ਤਕਨੀਕੀ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਕਦਮ

India Technology Independence
ਤਕਨੀਕੀ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਕਦਮ

India Technology Independence: ਭਾਰਤ ਅੱਜ ਉਸ ਮੋੜ ’ਤੇ ਖੜ੍ਹਾ ਹੈ ਜਿੱਥੇ ਨਵੀਨਤਾ ਤੇ ਤਕਨੀਕੀ ਮੁਹਾਰਤ ਉਸ ਦਾ ਭਵਿੱਖ ਤੈਅ ਕਰੇਗੀ। ਵਿਸ਼ਵ ਪੱਧਰ ’ਤੇ ਭਾਰਤ ਦੀ ਪ੍ਰਤਿਭਾ ਨੂੰ ਪਛਾਣ ਮਿਲ ਚੁੱਕੀ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਇਹ ਪ੍ਰਤਿਭਾ ਦੇਸ਼ ਦੀਆਂ ਸੀਮਾਵਾਂ ਅੰਦਰ ਵੀ ਉਸੇ ਜੋਸ਼ ਨਾਲ ਕੰਮ ਕਰੇ। ਲੰਮੇ ਸਮੇਂ ਤੋਂ ਦੇਖਿਆ ਗਿਆ ਹੈ ਕਿ ਭਾਰਤੀ ਇੰਜੀਨੀਅਰ ਅਤੇ ਵਿਗਿਆਨੀ ਵਿਦੇਸ਼ੀ ਧਰਤੀ ’ਤੇ ਜਾ ਕੇ ਨਵੀਆਂ ਕੰਪਨੀਆਂ ਸਥਾਪਿਤ ਕਰਦੇ ਹਨ ਅਤੇ ਦੁਨੀਆ ਨੂੰ ਦਿਸ਼ਾ ਦਿੰਦੇ ਹਨ। ਜੇ ਇਹੀ ਪ੍ਰਤਿਭਾਵਾਂ ਆਪਣੇ ਦੇਸ਼ ਵਿੱਚ ਰਹਿ ਕੇ ਕੰਮ ਕਰਨ, ਤਾਂ ਭਾਰਤ ਦਾ ਆਰਥਿਕ ਅਤੇ ਤਕਨੀਕੀ ਚਿਹਰਾ ਪੂਰੀ ਤਰ੍ਹਾਂ ਬਦਲ ਸਕਦੀਆਂ ਹਨ।

ਇਹ ਖਬਰ ਵੀ ਪੜ੍ਹੋ : IND vs AUS: ਦੂਜਾ ਵਨਡੇ ਅੱਜ, ਰੋਹਿਤ ਤੇ ਕੋਹਲੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ, ਜਾਣੋ ਲਾਈਵ ਸਟੀ੍ਰਮਿੰਗ ਸਬੰਧੀ ਵੇਰਵੇ

