ਕਿਹਾ : ਥਰਮਲ ਦੀਆਂ ਚਿਮਨੀਆਂ ਨੂੰ ਤੋੜਨ ਲਈ ਲਾਸ਼ਾਂ ਉੱਪਰੋਂ ਲੰਘਣਾ ਪਵੇਗਾ
ਬਠਿੰਡਾ, (ਸੁਖਜੀਤ ਮਾਨ) ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਤੋੜ ਕੇ ਇਹ ਜ਼ਮੀਨ ਪੁੱਡਾ ਨੂੰ ਦੇਣ ਦੇ ਫੈਸਲੇ ਨਾਲ ਸਰਕਾਰ ਵਿਰੋਧੀ ਧਿਰਾਂ ਸਰਗਰਮ ਹੋ ਗਈਆਂ ਅੱਜ ਇੱਥੇ ਸ੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਆਗੂਆਂ ਵੱਲੋਂ ਤਿੱਖੜ ਦੁਪਹਿਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਕਾਲੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਥਰਮਲ ਦੀਆਂ ਚਿਮਨੀਆਂ ਤੋੜਨ ਨਹੀਂ ਦੇਣਗੇ ਜੇ ਸਰਕਾਰ ਨੇ ਤੋੜਨੀਆਂ ਨੇ ਤਾਂ ਉਨ੍ਹਾਂ ਦੀਆਂ ਲਾਸ਼ਾਂ ਉੱਤੋਂ ਦੀ ਲੰਘਕੇ ਜਾਣਾ ਪਵੇਗਾ ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਵੀ ਫੂਕਿਆ
ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਬਠਿੰਡਾ ਦੇ ਵਿਧਾਇਕ ਅਤੇ ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਲੋਕਾਂ ਨਾਲ ਵਿਸ਼ਵਾਸ-ਘਾਤ ਕੀਤਾ ਹੈ ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲੜੀ ਨੰਬਰ 14 ਵਿੱਚ ਵਾਅਦਾ ਕੀਤਾ ਸੀ ਕਿ ਬਠਿੰਡਾ ਦੇ ਥਰਮਲ ਨੂੰ ਬੰਦ ਨਹੀਂ ਕੀਤਾ ਜਾਵੇਗਾ ਪਰ ਉਹ ਆਪਣੇ ਵਾਅਦੇ ‘ਤੇ ਪੂਰੇ ਨਹੀਂ ਉੱਤਰੇ ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੀ ਹਰ ਗਲੀ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ”ਮੈਂ ਥਰਮਲ ਦੀਆਂ ਉਦਾਸ ਪਈਆਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਦਾ ਦੇਖਣਾਂ ਚਾਹੁੰਦਾ ਹਾਂ” ਅਕਾਲੀ ਆਗੂਆਂ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਥਰਮਲ ਦੀਆਂ ਚਿਮਨੀਆਂ ਦੀ ਥਾਂ ਉਹਨਾਂ ਨੇ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਹੀ ਧੂੰਆਂ ਕੱਢ ਦਿੱਤਾ
ਸ਼੍ਰੀ ਸਿੰਗਲਾ ਨੇ ਚਿਤਾਵਨੀ ਦਿੱਤੀ ਕਿ ਬਠਿੰਡਾ ਦੇ ਥਰਮਲ ਨੂੰ ਕਿਸੇ ਵੀ ਕੀਮਤ ‘ਤੇ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ ਤੇ ਥਰਮਲ ਦੀਆਂ ਚਿਮਨੀਆਂ ਨੂੰ ਤੋੜਨ ਲਈ ਪੰਜਾਬ ਸਰਕਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਉੱਪਰੋਂ ਲੰਘਣਾ ਪਵੇਗਾ ਉਹਨਾਂ ਇਸ ਮੌਕੇ ਧਰਨੇ ‘ਚ ਪੁੱਜੇ ਉੜੀਆਂ ਕਲੋਨੀ ਦੇ ਵਸਨੀਕਾਂ ਨੂੰ ਵੀ ਭਰੋਸਾ ਦਿਵਾਇਆ ਕਿ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ
