ਘਰ ਖਾਲੀ ਕਰਵਾਉਣ ਦੀ ਰੰਜਿਸ਼ ਬਣੀ ਕਤਲ ਦਾ ਕਾਰਨ
ਪਟਿਆਲਾ | ਘਨੌਰ ਅਨਾਜ ਮੰਡੀ ਵਿਖੇ ਵਿਆਹ ਸਮਾਗਮ ‘ਚੋਂ ਅਗਵਾ ਕਰਕੇ ਕਤਲ ਕੀਤੇ ਗਏ ਛੇ ਸਾਲਾ ਮਾਸੂਮ ਮਨਾਨ ਮਲਿਕ ਦੇ ਕਾਤਲਾਂ ਨੂੰ ਪਟਿਆਲਾ ਪੁਲਿਸ ਨੇ ਅੰਜਾਮ ਤੱਕ ਪਹੁੰਚਾ ਦਿੱਤਾ ਹੈ। ਮਨਾਨ ਨੂੰ ਕਤਲ ਕਰਨ ਦੀ ਵਜ੍ਹਾ ਸਿਰਫ਼ ਮਨਾਨ ਦੇ ਦਾਦਾ ਨਸੀਰੂਦੀਨ ਵੱਲੋਂ ਇੱਕ ਘਰ ਨੂੰ ਖਾਲੀ ਕਰਵਾਉਣਾ ਬਣਿਆ। ਇਸ ਰੰਜ਼ਿਸ਼ ਨੂੰ ਮਨ ਵਿੱਚ ਰੱਖਦਿਆਂ ਹੀ ਸੁਨੀਤਾ ਬੇਗਮ ਪਤਨੀ ਰਸੀਦ ਵਾਸੀ ਦਾਣਾ ਮੰਡੀ ਘਨੌਰ ਦੇ ਸਾਥੀ ਅਵਨੀਸ਼ ਕੁਮਾਰ ਉਰਫ ਕਾਲਾ ਨੇ ਮਨਾਨ ਨੂੰ ਵਿਆਹ ਸਮਾਗਮ ‘ਚੋਂ ਅਗਵਾਹ ਕਰਕੇ ਇਸ ਕਤਲ ਕਾਂਡ ਨੂੰ ਬੇਦਰਦ ਤਰੀਕੇ ਨਾਲ ਅੰਜਾਮ ਦਿੱਤਾ। ਪੁਲਿਸ ਨੇ ਇਸ ਅੰਨ੍ਹੇ ਕਤਲ ਮਾਮਲੇ ‘ਚ ਅਵਨੀਸ਼ ਕੁਮਾਰ ਤੇ ਸਨੀਤਾ ਬੇਗਮ ਨੂੰ ਗ੍ਰਿਫਤਾਰ ਕਰਕੇ ਮਨਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਇਆ ਹੈ।
ਇਸ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 5 ਦਸੰਬਰ ਨੂੰ ਦਾਣਾ ਮੰਡੀ ਘਨੌਰ ਵਿਆਹ ਦੇ ਸਮਾਗਮ ‘ਚੋਂ ਮਨਾਨ ਮਲਿਕ ਪੁੱਤਰ ਸੋਹਿਲ ਖਾਨ ਵਾਸੀ ਘਨੌਰ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ਸਬੰਧੀ ਐੱਸਪੀਡੀ ਮਨਜੀਤ ਸਿੰਘ ਬਰਾੜ ਦੀ ਅਗਵਾਈ ‘ਚ ਡੀਐੱਸਪੀ ਸੁਖਮਿੰਦਰ ਸਿੰਘ ਚੌਹਾਨ, ਅਸ਼ੋਕ ਕੁਮਾਰ ਉਪ ਕਪਤਾਨ ਪੁਲਿਸ ਘਨੌਰ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼, ਇੰਸਪੈਕਟਰ ਅਮਨਪਾਲ ਸਿੰਘ ਘਨੌਰ ਦੀ ਇੱਕ ਸਪੈਸ਼ਲ ਇਨਵੈਸ਼ਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। 21 ਦਸੰਬਰ ਨੂੰ ਮਨਾਨ ਦੀ ਗਲੀ ਸੜੀ ਲਾਸ਼ ਨਹਿਰ ਦੇ ਨੇੜੇ ਪਿੰਡ ਲਾਛੜੂ ਖੁਰਦ ਦੇ ਨਾਲ ਲੱਗਦੇ ਸੂਏ ਦੇ ਖਤਾਨਾਂ ਦੀਆਂ ਸੰਘਣੀਆਂ ਝਾੜੀਆਂ ‘ਚੋਂ ਬਰਾਮਦ ਹੋਈ ਸੀ, ਜਿਸ ਸਬੰਧੀ ਡਾਕਟਰਾਂ ਦਾ ਬੋਰਡ ਗਠਿਤ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ। ਇਸ ਦੇ ਨਾਲ ਹੀ ਸਪੈਸ਼ਲ ਫੋਰਾਂਸਿਕ ਸਾਇੰਸ ਲੈਬਾਰਟਰੀ ਮੋਹਾਲੀ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਅਵਨੀਸ਼ ਕੁਮਾਰ ਉਰਫ਼ ਕਾਲਾ ਜੋ ਕਿ ਗੁਰਿੰਦਰ ਸਿੰਘ ਵਾਸੀ ਦੌਣ ਦੀ ਦਲੀਪ ਐਂਡ ਸੰਨਜ ਆੜ੍ਹਤ ਦੀ ਦੁਕਾਨ ਦਾਣਾ ਮੰਡੀ ਘਨੌਰ ਵਿਖੇ ਕਰੀਬ 16 ਸਾਲਾਂ ਤੋਂ ਮੁਨੀਮੀ ਦਾ ਕੰਮ ਕਰਦਾ ਆ ਰਿਹਾ ਹੈ। ਜਿੱਥੇ ਇਸ ਦਾ ਸੰਪਰਕ ਸੁਨੀਤਾ ਬੇਗਮ ਨਾਲ ਹੋ ਗਿਆ ਤੇ ਉਸ ਦੇ ਘਰ ਆਉਣਾ-ਜਾਣਾ ਸੀ। ਸੁਨੀਤਾ ਬੇਗਮ ਪਹਿਲਾਂ ਦਾਣਾ ਮੰਡੀ ਘਨੌਰ ਵਿਖੇ ਮਨਾਨ ਦੇ ਦਾਦਾ ਨਸੀਰੂਦੀਨ ਦੇ ਘਰ ਦੇ ਸਾਹਮਣੇ ਰਹਿੰਦੀ ਸੀ। ਨਸੀਰੂਦੀਨ ਨੇ ਇਹ ਮਕਾਨ ਖਾਲੀ ਕਰਵਾਉਣ ਦੀ ਪੈਰਵਾਈ ਸ਼ੁਰੂ ਕਰ ਦਿੱਤੀ ਸੀ। ਕੁਝ ਦੇਰ ਪਹਿਲਾਂ ਇਹ ਮਕਾਨ ਸਬੰਧਿਤ ਮਹਿਕਮੇ ਮਾਰਕੀਟ ਕਮੇਟੀ ਮੰਡੀ ਬੋਰਡ ਵੱਲੋਂ ਸੁਨੀਤਾ ਬੇਗਮ ਤੋਂ ਖਾਲੀ ਕਰਵਾ ਲਿਆ ਗਿਆ। ਅਵਨੀਸ਼ ਕੁਮਾਰ ਤੇ ਸੁਨੀਤਾ ਬੇਗਮ ਨੂੰ ਇਸ ਗੱਲ ਦਾ ਗਿਲਾ ਸੀ ਕਿ ਨਸੀਰੂਦੀਨ ਨੇ ਇਨ੍ਹਾਂ ਦਾ ਘਰ ਖਾਲੀ ਕਰਵਾਇਆ ਹੈ ਤੇ ਇਹ ਦੋਵਂੇ ਨਸੀਰੂਦੀਨ ਨੂੰ ਸਬਕ ਸਿਖਾਉਣ ਦੀ ਤਾਕ ‘ਚ ਵਿਉਂਤਬੰਦੀ ਕਰਦੇ ਰਹਿੰਦੇ ਸੀ।
ਇਸੇ ਦੌਰਾਨ ਨਸੀਰੂਦੀਨ ਦਾ ਦਾਣਾ ਮੰਡੀ ਘਨੌਰ ਵਿਖੇ ਮਕਾਨ ਹੋਣ ਕਰਕੇ ਉਸ ਦਾ ਪੋਤਾ ਮਨਾਨ ਵੀ ਵਿਆਹ ਸਮਾਗਮ ਵਾਲੀ ਜਗ੍ਹਾ ‘ਤੇ ਗਿਆ ਸੀ, ਉੱਥੋਂ ਹੀ ਮਨਾਨ ਗਾਇਬ ਹੋ ਗਿਆ, ਜਿਸ ਤੋਂ ਬਾਅਦ ਅਵਨੀਸ਼ ਕੁਮਾਰ ਨੇ ਮਨਾਨ ਦਾ ਬੋਰੀ ਦੀਆਂ ਰੱਸੀਆਂ ਨਾਲ ਗੱਲ ਘੁੱਟਕੇ ਕਤਲ ਕਰ ਦਿੱਤਾ ਤੇ ਦੁਕਾਨ ਬੰਦ ਕਰਕੇ ਸੁਨੀਤਾ ਬੇਗਮ ਦੇ ਘਰ ਚਲਾ ਗਿਆ। ਉਸ ਨੇ ਮਨਾਨ ਦੇ ਕਤਲ ਵਾਲੀ ਗੱਲ ਦੱਸੀ ਤੇ ਫਿਰ ਘਨੌਰ ਤੋਂ ਵਾਪਸ ਆਪਣੇ ਘਰ ਚਲਾ ਗਿਆ। ਇਸ ਤੋਂ ਬਾਅਦ ਰਾਤ ਨੂੰ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਿਰ ਦਾਣਾ ਮੰਡੀ ਘਨੌਰ ਵਿਖੇ ਆੜ੍ਹਤ ਦੀ ਦੁਕਾਨ ‘ਤੇ ਗਿਆ, ਜਿੱਥੋਂ ਉਹ ਮਨਾਨ ਦੀ ਲਾਸ਼ ਦੁਕਾਨ ਤੋਂ ਚੁੱਕ ਕੇ ਨਹਿਰ ਨਾਲ ਲੱਗਦੇ ਸੁੱਕੇ ਸੂਏ ‘ਚ ਉਤਰ ਗਿਆ ਤੇ ਸੂਏ ਦੇ ਨਾਲ ਕਰੀਬ ਕਿੱਲੋਮੀਟਰ ਜਾਕੇ ਸੰਘਣੀਆਂ ਝਾੜੀਆਂ ‘ਚ ਸੁੱਟ ਦਿੱਤਾ ਤੇ ਫਿਰ ਸੁਨੀਤਾ ਬੇਗਮ ਦੇ ਘਰ ਚਲਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਛੇ ਸਾਲਾ ਮਾਸੂਮ ਬੱਚੇ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਨ੍ਹਾਂ ਦਰਿੰਦਿਆਂ ਨੂੰ ਫ਼ਾਸੀ ਦੀ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।