ਅਕਾਲੀ ਦਲ ਹੁਣ ‘ਖਾਲੀ ਦਲ’ ਬਣ ਗਿਆ ਹੈ : ਧਰਮਸੋਤ

ਕੈਪਟਨ ਸਾਹਿਬ ਕੇਜਰੀਵਾਲ ਵਾਂਗ ਭੱਜੇ ਨਹੀਂ, ਡਟੇ ਹੋਏ ਹਨ

ਨਾਭਾ, (ਤਰੁਣ ਕੁਮਾਰ ਸ਼ਰਮਾ)। ਸ਼੍ਰੋਮਣੀ ਅਕਾਲੀ ਦਲ ਹੁਣ ‘ਖਾਲੀ ਦਲ’ ਬਣ ਚੁੱਕਾ ਹੈ। ਇਹ ਵਿਚਾਰ ਨਾਭਾ ਪੁੱਜੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਨਿਤੀਨ ਜੈਨ ਪ੍ਰਧਾਨ ਰੋਟਰੀ ਕਲੱਬ ਨਾਭਾ ਦੀ ਹਾਜਰੀ ਵਿੱਚ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਢੀਂਡਸਾ ਅਤੇ ਸੁਖਬੀਰ ਬਾਦਲ ਦੋਵੇਂ ਛੋਟੇ ਅਤੇ ਵੱਡੇ ਠੱਗ ਹਨ। ਦੋਵਾਂ ਨੇ ਪੂਰੇ 10 ਸਾਲ ਪੰਜਾਬ ਨੂੰ ਲੁੱਟਿਆ। ਦੋਵੇਂ ਸੂਬੇ ਦੇ ਵਿਕਾਸ ਦੀ ਬਜਾਏ ਨਿੱਜੀ ਵਿਕਾਸ ਨੂੰ ਪਹਿਲ ਦੇ ਰਹੇ ਹਨ।

ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਹੁਣ ਹੌਲੀ ਹੌਲੀ ‘ਖਾਲੀ ਦਲ’ ਬਣਦਾ ਜਾ ਰਿਹਾ ਹੈ।
67 ਕਰੋੜ ਦੇ ਕੋਵਿਡ ਫੰਡਾਂ ਦੇ ਘਪਲੇ ਸੰਬੰਧੀ ਤਰੁਣ ਚੁੱਘ ਅਤੇ ਸੁਖਬੀਰ ਬਾਦਲ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਸੰਬੰਧੀ ਉਨ੍ਹਾਂ ਅੱਗੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਪਟਨ ਸਰਕਾਰ ਨੇ ਸੂਬੇ ਦੇ ਵਿਕਾਸ ਅਤੇ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਆ ਲਈ ਕਰੋੜਾਂ ਰੁਪਇਆ ਖਰਚਿਆ ਹੈ।

ਉਨ੍ਹਾਂ ਕਿਹਾ ਕਿ ਤਰੁਣ ਚੁੱਘ ਅਤੇ ਸੁਖਬੀਰ ਬਾਦਲ ਦੀ ਅਕਲ ਨੂੰ ਕੁੱਝ ਹੋ ਗਿਆ ਹੈ ਜਿਸ ਲਈ ਉਨ੍ਹਾਂ ਨੂੰ ਕਿਸੇ ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ। ਧਰਮਸੋਤ ਨੇ ਅੱਗੇ ਕਿਹਾ ਕਿ ਪੈਨਸ਼ਨਾਂ ਵਿੱਚ ਅਕਾਲੀ ਦਲ ਨੇ ਜੋ ਵੱਡਾ ਘੁਟਾਲਾ ਕੀਤਾ ਹੈ, ਉਸ ਨੂੰ ਜਲਦ ਹੀ ਬੇਨਕਾਬ ਕੀਤਾ ਜਾਵੇਗਾ।

ਉਨ੍ਹਾਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਜਰੀਵਾਲ ਦਿੱਲੀ ਵਾਸੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈ ਕੇ ਮੌਜੂਦਾ ਸਮੇਂ ਆਪਣੇ ਫਰਜ ਤੋਂ ਭੱਜ ਗਿਆ ਹੈ ਜਦਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਪੂਰੇ ਪੰਜਾਬ ਨਾਲ ਖੜ੍ਹੇ ਹਨ ਅਤੇ ਪੰਜਾਬੀਆ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਤਪਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੁਰਮਾਨੇ ਦੀ ਦਰ ‘ਚ ਵਾਧਾ ਲੋਕਾਂ ਨੂੰ ਮਾਰਨ ਲਈ ਨਹੀਂ ਬਲਕਿ ਉਨ੍ਹਾਂ ਦੀ ਸੁਰੱਖਿਆ ਲਈ ਕੀਤਾ ਹੈ ਤਾਂ ਜੋ ਲੋਕਾਂ ਵਿੱਚ ਕੋਰੋਨਾ ਤੋਂ ਰੋਕਥਾਮ ਲਈ ਜਾਰੀ ਪਾਬੰਦੀਆਂ ਦੇ ਡਰ ਨਾਲ ਉਹ ਉਸ ਦੀ ਪਾਲਣਾ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here