ਸਰਕਾਰ ਬਣਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੀ ਫੀਲਿੰਗ ਲੈ ਗਈ ਆਮ ਆਦਮੀ ਪਾਰਟੀ
ਸਿੱਧੇ ਪ੍ਰਸਾਰਣ ਲਈ ਕਈ ਥਾਈ ਆਮ ਆਦਮੀ ਪਾਰਟੀ ਨੇ ਕੀਤੇ ਪ੍ਰਬੰਧ
(ਤਰੁਣ ਕੁਮਾਰ ਸ਼ਰਮਾ) ਨਾਭਾ। ਆਮ ਆਦਮੀ (Aam Aadmi Party) ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਸਰਕਾਰ ਬਣਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੀ ਫੀਲਿੰਗ ਲੈਣ ਵਾਲਾ ਸਾਬਤ ਹੋਣ ਨਾਲ ਪਾਰਟੀ ਅਤੇ ਅਹੁਦੇਦਾਰਾਂ ਵਿੱਚ ਚੋਣਾਂ ਨੂੰ ਲੈ ਕੇ ਊਰਜਾ ਅਤੇ ਉਤਸ਼ਾਹ ਭਰਨ ਵਾਲਾ ਸਫ਼ਲ ਉਪਰਾਲਾ ਸਾਬਤ ਹੋਇਆ। ਆਖ਼ਰਕਾਰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ। ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਅਰਵਿੰਦ ਕੇਜਰੀਵਾਲ ਦੇ ਐਲਾਨ ਨੂੰ ਦੇਖਣ ਲਈ ਕਈ ਥਾਈਂ ਆਮ ਆਦਮੀ ਪਾਰਟੀ ਵੱਲੋਂ ਸਿੱਧੇ ਪ੍ਰਸਾਰਨ ਵੇਖਣ ਦਾ ਇੰਤਜ਼ਾਮ ਵੀ ਕੀਤਾ ਗਿਆ। ਭਗਵੰਤ ਮਾਨ ਦੇ ਨਾਮ ਦਾ ਐਲਾਨ ਹੁੰਦੇ ਹੀ ਕਈ ਥਾਈਂ ਢੋਲ ਧਮਾਕੇ ਨਾਲ ਜਸ਼ਨ ਮਨਾਇਆ ਗਿਆ। ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਅਰਵਿੰਦ ਕੇਜਰੀਵਾਲ ਨੇ ਸਸਪੈਂਸ ਭਰੇ ਲਗਭਗ ਤਿੰਨ ਮਿੰਟ ਲਏ ਅਤੇ ਦੋ ਵਾਰ ਖੰਘੇ।
ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਭਗਵੰਤ ਮਾਨ ਨੂੰ 93.3 ਫੀਸਦੀ ਅਤੇ ਨਵਜੋਤ ਸਿੰਘ ਸਿੱਧੂ ਨੂੰ 3.6 ਫੀਸਦੀ ਲੋਕਾਂ ਨੇ ਕਾਲ ਅਤੇ ਮੈਸੇਜ ਰਾਹੀਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੱਸਿਆ ਜਦਕਿ 3.1 ਫੀਸਦੀ ਲੋਕਾਂ ਦੀਆਂ ਕਾਲਾਂ ਅਤੇ ਮੈਸਿਜ ਜਾਂ ਵੇਰਵਾ ਜਨਤਕ ਨਹੀਂ ਕੀਤਾ। ਇਸ ਸਰਵੇ ਵਿੱਚ ਉਨ੍ਹਾਂ ਨੇ ਉਨ੍ਹਾਂ ਵੋਟਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਿਆ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਸਿਆਸੀ ਦੌੜ ਤੋਂ ਬਾਹਰ ਕਰ ਲਿਆ ਸੀ।
ਮਜ਼ੇ ਦੀ ਗੱਲ ਇਹ ਹੈ ਕਿ ਕੇਜਰੀਵਾਲ ਨੇ ਆਪਣੀ ਲੋਕਪਿ੍ਰਅਤਾ, ਪਸੰਦ ਦੀ ਪ੍ਰਤੀਸ਼ਤਤਾ ਦੇ ਅੰਕੜੇ ਵੀ ਜਾਰੀ ਨਹੀਂ ਕੀਤੇ। ਇੰਟਰਨੈੱਟ ਦੇ ਦੀਵਾਨਿਆਂ ਵੱਲੋਂ ਪਸੰਦ ਦਾ ਮੁੱਖ ਮੰਤਰੀ ਦੱਸਣ ਲਈ ਸੁਖਬੀਰ ਬਾਦਲ ਦੇ ਨਾਮ ਸਮੇਤ ਜਨਤਕ ਮੁੱਦਿਆਂ ਬਾਰੇ ਲਿਖਣ ’ਤੇ ਵੀ ਧੰਨਵਾਦ ਦੇ ਸੰਦੇਸ਼ ਸੋਸ਼ਲ ਮੀਡੀਆ ’ਤੇ ਚਰਚਾ ਬਣੇ ਹੋਏ ਹਨ। ਕੁੱਲ ਮਿਲਾ ਕੇ ਬਤੌਰ ਕਲਾਕਾਰ ਤੋਂ ਰਾਜਨੇਤਾ ਬਣੇ ਭਗਵੰਤ ਮਾਨ ਲਈ ਅੱਜ ਦਾ ਦਿਨ ਖੁਸ਼ਨੁਮਾ ਸਾਬਤ ਹੋਇਆ ਕਿ ਆਖਰਕਾਰ ਉਨ੍ਹਾਂ ਨੂੰ 2017 ਤੋਂ ਪਹਿਲਾਂ ਪੰਜਾਬੀਆਂ ਤੋਂ ਮਿਲ ਰਹੇ ਮਾਣ, ਸਤਿਕਾਰ ਅਤੇ ਭਰਵੇਂ ਹੁੰਗਾਰੇ ਦਾ ਫਲ ਪੱਲੇ ਪੈ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