ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਵਿਚਾਰ ਮਾਂ-ਬੋਲੀ ਦਾ ਸ...

    ਮਾਂ-ਬੋਲੀ ਦਾ ਸਤਿਕਾਰ ਸਿਖਾਉਦਾ ਹਰ ਭਾਸ਼ਾ ਸਤਿਕਾਰ ਕਰਨਾ

    International Mother Language Day Sachkahoon

    ਕੌਮਾਂਤਰੀ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼ International Mother Language Day

    ਮਾਂ-ਬੋਲੀ ਨਾਲ ਹਰ ਇਨਸਾਨ ਦਾ ਰਿਸ਼ਤਾ ਵਿਸ਼ੇਸ਼ ਅਤੇ ਵਿਲੱਖਣ ਹੁੰਦਾ ਹੈ। ਵਿਸ਼ਵ ਦੇ ਹਰ ਸਮਾਜ ਦੇ ਨਾਗਰਿਕਾਂ ਨੂੰ ਆਪਣੀ ਮਾਂ-ਬੋਲੀ ਸਭ ਤੋਂ ਪਿਆਰੀ ਤੇ ਮਿੱਠੀ ਜਾਪਦੀ ਹੈ। ਸ਼ਾਇਦ ਇਸੇ ਸੋਚ ਵਿੱਚੋਂ ਹੀ ਭਾਸ਼ਾਈ ਸੰਕੀਰਨਤਾ ਦਾ ਜਨਮ ਹੁੰਦਾ ਹੈ। ਹਰ ਇਨਸਾਨ ਨੂੰ ਆਪਣੀ ਮਾਂ-ਬੋਲੀ ਨਾਲ ਸਨੇਹ ਕਰਨਾ ਚਾਹੀਦਾ ਹੈ ਪਰ ਹੋਰਨਾਂ ਭਾਸ਼ਾਵਾਂ ਪ੍ਰਤੀ ਤੰਗਦਿਲੀ ਰੱਖਣਾ ਕਿਵੇਂ ਵੀ ਜਾਇਜ਼ ਨਹੀਂ। ਹੋਰਨਾਂ ਭਾਸ਼ਾਵਾਂ ਪ੍ਰਤੀ ਤੰਗਦਿਲੀ ਵਾਲੀ ਸੋਚ ਹੀ ਸਮਾਜ ’ਚ ਬਹੁਤ ਸਾਰੀਆਂ ਬੁਰਾਈਆਂ ਦੀ ਜਨਮਦਾਤੀ ਹੈ। ਜੇਕਰ ਮਾਂ-ਬੋਲੀ ਨੂੰ ਹੋਰਨਾਂ ਭਾਸ਼ਾਵਾਂ ਤੋਂ ਉੱਚਾ ਰੁਤਬਾ ਦੇਣਾ ਵਿਦਵਤਾ ਦੀ ਨਿਸ਼ਾਨੀ ਹੈ ਤਾਂ ਹੋਰਨਾਂ ਭਾਸ਼ਾਵਾਂ ਪ੍ਰਤੀ ਈਰਖਾ ਪਾਲਣਾ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ। ਵਿਸ਼ਵ ਸ਼ਾਂਤੀ ਅਤੇ ਇਨਸਾਨੀਅਤ ਦੇ ਪਸਾਰੇ ਲਈ ਬਹੁ-ਭਾਸ਼ਾਈ ਸਨੇਹ ਅਤੇ ਸਦਭਾਵਨਾ ਸਮੇਂ ਦੀ ਮੁੱਖ ਜਰੂਰਤ ਹੈ।

    ਹੋਰਨਾਂ ਭਾਸ਼ਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਮ ਕਰਨ ਅਤੇ ਬਹੁ-ਭਾਸ਼ਾਈ ਸੱਭਿਆਚਾਰ ਦੇ ਪਸਾਰੇ ਲਈ ਸਮੁੱਚੇ ਵਿਸ਼ਵ ’ਚ 21 ਫਰਵਰੀ ਦਾ ਦਿਨ ਕੌਮਾਂਤਰੀ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਹਿਲੀ ਵਾਰ ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਗਈ। ਬਾਅਦ ਵਿੱਚ ਯੂਨਾਈਟਿਡ ਨੇਸ਼ਨਜ਼ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਉਣ ਸਬੰਧੀ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਸਮੁੱਚੇ ਵਿਸ਼ਵ ’ਚ 21 ਫਰਵਰੀ 2000 ਤੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਮਾਂ-ਬੋਲੀ ਲਈ ਸ਼ਹੀਦ ਹੋਣ ਵਾਲੇ ਬੰਗਲਾਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਏ ਇਸ ਦਿਵਸ ਨੂੰ ਹੁਣ ਸਮੁੱਚੇ ਵਿਸ਼ਵ ’ਚ ਮਾਨਤਾ ਹੈ ਅਤੇ ਵਿਸ਼ਵ ਦੇ ਹਰ ਸਮਾਜ ਵੱਲੋਂ ਇਸ ਦਿਨ ਆਪੋ-ਆਪਣੀ ਮਾਂ-ਬੋਲੀ ਦੇ ਪਿਛੋਕੜ ਬਾਰੇ ਸੈਮੀਨਾਰ, ਗੋਸ਼ਟੀਆਂ ਅਤੇ ਕਾਵਿ ਸੰਮੇਲਨ ਕਰਵਾਉਣ ਤੋਂ ਇਲਾਵਾ ਇਸ ਦੇ ਪਸਾਰੇ ਲਈ ਅਹਿਦ ਲਏ ਜਾਂਦੇ ਹਨ। ਵਿਦਵਾਨਾਂ ਵੱਲੋਂ ਆਮ ਲੋਕਾਂ ਨੂੰ ਮਾਂ-ਬੋਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਮਾਂ-ਬੋਲੀ ਨਾਲ ਪਿਆਰ ਤੇ ਹੋਰਨਾਂ ਸਮਾਜਾਂ ਦੀਆਂ ਭਾਸ਼ਾਵਾਂ ਦੇ ਸਤਿਕਾਰ ਬਾਰੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ।

    ਕੌਮਾਂਤਰੀ ਮਾਂ-ਬੋਲੀ ਦਿਵਸ ਦੀ ਸ਼ੁਰੂਆਤ ਦਾ ਸਿਹਰਾ ਬੰਗਲਾਦੇਸ਼ ਦੇ ਮਾਂ-ਬੋਲੀ ਪ੍ਰੇਮੀਆਂ ਦੇ ਸਿਰ ਬੱਝਦਾ ਹੈ। ਪਾਕਿਸਤਾਨ ਸਰਕਾਰ ਵੱਲੋਂ 1948 ’ਚ ਕੇਵਲ ਤੇ ਕੇਵਲ ਉਰਦੂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ਦਾ ਬੰਗਲਾਦੇਸ਼ ਵਾਸੀਆਂ ਵੱਲੋਂ ਸ਼ੁਰੂ ਹੋਇਆ ਵਿਰੋਧ ਜਨ-ਅੰਦੋਲਨ ਦਾ ਰੂਪ ਧਾਰਨ ਕਰ ਗਿਆ। ਸੱਭਿਆਚਾਰ, ਖੇਤਰ ਤੇ ਭਾਸ਼ਾ ਪੱਖੋਂ ਪਾਕਿਸਤਾਨ ਤੋਂ ਪੂਰੀ ਤਰ੍ਹਾਂ ਭਿੰਨ ਬੰਗਲਾਦੇਸ਼ ਦੇ ਨਾਗਰਿਕਾਂ ਵੱਲੋਂ ਉਰਦੂ ਦੇ ਨਾਲ-ਨਾਲ ਉਨ੍ਹਾਂ ਦੀ ਮਾਂ-ਬੋਲੀ ਨੂੰ ਵੀ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ ਦੇ ਸੰਘਰਸ਼ ਨੂੰ ਦਬਾਉਣ ਲਈ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ। ਸਰਕਾਰ ਦੇ ਇਸ ਐਲਾਨਨਾਮੇ ਖਿਲਾਫ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਨਤਕ ਸਹਿਯੋਗ ਨਾਲ ਭਾਰੀ ਰੈਲੀਆਂ ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ।