ਇਸ ਲਈ ਦੇਸ਼ ਨੂੰ ਇੱਕ ਅਜਿਹੇ ਤੰਤਰ ਦੀ ਲੋੜ ਹੈ ਜੋ ਖੋਜ, ਨਵੀਨਤਾ ਅਤੇ ਉਦਯੋਗ ਨੂੰ ਇੱਕ ਮਜ਼ਬੂਤ ਢਾਂਚੇ ਵਿੱਚ ਜੋੜ ਸਕੇ। ਸਰਕਾਰ ਨੇ ਇਸ ਦਿਸ਼ਾ ਵਿੱਚ ਕੁਝ ਮਜ਼ਬੂਤ ਕਦਮ ਚੁੱਕੇ ਹਨ। ਭਾਰਤ ਸੈਮੀਕੰਡਕਟਰ ਮਿਸ਼ਨ ਇਸ ਦਾ ਸ਼ਾਨਦਾਰ ਉਦਾਹਰਨ ਹੈ। ਇਸ ਮਿਸ਼ਨ ਅਧੀਨ ਅਰਬਾਂ ਡਾਲਰ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਦਾ ਉਦੇਸ਼ ਦੇਸ਼ ਵਿੱਚ ਚਿੱਪ ਨਿਰਮਾਣ ਅਤੇ ਇਲੈਕਟਰਾਨਿਕ ਨਵੀਨਤਾ ਦੀ ਮਜ਼ਬੂਤ ਨੀਂਹ ਰੱਖਣਾ ਹੈ। ਮਾਈਕ੍ਰੋਨ ਵੱਲੋਂ ਗੁਜਰਾਤ ਵਿੱਚ ਮੈਮੋਰੀ ਨਿਰਮਾਣ ਇਕਾਈ ਦੀ ਸਥਾਪਨਾ ਅਤੇ ਟਾਟਾ ਸਮੂਹ ਦਾ ਇਸ ਖੇਤਰ ਵਿੱਚ ਉਤਰਨਾ, ਇਸ ਮਿਸ਼ਨ ਪ੍ਰਤੀ ਉਦਯੋਗ ਜਗਤ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਵਿਦੇਸ਼ੀ ਕੰਪਨੀਆਂ ਵੀ ਭਾਰਤ ਵਿੱਚ ਨਿਵੇਸ਼ ਕਰ ਰਹੀਆਂ ਹਨ, ਜਦਕਿ ਘਰੇਲੂ ਸਟਾਰਟਅੱਪਸ ਏਆਈ ਅਤੇ ਹਾਰਡਵੇਅਰ ਡਿਜ਼ਾਈਨ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਭਾਰਤ ਪਹਿਲਾਂ ਹੀ ਆਪਣੀ ਸਾਫਟ ਪਾਵਰ ਦੇ ਜ਼ਰੀਏ ਵਿਸ਼ਵ ਮੰਚ ’ਤੇ ਪ੍ਰਭਾਵ ਛੱਡ ਚੁੱਕਾ ਹੈ। ਹੁਣ ਲੋੜ ਹੈ ਕਿ ਇਸ ਸਾਫਟ ਪਾਵਰ ਨੂੰ ਸਮਾਰਟ ਪਾਵਰ ਅਤੇ ਤਕਨੀਕੀ ਨਵੀਨਤਾ ਵਿੱਚ ਬਦਲਿਆ ਜਾਵੇ। ਸਰਕਾਰ ਅਤੇ ਉਦਯੋਗ ਜਗਤ ਨੂੰ ਮਿਲ ਕੇ ਇੱਕ ਅਜਿਹਾ ਢਾਂਚਾ ਤਿਆਰ ਕਰਨਾ ਪਵੇਗਾ ਜਿਸ ਵਿੱਚ ਆਈਟੀ ਪ੍ਰਤਿਭਾ, ਵਿਸ਼ਵ ਸਮਰੱਥਾ ਕੇਂਦਰਾਂ ਅਤੇ ਸੈਮੀਕੰਡਕਟਰ ਪਹਿਲਕਦਮੀਆਂ ਨੂੰ ਇੱਕ ਬੱਝਵੀਂ ਰਣਨੀਤੀ ਦੇ ਰੂਪ ਵਿੱਚ ਜੋੜਿਆ ਜਾ ਸਕੇ।

ਇਸ ਨਾਲ ਭਾਰਤ ਸਿਰਫ਼ ਤਕਨੀਕ ਦਾ ਉਪਭੋਗਤਾ ਨਹੀਂ, ਸਗੋਂ ਇੱਕ ਸਿਰਜਣਸ਼ੀਲ ਉਤਪਾਦਕ ਰਾਸ਼ਟਰ ਬਣੇਗਾ। ਦੱਖਣੀ ਕੋਰੀਆ, ਚੀਨ ਅਤੇ ਤਾਈਵਾਨ ਵਰਗੇ ਦੇਸ਼ ਸਾਡੇ ਸਾਹਮਣੇ ਉਦਾਹਰਨ ਹਨ, ਜਿਨ੍ਹਾਂ ਨੇ ਸਿੱਖਿਆ, ਉਦਯੋਗ ਅਤੇ ਵਿੱਤੀ ਸੰਸਥਾਵਾਂ ਦੇ ਸਹਿਯੋਗ ਨਾਲ ਖੋਜ ਨੂੰ ਰਾਸ਼ਟਰੀ ਵਿਕਾਸ ਦਾ ਮੁੱਖ ਥੰਮ੍ਹ ਬਣਾਇਆ। ਭਾਰਤ ਨੂੰ ਵੀ ਇਹੀ ਰਾਹ ਅਪਣਾਉਣਾ ਪਵੇਗਾ। ਖੋਜ ਨੂੰ ਪਹਿਲ ਦੇ ਕੇ ਅਤੇ ਨਵੀਨਤਾ ਨੂੰ ਉਤਸ਼ਾਹ ਦੇ ਕੇ ਅਸੀਂ ਆਪਣੇ ਹੀ ਦੇਸ਼ ਵਿੱਚ ਨਿਰਮਿਤ ਆਈਸੀਟੀ ਉਤਪਾਦਾਂ ਲਈ ਵਿਸ਼ਾਲ ਬਜ਼ਾਰ ਉਸਾਰ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਵਿਸ਼ਵਵਿਦਿਆਲਿਆਂ ਦੇ ਖੋਜਕਰਤਾ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ ਅਤੇ ਉਦਯੋਗ ਦੇ ਇੰਜੀਨੀਅਰ ਪ੍ਰਯੋਗਸ਼ਾਲਾਵਾਂ ਵਿੱਚ ਨਵੀਨਤਾ ਲਈ ਸਮਾਂ ਦੇਣ। India Technology Independence

