ਸੀਨੀਅਰ ਲੀਡਰਸ਼ਿਪ ਸਮੇਤ ਪੂਰੇ ਕਾਡਰ ਦੀ ਹਾਰ ਨੇ ਸਿਆਸੀ ਕਿਆਸਾਂ ਨੂੰ ਤੇਜ਼ ਕੀਤਾ
(ਤਰੁਣ ਕੁਮਾਰ ਸ਼ਰਮਾ) ਨਾਭਾ। 16ਵੀਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਡਿੱਗਦੇ ਪ੍ਰਦਰਸ਼ਨ ਨੇ ਸਿਆਸੀ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਸੰਘਰਸ਼ੀ ਅਤੇ ਮੋਰਚਿਆਂ ਦੀ ਪਾਰਟੀ ਹੈ ਜਿਸ ਨੇ ਆਜ਼ਾਦੀ ਤੋਂ ਪਹਿਲਾਂ ਵੀ ਚੋਣਾਂ ਲੜੀਆਂ ਅਤੇ ਆਜ਼ਾਦੀ ਤੋਂ ਬਾਅਦ ਵੀ। ਸੰਨ 1957 ’ਚ ਕਾਂਗਰਸ ’ਚ ਰਲੇਵੇਂ ਅਤੇ 1992 ਦੇ ਬਾਈਕਾਟ ਤੋਂ ਇਲਾਵਾ ਅਕਾਲੀ ਦਲ ਨੇ ਆਜਾਦੀ ਤੋਂ ਪਹਿਲਾਂ ਸੰਨ 1936, 1946 ਅਤੇ ਆਜਾਦੀ ਤੋਂ ਬਾਅਦ ਸੰਨ 1952, 1962 ਸਮੇਤ ਪੰਜਾਬ ਦੇ ਪੁਨਰਗਠਨ ਬਾਅਦ ਸੰਨ 1967, 1969, 1972, 1977, 1980, 1985, 1997, 2002, 2007, 2012, 2017 ਅਤੇ 2022 ਦੀਆਂ ਚੋਣਾਂ ਲੜੀਆਂ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਮਾੜਾ ਸਿਆਸੀ ਪ੍ਰਦਰਸ਼ਨ ਕਦੇ ਵੀ ਨਹੀਂ ਰਿਹਾ।
ਮੌਜੂਦਾ ਚੋਣ ਨਤੀਜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਮਾਝਾ, ਮਾਲਵਾ ਤੇ ਦੋਆਬਾ ਤਿੰਨਾਂ ਖੇਤਰਾਂ ਤੋਂ ਇੱਕ-ਇੱਕ ਸੀਟ ਪ੍ਰਾਪਤ ਕਰਕੇ ਕੁੱਲ ਤਿੰਨ ਸੀਟਾਂ ’ਤੇ ਸਿਮਟ ਕੇ ਰਹਿ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਦੂਜੀਆਂ ਸਿਆਸੀ ਪਾਰਟੀਆਂ ਦੀਆਂ ਗੁੱਟਬੰਦੀਆਂ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਏਕੇ ਦੀ ਬਰਕਤ ਦਾ ਲਾਹਾ ਖੱਟਦਾ ਹੋਇਆ ਪਹਿਲੀ ਕਤਾਰ ਵਿੱਚ ਨਜ਼ਰ ਜਰੂਰ ਆ ਰਿਹਾ ਸੀ ਪ੍ਰੰਤੂ ਦਹਾਕੇ ਦੀ ਸੱਤਾ ਬਾਅਦ ਪੰਜ ਸਾਲ ਸੱਤਾ ਤੋਂ ਦੂਰ ਰਹਿ ਕੇ ਸਿਆਸੀ ਤੌਰ ’ਤੇ ਸਰਗਰਮ ਅਤੇ ਉੱਭਰਦਾ ਨਜ਼ਰ ਆ ਰਿਹਾ ਅਕਾਲੀ ਦਲ ਖੇਤੀਬਾੜੀ ਕਾਨੂੰਨਾਂ ਅਤੇ ਪਰਿਵਾਰਵਾਦ ਸਮੇਤ ਆਪਣੇ ਸਿਧਾਂਤਾਂ ਤੋਂ ਹਟਣ ਦੇ ਦੋਸ਼ਾਂ ਅਧੀਨ ਆਪਣੇ ਵਿਰਾਸਤੀ ਵੋਟ ਬੈਂਕ ਨੂੰ ਬਚਾਉਣ ਵਿੱਚ ਅਸਫਲ ਨਜਰ ਆਇਆ। ਹਾਲਾਤ ਇਹ ਹੋ ਗਏ ਸਨ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਪੂਰਾ ਕਾਡਰ ਚੋਣਾਂ ਹਾਰ ਕੇ ਦਹਾਈ ਦੇ ਅੰਕੜੇ ਤੱਕ ਨਹੀਂ ਅੱਪੜ ਸਕਿਆ। ਅਜਿਹਾ ਪਹਿਲੀ ਵਾਰ ਦੇਖਣ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਆਪ ਖ਼ੁਦ ਹੀ ਚੋਣਾਂ ਵਿੱਚ ਹਾਰ ਗਿਆ ਹੋਵੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜੀਅ ਤੋੜ ਮਿਹਨਤ ਕਰਕੇ ਤੂਫ਼ਾਨੀ ਚੋਣ ਪ੍ਰਚਾਰ ਕੀਤਾ ਪ੍ਰੰਤੂ ਦੂਰਅੰਦੇਸ਼ੀ ਵਿਜਨ ਅਤੇ ਸਿਆਸੀ ਰਣਨੀਤੀਆਂ ਦੀ ਘਾਟ ਪਹਿਲੀ ਨਜਰੇ ਰੜਕਦੀ ਰਹੀ।
1985 ਦੀ ਬਰਨਾਲਾ ਸਰਕਾਰ ਨੂੰ ਛੱਡ ਅਕਾਲੀ ਦਲ ਭਾਜਪਾ ਦੀ ਭਾਈਵਾਲੀ ਨਾਲ ਹੀ ਸੱਤਾ ਸੁੱਖ ਮਾਣਦਾ ਰਿਹਾ। 1997 ਦੀਆਂ ਚੋਣਾਂ ’ਚ ਭਾਜਪਾ ਨਾਲ 93 ਸੀਟਾਂ ਪ੍ਰਾਪਤ ਕਰਨ ਵਾਲੇ ਅਕਾਲੀ ਦਲ ਦਾ 2022 ਦੀਆਂ ਚੋਣਾਂ ’ਚ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਹੈ ਜਿਸ ਲਈ ਪਾਰਟੀ ਹਾਈਕਮਾਡ ਨੂੰ ਗੰਭੀਰ ਚਿੰਤਨ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਪਣੇ ਗੁਆਏ ਵਿਰਾਸਤੀ ਵੋਟ ਬੈਂਕ ਨੂੰ ਮੁੜ ਆਕਰਸ਼ਤ ਅਤੇ ਸੁਰਜੀਤ ਕਰਨ ਲਈ ਅਕਾਲੀ ਲੀਡਰਸ਼ਿਪ ਭਵਿੱਖ ’ਚ ਕਿੰਨੀ ਗੰਭੀਰਤਾ ਨਾਲ ਕੰਮ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