ਦੋ ਅੱਤਵਾਦੀ ਮਾਰੇ
ਸ੍ਰੀਨਗਰ: ਜੰਮੂ-ਕਸ਼ੀਮਰ ਦੇ ਸੋਪੀਆ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਫੌਜ ਦੇ ਇੱਕ ਗਸ਼ਤੀ ਦਲ ‘ਤੇ ਕੀਤੇ ਗਏ ਇੱਕ ਅੱਤਵਾਦੀ ਹਮਲੇ ਵਿੱਚ ਫੌਜ ਦਾ ਇੱਕ ਮੇਜਰ ਅਤੇ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ। ਇਸ ਦਰਮਿਆਨ ਪ੍ਰਸ਼ਾਸਨ ਨੇ ਕਾਨੂੰਨ ਪ੍ਰਬੰਧ ਦੀ ਸਥਿਤੀ ਬਣਾਈ ਰੱਖਣ ਲਈ ਚੌਕਸੀ ਵਜੋਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ, ਪੂਰੇ ਖੇਤਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਅਤੇ ਮੋਬਾਇਲ ਇੰਟਰਨੈਟ ਸੇਵਾਵਾਂ ‘ਤੇ ਰੋਕ ਲਾ ਦਿੱਤੀ ਗਈ ਹੈ।
ਕੁਲਗਾਮ ਵਿੱਚ ਹੋਇਆ ਮੁਕਾਬਲਾ
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆ ਦੇ ਜਾਰੀਪੋਰਾ ਵਿੱਚ 62 ਕੌਮੀ ਰਾਈਫ਼ਲਜ਼ ਦੇ ਗਸ਼ਤੀ ਦਲ ‘ਤੇ ਸਵੇਰੇ ਸਾਢੇ ਤਿੰਨ ਵਜੇ ਅੱਤਵਾਦੀਆਂ ਨੇਭਾਰੀ ਗੋਲੀਬਾਰੀ ਕੀਤੀ, ਜਿਸ ਵਿੱਚ ਫੌਜ ਦੇ ਮੇਜਰ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ 92 ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਅ, ਜਿੱਥੇ ਮੇਜਰ ਕਮਲੇਸ਼ ਪਾਂਡੇ ਅਤੇ ਇੱਕ ਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਜਾਰੀਪੋਰਾ ਅਤੇ ਇਸ ਦੇ ਆਸਪਾਸ ਦੇ ਖੇਤਰ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਕੁਲਗਾਮ ਦੇ ਗੋਪਾਲਪੋਰਾ ਵਿੱਚ ਅੱਤਵਾਦੀ ਗਤੀਵਿਧੀਆਂ ਬਾਰੇ ਖੁਫ਼ੀਆ ਸੂਚਨਾ ਮਿਲੀ ਸੀ।
ਉਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ, ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ। ਮੌਕੇ ‘ਤੇ ਦੋ ਹਥਿਆਰ ਮਿਲੇ ਹਨ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਅੱਤਵਾਦੀ ਪਿਛਲੇ ਮਹੀਨੇ ਦੱਖਣੀ ਕਸ਼ਮੀਰ ਵਿੱਚ ਇੱਕ ਬੈਂਕ ਵੈਨ ਲੁੱਟਣ ਦੌਰਾਨ ਪੰਜ ਪੁਲਿਸਕਰਮੀ ਅਤੇ ਇੱਕ ਗਾਰਡ ਦੇ ਕਤਲ ਵਿੱਚ ਸ਼ਾਮਲ ਸੀ। ਮੁਕਾਬਲੇ ਵਿੱਚ ਕਈ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਆਕਿਬ ਲੱਟੂ ਅਤੇ ਸੋਹੇਲ ਅਹਿਮਦ ਮਾਰੇ ਗਏ ਹਨ, ਜੋ ਕਿ ਇੱਕ ਵੱਡੀ ਸਫ਼ਲਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।