ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਵਿਚਾਰ ਲੇਖ ਖੁਸ਼ਨੁਮਾ ਜ਼ਿੰਦਗ...

    ਖੁਸ਼ਨੁਮਾ ਜ਼ਿੰਦਗੀ ਜਿਉਣ ਦੀ ਕਲਾ

    ਖੁਸ਼ਨੁਮਾ ਜ਼ਿੰਦਗੀ ਜਿਉਣ ਦੀ ਕਲਾ

    ਜ਼ਿੰਦਗੀ ਬਹੁਤ ਹੀ ਕਠਿਨਾਈਆਂ ਅਤੇ ਉਤਰਾਅ-ਚੜ੍ਹਾਅ ਨਾਲ ਭਰਪੂਰ ਹੁੰਦੀ ਹੈ। ਜ਼ਿੰਦਗੀ ਵਿਚ ਜੇਕਰ ਖੁਸ਼ੀਆਂ ਹਨ ਤਾਂ ਦੁੱਖ ਵੀ ਹਨ। ਜਿੱਤ ਹੈ ਤਾਂ ਹਾਰ ਵੀ ਹੈ। ਆਸ਼ਾ ਹੈ ਤਾਂ ਨਿਰਾਸ਼ਾ ਵੀ ਹੈ। ਨਫ਼ਾ ਹੈ ਤਾਂ ਨੁਕਸਾਨ ਵੀ ਹੈ। ਇਹ ਸਾਰੀਆਂ ਚੀਜ਼ਾਂ ਇੱਕ-ਦੂਜੇ ਦੇ ਪੂਰਕ ਹਨ। ਇਹਨਾਂ ਵਿੱਚ ਸੰਤੁਲਨ ਬਣਾ ਕੇ ਹੀ ਜ਼ਿੰਦਗੀ ਜਿਉਣ ਦਾ ਲੁਤਫ਼ ਲਿਆ ਜਾ ਸਕਦਾ ਹੈ। ਜ਼ਿੰਦਗੀ ਸਾਨੂੰ ਖ਼ੁਸ਼ ਹੋਣ ਦੇ ਬੇਅੰਤ ਮੌਕੇ ਦਿੰਦੀ। ਖੁਸ਼ੀ ਦਾ ਇੱਕ ਮੌਕਾ ਹੱਥੋਂ ਨਿੱਕਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਜਿਹਾ ਮੌਕਾ ਦੁਬਾਰਾ ਨਹੀਂ ਮਿਲੇਗਾ। ਅਸਲ ਵਿੱਚ ਅਸੀਂ ਖ਼ੁਦ ਹੀ ਮੰਨ ਲੈਂਦੇ ਹਾਂ ਕਿ ਇਸ ਤੋਂ ਬਿਹਤਰ ਸਾਡੇ ਲਈ ਕੁਝ ਵੀ ਨਹੀਂ ਸੀ। ਆਖਿਰ ਨੂੰ ਇਹ ਸੱਚ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਆਉਣ ਵਾਲੇ ਸੁਨਹਿਰੀ ਮੌਕਿਆਂ ਨੂੰ ਅਸੀਂ ਖ਼ੁਦ ਹੀ ਠੁਕਰਾ ਦਿੰਦੇ ਹਾਂ।

    ਚੰਗੀ ਜ਼ਿੰਦਗੀ ਜਿਉਣ ਦੇ ਬਹੁਤ ਸਾਰੇ ਛੋਟੇ-ਛੋਟੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਖੁਸ਼ਨੁਮਾ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਦੁਨੀਆਂ ਦੀ ਪ੍ਰਵਾਹ ਨਾ ਕਰੋ, ਆਪਣੇ ਹਿਸਾਬ ਨਾਲ ਜ਼ਿੰਦਗੀ ਜੀਓ। ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ। ਜੋ ਦਿਲ ਕਰਦਾ ਹੈ ਖਾਓ ਜੋ ਦਿਲ ਕਰਦਾ ਹੈ ਪਹਿਨੋ। ਜੋ ਦਿਲ ਕਰਦਾ ਹੈ ਉਹ ਕਰੋ ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਆਪਣੇ-ਆਪ ਨੂੰ ਖੁਸ਼ ਕਰਨ ਲਈ। ਪਹਿਲਾਂ ਹੱਕ ਤੁਹਾਡਾ ਬਣਦਾ ਹੈ ਕਿ ਤੁਸੀਂ ਖੁਦ ਖੁਸ਼ ਰਹੋ। ਹਾਂ ਕਿਸੇ ਨੂੰ ਦੁਖੀ ਕਰਕੇ ਖੁਸ਼ ਹੋਣਾ ਗਲਤ ਹੈ।