ਜੇ ਭਾਰਤ ਆਈਸੀਟੀ ਖੇਤਰ ਨੂੰ ਇੱਕ ਰਣਨੀਤਕ ਉਦਯੋਗ ਘੋਸ਼ਿਤ ਕਰੇ, ਤਾਂ ਇਸ ਨਾਲ ਖੋਜ ਸੰਸਥਾਨਾਂ ਨੂੰ ਵਧੇਰੇ ਵਿੱਤੀ ਸਹਾਇਤਾ ਮਿਲੇਗੀ ਅਤੇ ਦੇਸ਼ ਚਿੱਪ ਨਿਰਮਾਣ, ਨੈੱਟਵਰਕ ਸੁਰੱਖਿਆ ਅਤੇ ਡਿਜੀਟਲ ਢਾਂਚੇ ਦੇ ਖੇਤਰ ਵਿੱਚ ਆਤਮਨਿਰਭਰ ਬਣ ਸਕੇਗਾ। ਪੈਨੀਸਿਲਿਨ, ਬਿਜਲੀ ਅਤੇ ਇੰਟਰਨੈੱਟ ਵਰਗੇ ਕ੍ਰਾਂਤੀਕਾਰੀ ਨਵੀਨਤਾਵਾਂ ਦਾ ਦੌਰ ਹੁਣ ਹੌਲੀ ਪ੍ਰਗਤੀ ਦੇ ਯੁੱਗ ਵਿੱਚ ਬਦਲ ਗਿਆ ਹੈ। ਦੁਨੀਆ ਭਰ ਵਿੱਚ ਖੋਜ ’ਤੇ ਖਰਚ ਵਧਿਆ ਹੈ, ਪਰ ਮੂਲਭੂਤ ਖੋਜਾਂ ਦੀ ਗਿਣਤੀ ਘਟ ਰਹੀ ਹੈ। ਫਿਰ ਵੀ ਇਹ ਨਿਰਾਸ਼ਾ ਦਾ ਨਹੀਂ, ਸਗੋਂ ਮੁੜ-ਨਿਰਮਾਣ ਦਾ ਸਮਾਂ ਹੈ। India Technology Independence