    ਪਾਕਿਸਤਾਨ ਸਰਕਾਰ ਦੇ ਹੁਕਮਾਂ ’ਤੇ ਢਾਕਾ ਵਿਖੇ ਪੁਲਿਸ ਵੱਲੋਂ 21 ਫਰਵਰੀ 1952 ਨੂੰ ਇਨ੍ਹਾਂ ਇਕੱਤਰਤਾਵਾਂ ’ਤੇ ਗੋਲੀਆਂ ਵਰ੍ਹਾਈਆਂ ਗਈਆਂ। ਬਹੁਤ ਸਾਰੇ ਬੰਗਲਾ ਨਾਗਰਿਕ ਅਤੇ ਵਿਦਿਆਰਥੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਮਾਂ-ਬੋਲੀ ਦੇ ਬਚਾਅ ਲਈ ਸ਼ਹੀਦੀਆਂ ਦੇਣ ਦਾ ਇਹ ਸ਼ਾਇਦ ਪਹਿਲਾ ਸਾਕਾ ਸੀ ਅਤੇ ਅੱਜ ਤੱਕ ਵੀ ਵਿਸ਼ਵ ਦਾ ਹੋਰ ਕੋਈ ਸਮਾਜ ਮਾਂ-ਬੋਲੀ ਪ੍ਰਤੀ ਇਸ ਹੱਦ ਤੱਕ ਦਾ ਸਨੇਹ ਨਹੀਂ ਵਿਖਾ ਸਕਿਆ। ਉਸ ਦਿਨ ਤੋਂ ਬੰਗਲਾਦੇਸ਼ ਵਾਸੀ ਮਾਂ-ਬੋਲੀ ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਅਰਪਿਤ ਕਰਦੇ ਆ ਰਹੇ ਹਨ। ਬੰਗਲਾ ਦੇਸ਼ ’ਚ ਇਸ ਦਿਨ ਰਾਸ਼ਟਰੀ ਛੁੱਟੀ ਵੀ ਰਹਿੰਦੀ ਹੈ।

    ਬੰਗਲਾਦੇਸ਼ ਸਰਕਾਰ ਵੱਲੋਂ ਵਿਸ਼ਵ ਦੀਆਂ ਬੋਲੀਆਂ ਦੇ ਬਚਾਅ ਤੇ ਉਨ੍ਹਾਂ ਨੂੰ ਵਿਕਸਿਤ ਹੋਣ ਦੇ ਅਵਸਰ ਉਪਲੱਬਧ ਕਰਵਾਉਣ ਦੇ ਮਨੋਰਥ ਨਾਲ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ ਮਨਾਉਣ ਲਈ ਯੂਨੈਸਕੋ ਕੋਲ ਪਹੁੰਚ ਕੀਤੀ ਗਈ। ਅਖੀਰ 17 ਨਵੰਬਰ 1999 ਨੂੰ ਯੂਨੈਸਕੋ ਵੱਲੋਂ ਮਾਂ-ਬੋਲੀ ਦੇ ਸ਼ਹੀਦਾਂ ਨੂੰ ਯਾਦ ਕਰਨ ਅਤੇ ਮਾਂ-ਬੋਲੀ ਪ੍ਰਤੀ ਸਨੇਹ ਪੈਦਾ ਕਰਨ ਲਈ 21 ਫਰਵਰੀ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਉਸ ਦਿਨ ਤੋਂ ਲੈ ਕੇ ਭਾਰਤ ਸਮੇਤ ਵਿਸ਼ਵ ਦੇ ਤਮਾਮ ਮੁਲਕਾਂ ਵੱਲੋਂ ਇਹ ਦਿਵਸ ਮਨਾਇਆ ਜਾਂਦਾ ਹੈ। ਮੌਜ਼ੂਦਾ ਦੌਰ ਦੌਰਾਨ ਕੋਰੋਨਾ ਮਹਾਂਮਾਰੀ ਬਦੌਲਤ ਮੇਲਜੋਲ ਤੋਂ ਵਾਂਝੀ ਹੋ ਰਹੀ ਮਨੁੱਖਤਾ ਦੇ ਮੱਦੇਨਜ਼ਰ ਨਵੀਆਂ ਤਕਨੀਕਾਂ ਜਰੀਏ ਸਿੱਖਣ ਪ੍ਰਕਿਰਿਆ-ਚੁਣੌਤੀਆਂ ਅਤੇ ਅਵਸਰ ਦੇ ਥੀਮ ਨਾਲ ਇਸ ਵਰੇ੍ਹ ਦਾ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਸਿੱਖਣ ਸਿਖਾਉਣ ਦੀਆਂ ਆਧੁਨਿਕ ਤਕਨੀਕਾਂ ਦਾ ਵਿਸ਼ਵ ਦੀਆਂ ਸਮੂਹ ਭਾਸ਼ਾਵਾਂ ਦੇ ਵਿਸਥਾਰ ਲਈ ਇਸਤੇਮਾਲ ਸਮੇਂ ਦੀ ਮੁੱਖ ਜਰੂਰਤ ਹੈ।