    ਜੇਕਰ ਤੁਹਾਡਾ ਆਪਣਾ-ਆਪ ਖੁਸ਼ ਨਹੀਂ ਹੈ ਤਾਂ ਤੁਸੀਂ ਦੂਸਰਿਆਂ ਨੂੰ ਕਿਵੇਂ ਖੁਸ਼ ਰੱਖ ਸਕਦੇ ਹੋ। ਅਪਣੇ-ਆਪ ਨੂੰ ਪਿਆਰ ਕਰੋ। ਦੂਸਰਿਆਂ ਦੇ ਹਿਸਾਬ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਨਾ ਕਰੋ ।ਤਹਾਨੂੰ ਕੋਈ ਖੁਸ਼ ਨਹੀਂ ਰੱਖ ਸਕਦਾ ਜਿੰਨਾ ਤੁਸੀਂ ਅਪਣੇ-ਆਪ ਖੁਦ ਨੂੰ ਰੱਖ ਸਕਦੇ ਹੋ। ਹਮੇਸ਼ਾ ਪੈਸਿਆਂ ਲਈ ਕੰਮ ਨਾ ਕਰੋ। ਅਪਣੇ-ਆਪ ਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਨਾ ਬਣਾਓ। ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ। ਜੇਕਰ ਤੁਸੀਂ ਆਪਣੇ-ਆਪ ਨੂੰ ਸੰਪੂਰਨ ਸਮਝਣ ਲੱਗ ਪਏ ਤਾਂ ਸਿੱਖਣ ਦੇ ਸਾਰੇ ਅਵਸਰ ਗੁਆ ਦੇਵੋਗੇ। ਬਹੁਤ ਜ਼ਿਆਦਾ ਪੜ੍ਹਿਆ-ਲਿਖਿਆ ਵਿਅਕਤੀ ਵੀ ਕਿਸੇ ਅਨਪੜ੍ਹ, ਬੱਚੇ ਜਾਂ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਸਿੱਖਣ ਦੀ ਕੋਈ ਉਮਰ ਜਾਂ ਸੀਮਾ ਨਹੀਂ ਹੁੰਦੀ।
    ਕਿਤਾਬਾਂ, ਮੈਗਜ਼ੀਨ, ਅਖ਼ਬਾਰ ਪੜ੍ਹਨ ਦੀ ਆਦਤ ਬਣਾਓ।

    ਹੋ ਸਕੇ ਤਾਂ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ ਕਰ ਦਿਓ। ਜੇਕਰ ਕੋਈ ਫਿਰ ਵੀ ਜਾਣ-ਬੁੱਝ ਕੇ ਤੁਹਾਡਾ ਗਲਤ ਕਰਦਾ ਹੈ ਤਾਂ ਉਸ ਨਾਲ ਉਲਝਣ ਦੀ ਬਜਾਏ ਉਸ ਤੋਂ ਕਿਨਾਰਾ ਕਰ ਲਵੋ। ਜੇਕਰ ਤੁਸੀਂ ਗਲਤ ਹੋ ਤਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਬਹੁਤ ਆਸਾਨ ਹੁੰਦੀ ਹੈ ਜਦੋਂ ਲੋਕਾਂ ਦੀਆਂ ਬੁਰਾਈਆਂ ਦੇਖਣ ਦੀ ਬਜਾਏ ਚੰਗਿਆਈਆਂ ਵੇਖਦੇ ਹੋ। ਜੋ ਤੁਹਾਡੇ ਕੋਲ ਹੈ ਉਸ ਵਿੱਚ ਹੀ ਖੁਸ਼ ਰਹਿਣਾ ਸਿੱਖੋ। ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੋ। ਕੋਈ ਵੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ ਤੁਸੀਂ ਖੁਦ ਹੀ ਅਪਣੀਆਂ ਸਮੱਸਿਆਵਾਂ ਦਾ ਹੱਲ ਬਿਹਤਰੀਨ ਤਰੀਕੇ ਨਾਲ ਕਰ ਸਕਦੇ ਹੋ।

