ਪੁਲਿਸ ਨੇ ਰੋਕਿਆ ਤਾਂ ਸੜਕ ’ਤੇ ਹੀ ਵਿਛਾਈਆਂ ਦਰੀਆਂ, ਕੀਤਾ ਪ੍ਰਦਰਸ਼ਨ
TET Teachers Protest: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਆਈਟੀਆਈ ਚੌਂਕ ਸੁਨਾਮ ਵਿਖੇ ਇਕੱਤਰ ਹੋਏ ਜਿੱਥੋਂ ਉਹ ਰੋਸ ਮਾਰਚ ਕਰਦੇ ਹੋਏ ਅਮਨ ਅਰੋੜਾ ਦੀ ਕੋਠੀ ਵੱਲ ਵਧੇ ਅਤੇ ਉਹ ਮਹਾਰਾਜਾ ਅਗਰਸੈਨ ਚੌਂਕ ਹੁੰਦੇ ਹੋਏ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੁੱਜੇ। ਇਸ ਦੌਰਾਨ ਪੁਲਿਸ ਵੱਲੋਂ ਉਹਨਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ ਜਿੱਥੇ ਉਨ੍ਹਾਂ ਵੱਲੋਂ ਸੜਕ ਉੱਪਰ ਹੀ ਦਰੀਆਂ ਵਿਛਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਸਿਟੀ ਐਸਐਚਓ ਪ੍ਰਤੀਕ ਜਿੰਦਲ ਪੁਲਿਸ ਫੋਰਸ ਨਾਲ ਮੌਕੇ ’ਤੇ ਮੌਜ਼ੂਦ ਸਨ।
ਪ੍ਰਸ਼ਾਸਨ ਨੇ ਮੰਤਰੀ ਅਮਨ ਅਰੋੜਾ ਨਾਲ ਤਿੰਨ ਆਗੂਆਂ ਦੀ ਕਰਵਾਈ ਮੀਟਿੰਗ
ਗੱਲਬਾਤ ਕਰਦਿਆਂ ਸੰਦੀਪ ਧੌਲਾ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੋਈ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀ ਭਰਤੀ ਨਹੀਂ ਦਿੱਤੀ ਅਤੇ ਨਾਲ ਹੀ 55% ਦੀ ਬੇਤੁਕੀ ਸ਼ਰਤ ਜੋ ਮਾਸਟਰ ਕੇਡਰ ਉਪਰ ਲਾ ਰੱਖੀ ਹੈ, ਉਸ ਨੂੰ ਰੱਦ ਕੀਤਾ ਜਾਵੇ ਅਤੇ ਜੋ ਓਵਰਏਜ ਹੋ ਰਹੇ ਹਨ, ਉਹਨਾਂ ਨੂੰ ਮੌਕਾ ਦਿੱਤਾ ਜਾਵੇ ਅਤੇ ਪ੍ਰਸਾਸਨ ਵੱਲੋਂ 4 ਅਗਸਤ ਦੀ ਚੰਡੀਗੜ੍ਹ ਮੀਟਿੰਗ ਜੋ ਕਿ ਸਬ ਕਮੇਟੀ ਨਾਲ ਕਰਾਉਣ ਦਾ ਵਿਸ਼ਵਾਸ ਦਿੱਤਾ ਹੈ ਅਤੇ ਉਸ ਸਮੇਂ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਆਪਣੀ ਕੋਠੀ ਪੁੱਜ ਗਏ ਅਤੇ ਪ੍ਰਸਾਸਨ ਨੇ ਮੰਤਰੀ ਅਮਨ ਅਰੋੜਾ ਨਾਲ ਵੀ ਮੀਟਿੰਗ ਕਰਵਾ ਦਿੱਤੀ।
ਇਹ ਵੀ ਪੜ੍ਹੋ: Bijapur Naxalite Encounte: ਬੀਜਾਪੁਰ ’ਚ ਮੁਕਾਬਲੇ ਦੌਰਾਨ 17 ਲੱਖ ਰੁਪਏ ਦੇ ਇਨਾਮੀ ਚਾਰ ਨਕਸਲੀ ਕੀਤੇ ਢੇਰ

ਕੇਡਰ ਦੇ ਤਿੰਨ ਸਾਥੀ ਅੰਦਰ ਮੀਟਿੰਗ ਲਈ ਗਏ ਜਿਹਨਾਂ ਨੂੰ ਮੰਤਰੀ ਅਮਨ ਅਰੋੜਾ ਨੇ ਵਿਸ਼ਵਾਸ ਦਿੱਤਾ ਕਿ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਕੇ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀ ਭਰਤੀ ਦੀ ਗੱਲ ਜ਼ਰੂਰ ਕਰਾਂਗੇ। ਇਸ ਦੌਰਾਨ ਆਰਟ ਅਤੇ ਕਰਾਫਟ ਦੇ ਸਾਥੀ ਵੀ ਮੌਜ਼ੂਦ ਸਨ। ਇਸ ਮੌਕੇ ਮਨਜੋਤ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਮਮਨਦੀਪ ਸਿੰਘ, ਗੁਰਜਿੰਦਰ ਸਿੰਘ, ਸੁਧੀਰ, ਭੁਪਿੰਦਰ ਸਿੰਘ, ਮਨਜੋਤ ਸਿੰਘ ਆਦਿ ਹਾਜ਼ਰ ਸਨ। TET Teachers Protest