ਸ੍ਰੀ ਸਿੰਗਲਾ ਨੇ ਸਖਤ ਲਹਿਜੇ ‘ਚ ਕਿਹਾ ਕਿ ਇਹ ਥਰਮਲ ਪਲਾਂਟ ਸ਼੍ਰੀ ਗੁਰੂ ਨਾਨਕ ਦੇ ਜੀ ਦੇ ਨਾਮ ‘ਤੇ ਹੈ, ਗੁਰੂਆਂ ਦੀਆਂ ਨਿਸ਼ਾਨੀਆਂ ਨੂੰ ਮਿਟਾਉਣ ਵਾਲੇ ਪੰਜਾਬ ਦੇ ਕਾਂਗਰਸੀ ਸਿਆਸੀ ਨਕਸ਼ੇ ਤੋਂ ਸਦਾ ਲਈ ਮਿਟ ਜਾਣਗੇ ਇਸ ਰੋਸ਼ ਮੁਜਾਹਰੇ ਨੂੰ ਸ਼੍ਰੀ ਸਿੰਗਲਾ ਤੋਂ ਇਲਾਵਾ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਮੋਹਨਜੀਤ ਪੁਰੀ, ਸਰਕਲ ਪ੍ਰਧਾਨ ਕੁਲਦੀਪ ਨੰਬਰਦਾਰ, ਸਾਬਕਾ ਕੌਂਸਲਰ ਹੰਸਰਾਜ ਮਿੱਠੂ ਅਤੇ ਯੂਥ ਆਗੂ ਪਰਮਪਾਲ ਬਰਾੜ ਨੇ ਸੰਬੋਧਨ ਕੀਤਾ
ਇਸ ਮੌਕੇ ਇਕਬਾਲ ਬਬਲੀ ਢਿੱਲੋ, ਦਲਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਭੁੱਲਰ, ਡਾ. ਓਮ ਪ੍ਰਕਾਸ ਸ਼ਰਮਾਂ ਜਿਲਾ ਪ੍ਰੈੱਸ ਸਕੱਤਰ, ਨਿਰਮਲ ਸੰੰਧੂ,ਵਿਜੈ ਕੁਮਾਰ, ਰਾਜਿੰਦਰ ਸਿੰਘ ਮਾਨ, ਗੁਰਬਚਨ ਖੁੰਭਣ, ਹਰਵਿੰਦਰ ਸਰਮਾਂ ਗੰਜੂ, ਜਗਸੀਰ ਬੰਗੀ, ਹਰਜਿੰਦਰ ਸ਼ਿੰਦਾ ਸਮੇਤ ਵੱਡੀ ਹੋਰ ਕਈ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ
ਧਰਨਾਕਾਰੀਆਂ ਖਿਲਾਫ਼ ਪੁਲਿਸ ਕਾਰਵਾਈ ਦੀ ਤਿਆਰੀ
ਡੀਐਸਪੀ ਅਸ਼ਵੰਤ ਸਿੰਘ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਕੀਤਾ ਗਿਆ ਹੈ ਅਤੇ ਕੋਰੋਨਾ ਮਹਾਂਮਾਰੀ ਕਾਰਨ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਇਸ ਪ੍ਰਦਰਸ਼ਨ ‘ਚ ਉਲੰਘਣਾ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਧਾਰਾ 144 ਦੇ ਹੁਕਮ ਜ਼ਾਰੀ ਕੀਤੇ ਹੋਏ ਹਨ ਗੱਡੀ ‘ਤੇ ਸਪੀਕਰ ਲਾਉਣ ਦੀ ਇਜ਼ਾਜਤ ਲਈ ਗਈ ਸੀ ਜਾਂ ਨਹੀਂ ਇਸ ਸਬੰਧੀ ਪੈਰਵਾਈ ਕਰਨ ਲਈ ਪੁਲਿਸ ਨੇ ਸਪੀਕਰ ਵਾਲੀ ਗੱਡੀ ਵੀ ਆਪਣੇ ਕਬਜ਼ੇ ‘ਚ ਲੈ ਲਈ ਪੁਲਿਸ ਜਦੋਂ ਗੱਡੀ ਨੂੰ ਲਿਜਾ ਰਹੀ ਸੀ ਤਾਂ ਕਈ ਅਕਾਲੀ ਆਗੂਆਂ ਨੇ ਅੱਗੇ ਹੋ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ
ਅਸੀਂ ਕੋਈ ਸੜਕ ਜਾਮ ਨਹੀਂ ਕੀਤੀ : ਸਿੰਗਲਾ
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਮਨਜ਼ੂਰੀ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਦੌਰਾਨ ਉੱਥੇ ਬੈਠਣ ਆਦਿ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਨਾ ਹੀ ਉਹ ਉੱਥੇ ਬੈਠੇ ਹਨ ਉਨ੍ਹਾਂ ਆਖਿਆ ਕਿ ਉਨ੍ਹਾਂ ਕੋਈ ਸੜਕ ਵੀ ਜਾਮ ਨਹੀਂ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।