    ਆਪਣੇ ਅਤੀਤ ਅਤੇ ਭਵਿੱਖ ਬਾਰੇ ਜ਼ਿਆਦਾ ਨਾ ਸੋਚੋ, ਵਰਤਮਾਨ ਵਿੱਚ ਜੀਓ। ਇਮਾਨਦਾਰ ਬਣੋ। ਕੁਦਰਤ ਨਾਲ ਪੰਛੀਆਂ ਨਾਲ ਪਿਆਰ ਕਰੋ। ਕਦੇ-ਕਦੇ ਸਭ ਕੁਝ ਭੁੱਲ ਕੇ ਬੱਚਿਆਂ ਵਰਗੇ ਬਣਕੇ ਜਿਉਂ ਕੇ ਦੇਖੋ। ਬਜ਼ੁਰਗਾਂ ਕੋਲ ਬੈਠੋ ਉਹਨਾਂ ਤੋਂ ਉਹਨਾਂ ਦੇ ਤਜ਼ਰਬਿਆਂ ਬਾਰੇ ਜਾਣਕਾਰੀ ਲਵੋ। ਕਿਉਂਕਿ ਉਹਨਾਂ ਦੀ ਜ਼ਿੰਦਗੀ ਤਜ਼ਰਬਿਆਂ ਭਰਪੂਰ ਹੁੰਦੀ ਹੈ। ਛੋਟੇ-ਛੋਟੇ ਉਹ ਕੰਮ ਕਰੋ ਜਿਸ ਨਾਲ ਤਹਾਨੂੰ ਖੁਸ਼ੀ ਮਿਲਦੀ ਹੈ। ਪੈਸਾ ਖੁਸ਼ਨੁਮਾ ਜ਼ਿੰਦਗੀ ਬਤੀਤ ਕਰਨ ਦਾ ਸਾਧਨ ਨਹੀਂ ਹੈ। ਹਜ਼ਾਰਾਂ ਉਹ ਲੋਕ ਹਨ ਜਿਨ੍ਹਾਂ ਕੋਲ ਪੈਸਾ ਬਹੁਤ ਹੈ ਪਰ ਖੁਸ਼ੀਆਂ ਭਰੀ ਜ਼ਿੰਦਗੀ ਨਹੀਂ। ਕਦੇ ਵੀ ਆਪਣੇ ਪੈਸੇ, ਰੁਤਬੇ ਦਾ ਗੁਮਾਨ ਨਾ ਕਰੋ ਹਜ਼ਾਰਾਂ ਲੋਕ ਮਿੱਟੀ ਵਿੱਚ ਦਫਨ ਹੋ ਗਏ ਜੋ ਸੋਚਦੇ ਸਨ ਕਿ ਸਾਡੇ ਬਿਨਾਂ ਦੁਨੀਆਂ ਚੱਲ ਹੀ ਨਹੀਂ ਸਕਦੀ। ਇਸ ਲਈ ਹੰਕਾਰੀ ਨਾ ਬਣੋ ਕਦੇ-ਕਦੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ।

