ਅਨੁਸ਼ਾਸ਼ਨ ਤੇ ਨਿਰੰਤਰਤਾ ਵਿਦਿਆਰਥੀ ਜੀਵਨ ਨੂੰ ਨਿਖਾਰਦੇ ਹਨ : ਰਾਜਪਾਲ ਕਟਾਰੀਆ
Punjab Public School : (ਤਰੁਣ ਕੁਮਾਰ ਸ਼ਰਮਾ) ਨਾਭਾ। ਸਿੱਖਿਆ ਦੇ ਖੇਤਰ ’ਚ ਮੋਹਰੀ ਪੰਜਾਬ ਪਬਲਿਕ ਸਕੂਲ ਨਾਭਾ ਨੇ ਅੱਜ ਆਪਣਾ 64ਵਾਂ ਸਥਾਪਨਾ ਦਿਵਸ ਸਥਾਨਕ ਪੀਪੀਐਸ ਮੈਦਾਨ ਵਿਖੇ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸਕੂਲ ਬੋਰਡ ਦੇ ਚੇਅਰਮੈਨ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਿਭਾਈ। ਉਨ੍ਹਾਂ ਨੇ ਐਨ. ਸੀ. ਸੀ ਕੈਡਿਟਾਂ ਦੀ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ।
ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਰਿਪੋਰਟ ਪੇਸ਼ ਕਰਦੇ ਡਾ. ਸ਼ਰਮਾ ਨੇ ਪਿਛਲੇ ਸਾਲਾਂ ਦੌਰਾਨ ਸੰਸਥਾ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਕੂਲ ਦੇ ਸਰਪ੍ਰਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਬੀਤੇ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਸਿੱਖਿਆ ਅਤੇ ਖੇਡਾਂ ਦੋਨੋਂ ਖੇਤਰਾਂ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।
ਸਾਬਕਾ ਗਣਿਤ ਅਧਿਆਪਕ ਰਮੇਸ਼ ਚੰਦਰ ਭੱਲਾ ਨੂੰ ਲਾਇਫ ਟਾਇਮ ਅਚੀਵਮੈਂਟ ਅਤੇ ਉੱਘੇ ਕਾਰਪੋਰੇਟਰ ਰਾਜੀਵ ਬਖਸ਼ੀ ਰੋਲ ਆਫ ਆਨਰ ਐਵਾਰਡ ਨਾਲ ਸਨਮਾਨਿਤ
ਇਸ ਵਾਰ ਦਾ ਲਾਈਫਟਾਈਮ ਅਚੀਵਮੈਂਟ ਅਵਾਰਡ ਸ਼੍ਰੀ ਰਮੇਸ਼ ਚੰਦਰ ਭੱਲਾ, ਸਾਬਕਾ ਗਣਿਤ ਅਧਿਆਪਕ ਅਤੇ ਡਿਪਟੀ ਹੈਡਮਾਸਟਰ ਨੂੰ ਪ੍ਰਦਾਨ ਕੀਤਾ ਗਿਆ। ਇਸ ਸਾਲ ਦਾ ਰੋਲ ਆਫ ਆਨਰ ਐਵਾਰਡ ਰਾਜੀਵ ਬਖਸ਼ੀ, ਉੱਘੇ ਕਾਰਪੋਰੇਟਰ ਨੂੰ ਪ੍ਰਦਾਨ ਕੀਤਾ ਗਿਆ। ਸਾਲ 2023 ਲਈ ਸੀਨੀਅਰ ਕਾਕ ਹਾਊਸ ਟਰਾਫੀ ਸਤਲੁਜ ਹਾਊਸ ਵੱਲੋਂ ਜਿੱਤੀ ਗਈ। ਇਸ ਮੌਕੇ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਐਰੋਬਿਕਸ ਡਿਸਪਲੇ ਪੇਸ਼ ਕੀਤਾ।
ਸਕੂਲ ਬੈਂਡ ਟੀਮ ਨੇ ਵੀ ਆਪਣੀ ਕਲਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੀਪੀਐਸ ਦੀ ਵਿਸ਼ੇਸ਼ ਘੋੜ ਸਵਾਰੀ ’ਚ ਮਾਹਿਰ ਵਿਦਿਆਰਥੀਆਂ ਨੇ ਆਪਣੀ ਅਦਭੁੱਤ ਕਲਾ ਦੇ ਪ੍ਰਦਰਸ਼ਨ ਨਾਲ ਸਮਾਗਮ ਨੂੰ ਚਾਰ ਚੰਨ ਲਾਏ। ਇਸ ਮੌਕੇ ਸੰਬੋਧਨ ਦੋਰਾਨ ਸਕੂਲ ਬੋਰਡ ਆਫ ਚੇਅਰਮੈਨ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਕਟਾਰੀਆ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਨ ਵਿਅਕਤੀਆਂ ਦਾ ਜੀਵਨ ਉਦਾਹਰਨ ਹੈ ਕਿ ਸਫਲਤਾ ਲਈ ਸਖਤ ਮਿਹਨਤ ਅਤੇ ਸਿੱਖਿਆ ਲਈ ਉਤਸ਼ਾਹ ਦੋਨੋਂ ਉੱਜਵਲ ਭਵਿੱਖ ਦੀ ਨੀਂਹ ਰੱਖਦੇ ਹਨ। Punjab Public School
ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਅਤੇ ਨਿਰੰਤਰਤਾ ਵਿਦਿਆਰਥੀ ਜੀਵਨ ਨੂੰ ਨਿਖਾਰਦੇ ਹਨ ਅਤੇ ਉਹ ਸਕੂਲ ਦੇ ਵਿਦਿਆਰਥੀਆਂ ਦੇ ਉੱਚ ਅਨੁਸ਼ਾਸਨ ਤੋਂ ਬਹੁਤ ਪ੍ਰਭਾਵਿਤ ਹਨ। ਧੰਨਵਾਦੀ ਮਤਾ ਪੇਸ਼ ਕਰਦੇ ਹੋਏ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਮੁੱਖ ਮਹਿਮਾਨ ਅਤੇ ਆੲੋ ਹੋੲੋ ਬਾਕੀ ਮਹਿਮਾਨਾਂ ਦਾ ਸਮਾਗਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ। ਇਸ ਮੌਕੇ ਜੈ ਸਿੰਘ ਗਿੱਲ, ਆਈ.ਏ.ਐਸ. (ਸੇਵਾਮੁਕਤ), ਪ੍ਰਧਾਨ, ਕਾਰਜਕਾਰੀ ਕਮੇਟੀ, ਬੋਰਡ ਆਫ਼ ਗਵਰਨਰ, ਮਾਨਯੋਗ ਬੋਰਡ ਮੈਂਬਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।