ਆਧਾਰ ਹੈ। ਇਹ ਵੱਡੀ ਤੋਂ ਵੱਡੀ ਦੁਸ਼ਮਣੀ ਅਤੇ ਮੁਸ਼ਕਲ ਸਥਿਤੀਆਂ ਵਿਚ ਤਾਲਮੇਲ ਬਿਠਾਉਣ ਦਾ ਕਾਰਗਰ ਉਪਾਅ ਹੈ। ਜੀਵਨ ਵਿਚ ਵਾਪਰਨ ਵਾਲੀਆਂ ਘਟਨਾਵਾਂ, ਰਿਸ਼ਤਿਆਂ ਤੇ ਸਥਿਤੀਆਂ ਦਾ ਸਾਹਮਣਾ ਕਰਨ ਵੇਲੇ ਹੰਕਾਰ ਨੂੰ ਛੱਡ ਕੇ ਸਮਝੌਤਾਵਾਦੀ ਨਜ਼ਰੀਆ ਅਪਣਾਓ ਕਿਉਂਕਿ ਇਹ ਸ਼ਾਂਤੀ ਨਾਲ ਜੀਵਨ ਗੁਜ਼ਾਰਨ ਦੀ ਮਹੱਤਵਪੂਰਣ ਕਲਾ ਹੈ। ਸਾਨੂੰ ਦੂਜਿਆਂ ਦੀਆਂ ਸਮੱਸਿਆਵਾਂ, ਨਜ਼ਰੀਏ ਅਤੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਬਣਦਾ ਸਨਮਾਨ ਦੇਣਾ ਚਾਹੀਦਾ ਹੈ ਤੇ ਕਿਸੇ ਵਿਚਕਾਰਲੇ ਰਸਤੇ ‘ਤੇ ਆ ਕੇ ਸਮਝੌਤਾ ਕਰ ਲੈਣਾ ਚਾਹੀਦਾ ਹੈ। ਸਮਝੌਤੇ ਦੀ ਆਦਤ ਨੂੰ ਵਧਾ ਕੇ ਅਸੀਂ ਸ਼ਾਂਤੀ ਦਾ ਆਨੰਦ ਮਾਣ ਸਕਦੇ ਹਾਂ। ਦੂਜਿਆਂ ਵੱਲੋਂ ਮਿਲੇ ਮਾੜੇ ਵਿਵਹਾਰ ਦੀ ਸ਼ਿਕਾਇਤ ਕਰਨ ਨਾਲੋਂ ਚੰਗਾ ਹੈ ਆਪਣੇ-ਆਪ ਨੂੰ ਬਦਲ ਲਓ। ਜਦੋਂ ਅਸੀਂ ਆਪਣੇ-ਆਪ ਨੂੰ ਬਦਲ ਲਵਾਂਗੇ ਤਾਂ ਮਨ ਖਿੜ ਪਵੇਗਾ। ਸੱਜਰੇ ਫੁੱਲਾਂ ਤੇ ਪੱਤਿਆਂ ਵਾਲੇ ਵੰਨ-ਸੁਵੰਨੇ ਰੰਗ ਮਨ ਵਿਚ ਘੁਲ-ਘੁਲ ਪੈਣਗੇ ਅਤੇ ਅਸੀਂ ਖੁਸ਼ੀਆਂ-ਖੇੜਿਆਂ ਦੇ ਜਗਤ ਵਿਚ ਪਹੁੰਚ ਜਾਵਾਂਗੇ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.