ਹੁਣ ਸਾਨੂੰ ਅਜਿਹਾ ਮਾਹੌਲ ਬਣਾਉਣਾ ਪਵੇਗਾ ਜਿੱਥੇ ਵਿਗਿਆਨੀਆਂ ਅਤੇ ਨਵੀਨਤਾਕਾਰਾਂ ਨੂੰ ਸਾਹਸਿਕ ਵਿਚਾਰਾਂ ’ਤੇ ਕੰਮ ਕਰਨ ਦੀ ਆਜ਼ਾਦੀ ਅਤੇ ਸਰੋਤ ਮਿਲ ਸਕਣ। ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਿੱਜੀ ਖੇਤਰ ਦੀ ਸੀਮਤ ਸ਼ਮੂਲੀਅਤ ਹੈ। ਹੁਣ ਇਹ ਜ਼ਰੂਰੀ ਹੈ ਕਿ ਨਿੱਜੀ ਉਦਯੋਗ ਵੀ ਖੋਜ ਅਤੇ ਨਵੀਨਤਾ ਵਿੱਚ ਸਰਗਰਮ ਭੂਮਿਕਾ ਨਿਭਾਏ। ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਅਮਰੀਕਾ ਵਰਗੇ ਦੇਸ਼ਾਂ ਦੇ ਵਧਦੇ ਵੀਜ਼ਾ ਪ੍ਰੋਗਰਾਮਾਂ ਦਾ ਜਵਾਬ ਫੈਸਲਾਕੁਨ ਕਦਮਾਂ ਨਾਲ ਦੇਣਾ ਚਾਹੀਦਾ ਹੈ। ਨਵੀਨਤਾ ਦੇ ਲਾਭਾਂ ਨੂੰ ਵਧਾਉਣ ਲਈ ਦੇਸ਼ ਵਿੱਚ ਨੀਤੀਗਤ ਸੁਧਾਰਾਂ ਦੀ ਵੀ ਲੋੜ ਹੈ। India Technology Independence

ਸਟਾਰਟਅੱਪਸ ਅਤੇ ਐਮਐਸਐਮਈ ਨੂੰ ਉਤਸ਼ਾਹ ਦੇਣ ਲਈ ਸਰਲ ਖਰੀਦ ਪ੍ਰਕਿਰਿਆਵਾਂ ਅਤੇ ਜੋਖਮ ਨਿਵੇਸ਼ ਦਾ ਮਾਹੌਲ ਤਿਆਰ ਕਰਨਾ ਹੋਵੇਗਾ। ਪਿਛਲੇ ਕੁਝ ਸਾਲਾਂ ਵਿੱਚ ਸਵਦੇਸ਼ੀ ਕੰਪਿਊਟਰ, ਮੋਬਾਇਲ ਫੋਨ ਤੇ ਸੋਸ਼ਲ ਮੀਡੀਆ ਐਪਸ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਰਾਸ਼ਟਰੀ ਕੰਪਿਊਟਿੰਗ ਮਿਸ਼ਨ ਦੇ ਤਹਿਤ ਦੇਸ਼ ਵਿੱਚ ਸੁਪਰ ਕੰਪਿਊਟਰਾਂ ਦਾ ਨਿਰਮਾਣ ਅਤੇ ਸਥਾਪਨਾ ਹੋ ਰਹੀ ਹੈ। ਇਹ ਸੁਪਰ ਕੰਪਿਊਟਰ ਹੁਣ ਰਾਸ਼ਟਰੀ ਗਿਆਨ ਨੈੱਟਵਰਕ ਦੇ ਮਾਧਿਅਮ ਨਾਲ ਵਿਸ਼ਵਵਿਦਿਆਲਿਆਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਨੂੰ ਜੋੜ ਰਹੇ ਹਨ, ਜਿਸ ਨਾਲ ਨਵੀਨਤਾ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹ ਰਹੀਆਂ ਹਨ।

