ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਵਿਗੜੀ, ਸਾਹ ਲੈਣਾ ਹੋਇਆ ਔਖਾ

Pollution
ਰੇਲਵੇ ਸਟੇਸ਼ਨ ਲੁਧਿਆਣਾ ਦੀ ਫਾਇਲ ਫੋਟੋ।

ਹਵਾ ਕੁਆਲਿਟੀ ਇੰਡੈਕਸ 150 ਤੋਂ ਪਾਰ (Pollution )

(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੇਸ਼ੱਕ ਪੰਜਾਬ ਅੰਦਰ ਇਸ ਵਾਰ ਪਰਾਲੀ ਨੂੰ ਸਾੜਨ ਦਾ ਰੁਝਾਨ ਕੁੱਝ ਘਟਿਆ ਹੈ। ਬਾਵਜੂਦ ਇਸਦੇ ਸਨਅੱਤੀ ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਘਾਤਕ ਹੋ ਰਹੀ ਹੈ। ਹਵਾ ’ਚ ਵਿਗਾੜ ਆਉਣ ਦਾ ਕਾਰਨ ਇਸ ਵਾਰ ਪਰਾਲੀ ਦੀ ਸਾੜ- ਫੂਕ ਦੀ ਥਾਂ ਵੱਖ-ਵੱਖ ਤਿਉਹਾਰਾਂ ਮੌਕੇ ਵੱਡੀ ਪੱਧਰ ’ਤੇ ਚਲਾਏ ਜਾ ਰਹੇ ਪਟਾਖੇ ਹਨ। ਜਿਸ ਕਾਰਨ ਹਵਾ ਕੁਆਲਿਟੀ ਇੰਡੈਕਸ ਖ਼ਤਰਨਾਕ ਸਥਿਤੀ ਵੱਲ ਵਧ ਰਿਹਾ ਹੈ। (Pollution)

ਇਹ ਵੀ ਪੜ੍ਹੋ : ਡੀਏਪੀ ਖਾਦ ਬਿਨਾ ਕਿਸਾਨ ਔਖੇ, ਤਿੱਖੇ ਸੰਘਰਸ਼ ਦੀ ਚਿਤਾਵਨੀ

ਸਾਉਣੀ ਦੇ ਸੀਜ਼ਨ ਦੌਰਾਨ ਪਹਿਲਾਂ ਜਿੱਥੇ ਖੇਤਾਂ ’ਚ ਕਿਸਾਨਾਂ ਦੁਆਰਾ ਸਾੜੀ ਜਾਣ ਵਾਲੀ ਪਰਾਲੀ ਹੁੰਦੀ ਸੀ, ਦੀ ਥਾਂ ਇਸ ਵਾਰ ਪਟਾਖਿਆਂ ਨੇ ਲੈ ਲਈ ਹੈ। ਸੀਜ਼ਨ ਅਤੇ ਤਿਉਹਾਰਾਂ ਦਾ ਸਮਾਂ ਹੋਣ ਕਰਕੇ ਮੌਸਮ ’ਚ ਲਗਾਤਾਰ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ’ਚ ਹਵਾ ਦਾ ਇੰਡੈਕਸ 300 ਨੂੰ ਪਾਰ ਕਰ ਚੁੱਕਾ ਹੈ। ਜਦਕਿ ਲੁਧਿਆਣਾ ਵਿਖੇ ਹਵਾ ਕੁਆਲਿਟੀ ਇੰਡੈਕਸ 150 ਨੂੰ ਪਾਰ ਕਰ ਚੁੱਕਾ ਹੈ ਜੋ ਮਨੁੱਖ ਲਈ ਖ਼ਤਰਨਾਕ ਹੈ। ਪੀਏਯੂ ਦੇ ਮਾਹਿਰਾਂ ਮੁਤਾਬਕ ਵੀਰਵਾਰ ਤੱਕ ਮੌਸਮ ਠੀਕ ਰਹਿਣ ਅਤੇ ਇਸ ਤੋਂ ਬਾਅਦ ਬੱਦਲਵਾਈ ਰਹਿਣ ਦਾ ਅਨੁਮਾਨ ਹੈ। ਜਿਸ ਕਾਰਨ ਧੂੜ ਦੇ ਕਣ ਹਵਾ ’ਚ ਮਿਲਣ ਦੇ ਜ਼ਿਆਦਾ ਮੌਕੇ ਬਣ ਸਕਦੇ ਹਨ ਅਤੇ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਵਧ ਸਕਦਾ ਹੈ।