    Hell, Life, Get, Rid, Deliverance, Chitta

    ਜਦੋਂ ਤੁਸੀਂ ਦੁਕਾਨ ਜਾਂ ਨੌਕਰੀ ‘ਤੇ ਜਾਂਦੇ ਹੋ ਤਾਂ ਆਪਣੀਆਂ ਘਰੇਲੂ ਸਮੱਸਿਆਵਾਂ ਨੂੰ ਘਰ ਹੀ ਛੱਡ ਜਾਓ ਉਹਨਾਂ ਨੂੰ ਅਪਣੇ ਕੰਮ ਵਾਲੇ ਸਥਾਨ ‘ਤੇ ਨਾ ਲੈ ਕੇ ਜਾਓ। ਜਦੋਂ ਘਰ ਆਓ ਤਾਂ ਆਪਣੀ ਦੁਕਾਨਦਾਰੀ, ਨੌਕਰੀ ਘਰ ਨਾ ਲੈ ਕੇ ਆਓ। ਸਿਰਫ ਪਤੀ, ਪਿਤਾ, ਪੁੱਤਰ, ਪਤਨੀ, ਪੁੱਤਰੀ, ਮਾਂ ਜਾਂ ਨੂੰਹ ਹੀ ਘਰ ਆਵੇ ਨਾ ਕਿ ਉਹਨਾਂ ਦੀ ਦੁਕਾਨਦਾਰੀ ਜਾਂ ਨੌਕਰੀ। ਜਦੋਂ ਅਸੀਂ ਆਪਣੇ ਕੰਮ, ਨੌਕਰੀ ਅਤੇ ਘਰ ਵਿੱਚ ਤਾਲਮੇਲ ਬੈਠਾ ਲੈਂਦੇ ਹਾਂ ਤਾਂ ਫਿਰ ਸਾਡੀ ਜ਼ਿੰਦਗੀ ਖੁਸ਼ਨੁਮਾ ਹੋ ਜਾਂਦੀ ਹੈ।

    ਕਿਸੇ ਤੋਂ ਡਰੋ ਨਾ। ਇਨਸਾਨ ਤੋਂ ਤਾਕਤਵਰ ਕੋਈ ਨਹੀਂ ਹੈ ਇਸ ਧਰਤੀ ‘ਤੇ। ਬੁਰਾ ਕੰਮ ਕਰੋ ਨਾ। ਹਮੇਸ਼ਾ ਸੱਚਾਈ ਦੇ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰੋ। ਹਾਂ, ਜੇਕਰ ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਬੁਰਾ ਜਾਂ ਨੁਕਸਾਨ ਹੁੰਦਾ ਹੈ ਤਾਂ ਅਜਿਹੇ ਸੱਚ ਤੋਂ ਚੁੱਪ ਭਲੀ ਹੈ। ਹਰ ਵੇਲੇ ਮਰੂੰ-ਮਰੂੰ ਨਾ ਕਰੋ। ਛੋਟੀ ਤੋਂ ਛੋਟੀ ਖੁਸ਼ੀ ਦਾ ਵੀ ਆਨੰਦ ਮਾਣੋ। ਕਿਉਂਕਿ ਇੱਕ ਦਿਨ ਪਿੱਛੇ ਮੁੜ ਕੇ ਦੇਖੋਗੇ ਤਾਂ ਤਹਾਨੂੰ ਅਹਿਸਾਸ ਹੋਵੇਗਾ ਕਿ ਇਹ ਖੁਸ਼ੀਆਂ ਕਿੰਨੀਆਂ ਵੱਡੀਆਂ ਸਨ।

    ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ ਆਪਣੇ ਪਰਿਵਾਰ ਨਾਲ ਖੁਸ਼ਨੁਮਾ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਜ਼ਿੰਦਗੀ ਖੁਸ਼ੀ-ਖੁਸ਼ੀ ਜਿਉਣ ਦੀ ਕੋਸ਼ਿਸ਼ ਕਰੋ। ਜਿੰਦਗੀ ਬਹੁਤ ਖੂਬਸੂਰਤ ਹੈ ਬੱਸ ਉਸਨੂੰ ਦੇਖਣ ਦਾ ਨਜ਼ਰੀਆ ਬਦਲਣ ਦੀ ਲੋੜ ਹੈ।
    ਝੁਨੀਰ
    ਮੋ. 97791-98462
    ਰਜਿੰਦਰ ਸਿੰਘ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here