ਫਾਇਰ ਬ੍ਰਿਗੇਡ ਨੇ ਕਰੀਬ 50 ਵਿਅਕਤੀਆਂ ਨੂੰ ਕੱਢਿਆ ਸੁਰੱਖਿਅਤ
ਲਖਨਊ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਲਖਨਊ ਦੇ ਨਾਕਾ ਖੇਤਰ ‘ਚ ਅੱਜ ਸਵੇਰੇ ਚਾਰਬਾਗ ਰੇਲਵੇ ਸਟੇਸ਼ਨ ਦੇ ਨੇੜੇ ਦੁੱਧ ਮੰਡੀ ਕੋਲ ਵਿਰਾਟ ਇੰਟਰਨੈਸ਼ਨ ਹੋਟਲ ‘ਚ ਤੇਜ਼ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ‘ਚ ਇੱਕ ਮਹਿਲਾ ਤੇ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਗੰਭੀਰ ਤੌਰ ‘ਤੇ ਝੁਲਸ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਨਾਕਾ ਇਲਾਕੇ ‘ਚ ਸਥਿਤ ਦੁੱਧ ਮੰਡੀ ਕੋਲ ਸਵੇਰੇ ਕਰੀਬ ਪੰਜ ਵਜੇ ਹੋਟਲ ਵਿਰਾਟ ‘ਚ ਤੇਜ਼ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਉਸ ਕੋਲ ਐਸਐਮਜੀ ਇੰਟਰਨੈਸ਼ਨਲ ਹੋਟਲ ‘ਚ ਫੈਲ ਗਈ।
ਇਸ ਘਟਨਾ ‘ਚ ਹੁਣ ਅਧਿਕਾਰਿਕ ਤੌਰ ‘ਤੇ ਇੱਕ ਮਹਿਲਾ ਤੇ ਬੱਚੇ ਸਮੇਤ ਚਾਰ ਵਿਅਕਤੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਅੱਗ ‘ਚ ਝੁਲਸੇ ਤਿੰਨ ਵਿਅਕਤੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਅੱਗ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਰਮੀਆਂ ਨੇ ਕਰੀਬ 50 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਪੁਲਿਸ ਭਰਤੀ ਪ੍ਰੀਖਿਆ ਹੋਣ ਕਾਰਨ ਦੋਵੇਂ ਹੋਟਲਾਂ ‘ਚ ਕਾਫ਼ੀ ਲੋਕ ਠਹਿਰੇ ਹੋਏ ਸਨ ਉਨ੍ਹਾਂ ਦੱਸਿਆ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।