ਕਾਂਗਰਸ ਨੇ ਮੰਗੀਆਂ ਅਰਜ਼ੀਆਂ, 20 ਤੱਕ ਪੇਸ਼ ਕਰਨੀ ਹੋਵੇਗੀ ਉਮੀਦਵਾਰੀ ਦੀ ਇੱਛਾ

117 ਵਿਧਾਨ ਸਭਾ ਹਲਕੇ ਤੋਂ ਮੰਗੀਆਂ ਗਈਆਂ ਅਰਜ਼ੀਆਂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਵੱਲੋਂ ਅਧਿਕਾਰਤ ਤੌਰ ’ਤੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਚਾਹਵਾਨਾਂ ਤੋਂ ਅਰਜ਼ੀਆਂ ਦੀ ਮੰਗ ਕਰ ਦਿੱਤੀ ਹੈ। ਪੰਜਾਬ ਦੇ ਕਾਂਗਰਸੀ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਦੇ ਹੋਏ ਅਪਲਾਈ ਕਰ ਸਕਦੇ ਹਨ। ਇਸ ਲਈ 20 ਦਸੰਬਰ ਆਖਰੀ ਤਾਰੀਖ਼ ਰੱਖੀ ਗਈ ਹੈ ਤਾਂ ਕਿ ਇਸ ਤੋਂ ਬਾਅਦ ਚੋਣ ਕਮੇਟੀ ਆਪਣਾ ਕੰਮ ਸ਼ੁਰੂ ਕਰਦੇ ਹੋਏ ਇਨਾਂ ਅਰਜ਼ੀਆਂ ਨੂੰ ਦੇਖਣ ਤੋਂ ਬਾਅਦ ਛੋਟੀ ਲਿਸਟ ਤਿਆਰ ਕਰਦੇ ਹੋਏ ਸਕ੍ਰੀਨਿੰਗ ਕਮੇਟੀ ਕੋਲ ਭੇਜੇ। ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਲਈ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕੇ।

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਯੋਗਿੰਦਰ ਪਾਲ ਢੀਂਗਰਾਂ ਨੇ ਵੀਰਵਾਰ ਨੂੰ ਫਾਰਮ ਜਾਰੀ ਕਰਦੇ ਹੋਏ ਇਹ ਕਿਹਾ ਹੈ ਕਿ ਹੁਣ ਜਿਆਦਾ ਸਮਾਂ ਨਾ ਹੋਣ ਕਰਕੇ ਉਮੀਦਵਾਰਾਂ ਦੀ ਇੱਛਾ ਰੱਖਣ ਵਾਲੇ ਕਾਂਗਰਸੀਆਂ ਨੂੰ ਜ਼ਿਆਦਾ ਸਮਾਂ ਨਹੀਂ ਦਿੱਤਾ ਜਾ ਸਕਦਾ ਹੈ। ਇਸ ਲਈ 20 ਦਸੰਬਰ ਸੋਮਵਾਰ ਸ਼ਾਮ 5 ਵਜੇ ਤੱਕ ਹੀ ਕਾਂਗਰਸੀਆਂ ਵੱਲੋਂ ਆਪਣੀ ਅਰਜ਼ੀਆਂ ਨੂੰ ਭੇਜਣਾ ਹੋਏਗਾ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੀ ਅਰਜ਼ੀ ਨਹੀਂ ਲਈ ਜਾਵੇਗੀ। ਯੋਗਿੰਦਰਪਾਲ ਢੀਂਗਰਾਂ ਵੱਲੋਂ ਅਰਜ਼ੀਆਂ ਦੀ ਮੰਗ ਸਬੰਧੀ ਫਾਰਮ ਜਾਰੀ ਕਰਨ ਤੋਂ ਬਾਅਦ ਹੁਣ ਵਿਧਾਨ ਸਭਾ ਹਲਕੇ ਵਿੱਚ ਇਸ ਫਾਰਮ ਨੂੰ ਭਰ ਕੇ ਦੇਣ ਦੀ ਹੋੜ ਲਗਦੀ ਵੀ ਨਜ਼ਰ ਆਏਗੀ।

ਕਾਂਗਰਸ ਪਾਰਟੀ ਵੱਲੋਂ 177 ਵਿਧਾਨ ਸਭਾ ਹਲਕੇ ਵਿੱਚੋਂ ਲਗਭਗ 1000 ਹਜ਼ਾਰ ਫਾਰਮ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ। ਕੁਝ ਕਾਂਗਰਸੀ ਲੀਡਰ ਇੱਕ ਦੀ ਥਾਂ ਦੋ ਜਾਂ ਫਿਰ ਤਿੰਨ ਵਿਧਾਨ ਸਭਾ ਸੀਟ ਤੋਂ ਵੀ ਆਪਣਾ ਇੱਛਾ ਜ਼ਾਹਿਰ ਕਰਦੇ ਹਨ ਤਾਂ ਕਿ ਜੇਕਰ ਕਿਸੇ ਵਿਧਾਨ ਸਭਾ ਸੀਟ ਤੋਂ ਟਿਕਟ ਮਿਲਣ ਵਿੱਚ ਦਿੱਕਤ ਆਵੇ ਤਾਂ ਹੋਰ ਵਿਧਾਨ ਸਭਾ ਸੀਟ ਤੋਂ ਟਿਕਟ ਲੈਣ ਦੀ ਵਿਕਲਪ ਖੁਲਾ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