Pollution
ਰੇਲਵੇ ਸਟੇਸ਼ਨ ਲੁਧਿਆਣਾ ਦੀ ਫਾਇਲ ਫੋਟੋ।

ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ (Pollution )

ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਦਿਨਾਂ ’ਚ ਜੇਕਰ ਬੱਦਲਵਾਈ ਬਣਦੀ ਹੈ ਤਾਂ ਹਾਲਾਤਾਂ ’ਚ ਹੋਰ ਵਿਗਾੜ ਪੈਦਾ ਹੋ ਸਕਦਾ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਤਿਉਹਾਰਾਂ ਦੇ ਦਿਨਾਂ ’ਚ ਵੱਡੀ ਮਾਤਰਾ ’ਚ ਪਟਾਖੇ ਚਲਾਉਣਾ ਮੁੱਖ ਹੈ। ਇਸ ਨਾਲ ਨਾ ਸਿਰਫ਼ ਅਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ ਸਗੋਂ ਹਵਾ ਵੀ ਗੰਧਲੀ ਹੋ ਜਾਂਦੀ ਹੈ ਜੋ ਮਨੁੱਖ ਲਈ ਬਿਮਾਰੀਆਂ ਫੈਲਾਉਣ ਦਾ ਸਬੱਬ ਬਣਦੀ ਹੈ। ਮਾਹਿਰਾਂ ਮੁਤਾਬਕ ਹਵਾ ’ਚ ਵਿਗਾੜ ਕਾਰਨ ਸ਼ਹਿਰ ਵਾਸੀਆਂ ਨੂੰ ਸਾਹ ਲੈਣ ’ਚ ਦਿੱਕਤ ਵਧ ਰਹੀ ਹੈ। ਇਸ ਤੋਂ ਇਲਾਵਾ ਦਿਨ ਦਾ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਅਤੇ ਰਾਤ ਦਾ ਤਾਪਮਾਨ ਇੱਕ ਡਿਗਰੀ ਦੇ ਕਰੀਬ ਜ਼ਿਆਦਾ ਚੱਲ ਰਿਹਾ ਹੈ।

ਮੌਜੂਦਾ ਸਮੇਂ ਏਅਰ ਕੁਆਲਿਟੀ ਇੰਡੈਕਸ 150 ਹੈ ਜੋ ਮਨੁੱਖੀ ਸਿਹਤ ਲਈ ਸਹੀ ਨਹੀਂ

ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ 26 ਅਕਤੂਬਰ ਤੱਕ ਮੌਸਮ ਸਹੀ ਰਹੇਗਾ ਪਰ ਇਸ ਤੋਂ ਬਾਅਦ ਬੱਦਲਵਾਈ ਬਣਨ ਨਾਲ ਹਵਾ ’ਚ ਧੂੜ ਦੇ ਕਣ ਮਿਲਣ ਦੇ ਮੌਕੇ ਵਧ ਸਕਦੇ ਹਨ ਜਿਸ ਨਾਲ ਪ੍ਰਦੂਸ਼ਣ ਵਧੇਗਾ ਜੋ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਏਅਰ ਕੁਆਲਿਟੀ ਇੰਡੈਕਸ 150 ਹੈ ਜੋ ਮਨੁੱਖੀ ਸਿਹਤ ਲਈ ਸਹੀ ਨਹੀਂ।