ਭਾਰਤ ਦੇ ਕੋਲ ਨਾ ਤਾਂ ਪ੍ਰਤਿਭਾ ਦੀ ਕਮੀ ਹੈ ਅਤੇ ਨਾ ਹੀ ਨਵੀਨਤਾ ਦੀ ਸੋਚ ਦੀ। ਦੇਸ਼ ਦੇ ਨੌਜਵਾਨਾਂ ਵਿੱਚ ਏਆਈ, ਰੋਬੋਟਿਕਸ, ਚਿੱਪ ਨਿਰਮਾਣ ਤੇ ਸੁਪਰ ਕੰਪਿਊਟਰ ਵਰਗੇ ਖੇਤਰਾਂ ਵਿੱਚ ਅਦਭੁਤ ਸਮਰੱਥਾ ਹੈ। ਲੋੜ ਹੈ ਤਾਂ ਸਿਰਫ਼ ਸਹੀ ਦਿਸ਼ਾ ਅਤੇ ਨਿਵੇਸ਼ ਦੀ। ਜੇ ਸਰਕਾਰ ਅਤੇ ਨਿੱਜੀ ਖੇਤਰ ਮਿਲ ਕੇ ਇਸ ਸਮਰੱਥਾ ਨੂੰ ਉਤਸ਼ਾਹ ਦੇਣ, ਤਾਂ ਆਉਣ ਵਾਲੇ ਸਾਲਾਂ ਵਿੱਚ ਭਾਰਤ ਤਕਨੀਕੀ ਤੌਰ ’ਤੇ ਦੁਨੀਆ ਦਾ ਅਗਵਾਈ ਕਰਨ ਵਾਲਾ ਰਾਸ਼ਟਰ ਬਣ ਸਕਦਾ ਹੈ। ਸਚਾਈ ਇਹ ਹੈ ਕਿ ਜੇ ਭਾਰਤ ਨੇ ਸਾਲ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨਾ ਹੈ, ਤਾਂ ਉਸ ਨੂੰ ਆਪਣੀ ਤਕਨੀਕੀ ਤਿਅਰੀ ਖੁਦ ਕਰਨੀ ਪਵੇਗੀ। ਇਸ ਲਈ ਦੇਸ਼ ਵਿੱਚ ਖੋਜ ਸੰਸਥਾਨਾਂ, ਵਿਸ਼ਵਵਿਦਿਆਲਿਆਂ ਅਤੇ ਵਿਸ਼ਵਵਿਆਪੀ ਮਾਹਰਾਂ ਦੀ ਇੱਕ ਅਜਿਹੀ ਕਮੇਟੀ ਦਾ ਗਠਨ ਜ਼ਰੂਰੀ ਹੈ। India Technology Independence

ਜੋ ਬਿਨਾਂ ਕਿਸੇ ਗੈਰ-ਪੇਸੇਵਾਰਾਨਾ ਪਹੁੰਚ ਦੇ ਸਿਰਫ਼ ਪ੍ਰਤਿਭਾ, ਨਵੀਨਤਾ ਅਤੇ ਖੋਜ ਨਤੀਜਿਆਂ ’ਤੇ ਕੇਂਦਰਿਤ ਹੋਵੇ। ਇਹ ਕਮੇਟੀ ਅਗਲੇ ਤਿੰਨ ਤੋਂ ਪੰਜ ਸਾਲਾਂ ਲਈ ਇੱਕ ਦੂਰਦਰਸ਼ੀ ਯੋਜਨਾ ਤਿਆਰ ਕਰ ਸਕਦੀ ਹੈ। ਭਾਰਤ ਦੀ ਇਹ ਤਕਨੀਕੀ ਯਾਤਰਾ ਸਿਰਫ਼ ਵਿਕਾਸ ਦੀ ਕਹਾਣੀ ਨਹੀਂ ਹੈ, ਸਗੋਂ ਆਤਮਨਿਰਭਰਤਾ, ਨਵੀਨਤਾ ਅਤੇ ਵਿਸ਼ਵਵਿਆਪੀ ਲੀਡਰਸ਼ਿਪ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਫੈਸਲਾਕੁਨ ਕਦਮ ਹੈ। ਜੇ ਸਹੀ ਨੀਤੀ, ਸੰਕਲਪ ਅਤੇ ਸਹਿਯੋਗ ਨਾਲ ਇਹ ਯਾਤਰਾ ਜਾਰੀ ਰਹੀ, ਤਾਂ ਆਉਣ ਵਾਲਾ ਦਹਾਕਾ ਭਾਰਤ ਨੂੰ ਵਿਗਿਆਨਕ ਸ਼ਕਤੀ ਨਾਲ ਭਰਪੂਰ ਰਾਸ਼ਟਰ ਦੇ ਰੂਪ ਵਿੱਚ ਸਥਾਪਤ ਕਰ ਦੇਵੇਗਾ। ਹੁਣ ਸਮਾਂ ਹੈ, ਜਦੋਂ ਭਾਰਤ ਸਿਰਫ਼ ਤਕਨੀਕ ਦਾ ਉਪਭੋਗਤਾ ਨਹੀਂ, ਸਗੋਂ ਉਸ ਦੇ ਭਵਿੱਖ ਦਾ ਨਿਰਮਾਤਾ ਬਣੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਧਜੁਰਤੀ ਮੁਖਰਜੀ