ਹਰ ਦੂਜੇ ਘੰਟੇ ਸਿਨੇਮਾ ਘਰਾਂ ਵਿੱਚ ਦਿਖਾਇਆ ਜਾ ਰਿਹੈ ਫਿਲਮ ਦਾ ਟ੍ਰੇਲਰ
ਚੰਡੀਗੜ੍ਹ, ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫਿਲਮ ਦਾ ਸਭ ਤੋਂ ਜ਼ਿਆਦਾ ਵਿਰੋਧ ਕਰਨ ਵਾਲੀ ਕਾਂਗਰਸ ਦੀ ਹੀ ਸਰਕਾਰ ਵਿੱਚ ਇਸ ਫਿਲਮ ਦਾ ਜ਼ਬਰਦਸਤ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਹਰ ਸਿਨੇਮਾ ਘਰ ਵਿੱਚ ਹਰ ਦੂਜੇ ਘੰਟੇ ਇਸ ਫਿਲਮ ਦਾ ਟ੍ਰੇਲਰ ਚਲਾਉਂਦੇ ਹੋਏ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਫਿਲਮ ਦੇ ਵਿਰੋਧ ਸਬੰਧੀ ਕਈ ਬਿਆਨ ਦੇਣ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫਿਲਮ ਦੇ ਟ੍ਰੇਲਰ ਅਤੇ ਫਿਲਮ ‘ਤੇ ਪਾਬੰਦੀ ਲਗਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਸਾਲ 11 ਜਨਵਰੀ ਨੂੰ ਰਿਲੀਜ਼ ਹੋ ਰਹੀ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫਿਲਮ ਸਬੰਧੀ ਕਾਂਗਰਸ ਪਾਰਟੀ ਵੱਲੋਂ ਕਾਫ਼ੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਦੀ ਕਾਰਜ-ਸ਼ੈਲੀ ਅਤੇ ਸੋਨੀਆ ਗਾਂਧੀ ਦੇ ਸਰਕਾਰ ਵਿੱਚ ਦਖ਼ਲ ਸਬੰਧੀ ਕਾਫ਼ੀ ਜਿਆਦਾ ਦਿਖਾਇਆ ਗਿਆ ਹੈ। ਲੋਕ ਸਭ ਚੋਣਾਂ ਤੋਂ ਪਹਿਲਾਂ ਰਲੀਜ਼ ਹੋ ਰਹੀ ਇਸ ਫਿਲਮ ਨੂੰ ਲੈ ਕੇ ਕਾਂਗਰਸ ਵਿਰੋਧ ਕਰ ਰਹੀ ਹੈ, ਕਿਉਂਕਿ ਇਸ ਫਿਲਮ ਨਾਲ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਰਹਿ ਚੁੱਕੀ ਸੋਨੀਆ ਗਾਂਧੀ ਸਣੇ ਕਾਂਗਰਸ ਪਾਰਟੀ ਦੀ ਦਿਖ ‘ਤੇ ਬੁਰਾ ਅਸਰ ਪੈ ਸਕਦਾ ਹੈ।
ਇਸ ਫਿਲਮ ਦੇ ਵਿਰੋਧ ਵਿੱਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣਾ ਬਿਆਨ ਤੱਕ ਜਾਰੀ ਕਰ ਚੁੱਕੇ ਹਨ ਪਰ ਪੰਜਾਬ ਵਿੱਚ ਇਸ ਫਿਲਮ ਨੂੰ ਲੈ ਕੇ ਅਜੇ ਤੱਕ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ‘ਦੀ ਐਕਸੀਡੈਟਲ ਪ੍ਰਾਈਮ ਮਨਿਸਟਰ’ ਫਿਲਮ ਰਲੀਜ਼ ਹੋਣ ਤੋਂ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਸਿਨੇਮਾ ਘਰਾਂ ਵਿੱਚ ਕਿਸੇ ਵੀ ਫਿਲਮ ਦੇ ਸ਼ੁਰੂਆਤ ਅਤੇ ਅੱਧ ਵਿਚਕਾਰ ‘ਦੀ ਐਕਸੀਡੈਟਲ ਪ੍ਰਾਈਮ ਮਨਿਸਟਰ’ ਫਿਲਮ ਦਾ ਟ੍ਰੇਲਰ ਚਲਾਉਂਦੇ ਹੋਏ ਪ੍ਰਚਾਰ ਕੀਤਾ ਜਾ ਰਿਹਾ ਹੈ। ਫਿਲਮ ਰਲੀਜ਼ ਹੋਣ ਤੋਂ ਪਹਿਲਾਂ ਟ੍ਰੇਲਰ ‘ਤੇ ਕੋਈ ਪਾਬੰਦੀ ਨਾ ਹੋਣ ਕਾਰਨ ਸਿਨੇਮਾ ਮਾਲਕ ਵੀ ਇਸ ਦੇ ਟ੍ਰੇਲਰ ਨੂੰ ਹਟਾਉਣ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ।
ਮੱਧ ਪ੍ਰਦੇਸ਼ ‘ਚ ਟ੍ਰੇਲਰ ਸਣੇ ਫਿਲਮ ‘ਤੇ ਲੱਗੀ ਹੋਈ ਐ ਪਾਬੰਦੀ
ਕਾਂਗਰਸ ਦੀ ਮੱਧ ਪ੍ਰਦੇਸ਼ ਸਰਕਾਰ ਨੇ ਫਿਲਮ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੇ ਰਿਲੀਜ਼ ਹੋਣ ਅਤੇ ਇਸ ਫਿਲਮ ਦਾ ਟ੍ਰੇਲਰ ਚਲਾਉਣ ਸਬੰਧੀ ਪਾਬੰਦੀ ਲਗਾਈ ਹੋਈ ਹੈ, ਜਿਸ ਕਾਰਨ ਮੱਧ ਪ੍ਰਦੇਸ਼ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਇਸ ਫਿਲਮ ਦਾ ਟ੍ਰੇਲਰ ਨਹੀਂ ਚਲ ਰਿਹਾ ਹੈ।
ਸਰਕਾਰ ਤੋਂ ਕੀਤੀ ਜਾਏਗੀ ਜਵਾਬਦੇਹੀ : ਆਸ਼ਾ ਕੁਮਾਰੀ
ਆਲ ਇੰਡੀਆ ਕਾਂਗਰਸ ਦੀ ਸਕੱਤਰ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ਼ ਆਸ਼ਾ ਕੁਮਾਰੀ ਨੇ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੇ ਟ੍ਰੇਲਰ ਅਤੇ ਪ੍ਰਚਾਰ ਸਬੰਧੀ ਹੈਰਾਨਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਸਬੰਧੀ ਸਰਕਾਰ ਅਤੇ ਸੂਬਾ ਕਾਂਗਰਸ ਤੋਂ ਜੁਆਬ ਦੇਹੀ ਮੰਗੀ ਜਾਵੇਗੀ ਕਿ ਆਖ਼ਰਕਾਰ ਉਨ੍ਹਾਂ ਨੇ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੇ ਟ੍ਰੇਲਰ ਅਤੇ ਪ੍ਰਚਾਰ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਵੀ ਨਹੀਂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘The Accidental Prime Minister’, promoted,Punjab, Congress, silence