    ਮਾਂ-ਬੋਲੀ ਪ੍ਰਤੀ ਲਾਪਰਵਾਹੀ ਦਾ ਆਲਮ ਵੀ ਕੌਮਾਂ ਤੋਂ ਉਨ੍ਹਾਂ ਦੀ ਮਾਤ-ਭਾਸ਼ਾ ਖੋਹ ਲੈਂਦਾ ਹੈ। ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਵਿੱਚ ਸਮਾ ਲੈਣਾ ਬੇਸ਼ੱਕ ਕਿਸੇ ਭਾਸ਼ਾ ਦੀ ਅਮੀਰੀ ਮੰਨੀ ਜਾਂਦੀ ਹੈ ਪਰ ਇਸ ਤਰ੍ਹਾਂ ਦੀ ਬਹੁਤੀ ਅਮੀਰੀ ਵਿਸ਼ਵ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਮਹਿੰਗੀ ਵੀ ਪੈ ਚੁੱਕੀ ਹੈ। ਸਾਡੀ ਮਾਂ-ਬੋਲੀ ਪੰਜਾਬੀ ’ਚ ਹੋਰਨਾਂ ਭਾਸ਼ਾਵਾਂ ਖਾਸ ਕਰਕੇ ਅੰਗਰੇਜੀ ਸ਼ਬਦਾਂ ਦਾ ਹੋ ਰਿਹਾ ਪ੍ਰਚਲਨ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲਗਾਤਾਰ ਖੋਰਾ ਲਾ ਰਿਹਾ ਹੈ। ਪੰਜਾਬੀਆਂ ਦੇ ਅੰਗਰੇਜੀ ਬੋਲਦੇ ਮੁਲਕਾਂ ’ਚ ਹੋ ਰਹੇ ਪ੍ਰਵਾਸ ਨੇ ਇਸ ਤਰ੍ਹਾਂ ਦੇ ਪ੍ਰਚਲਨ ’ਚ ਕਈ ਗੁਣਾ ਜ਼ਿਆਦਾ ਇਜ਼ਾਫਾ ਕੀਤਾ ਹੈ ਜਦੋਂਕਿ ਅੰਗਰੇਜੀ ਭਾਸ਼ਾ ਨੂੰ ਦਫਤਰੀ ਭਾਸ਼ਾ ਦਾ ਸਾਧਨ ਬਣਾਉਣ ਵਾਲੇ ਉਹ ਵਿਕਸਿਤ ਮੁਲਕ ਆਪਣੀ ਮਾਤ-ਭਾਸ਼ਾ ਦੇ ਨਾ ਕੇਵਲ ਬਚਾਅ ਲਈ ਸਗੋਂ ਵਿਕਾਸ ਲਈ ਪੂਰੀ ਤਰ੍ਹਾਂ ਸੁਚੇਤ ਹਨ। ਪੰਜਾਬੀ ਮਾਂ-ਬੋਲੀ ਨੂੰ ਲੱਗ ਰਹੇ ਖੋਰੇ ਬਾਰੇ ਆਪਣੀ ਜਿੰੰਮੇਵਾਰੀ ਵਿਖਾਉਂਦਿਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਬਹੁਤ ਸਾਰੇ ਕਾਇਦੇ ਕਾਨੂੰਨ ਅਮਲ ਵਿੱਚ ਲਿਆਂਦੇ ਗਏ ਹਨ। ਪੰਜਾਬੀ ਭਾਸ਼ਾ ਨੂੰ ਸੂਬੇ ਦੇ ਦਫਤਰਾਂ ਦੀ ਪਟਰਾਣੀ ਬਣਾਇਆ ਗਿਆ ਹੈ। ਦਫਤਰਾਂ ਦਾ ਸਾਰਾ ਕੰਮਕਾਜ ਪੰਜਾਬੀ ਭਾਸ਼ਾ ’ਚ ਕਰਨ ਦੇ ਆਦੇਸ਼ਾਂ ਸਮੇਤ ਦਿਸ਼ਾ ਸੂਚਕ ਬੋਰਡਾਂ ’ਤੇ ਵੀ ਪੰਜਾਬੀ ਭਾਸ਼ਾ ਦਾ ਇਸਤੇਮਾਲ ਸਭ ਤੋਂ ਉੱਪਰ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਆਦੇਸ਼ਾਂ ’ਤੇ ਅਮਲ ਕਰਨਾ ਹਰ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਦਾ ਫਰਜ਼ ਹੈ।

    ਸਰਕਾਰੀ ਯਤਨਾਂ ਦੇ ਨਾਲ-ਨਾਲ ਸਾਨੂੰ ਨਿੱਜੀ ਜ਼ਿੰਦਗੀ ਅਤੇ ਪਰਿਵਾਰਾਂ ਵਿੱਚ ਵੀ ਮਾਤ-ਭਾਸ਼ਾ ਪ੍ਰਤੀ ਸਨੇਹ ਪੈਦਾ ਕਰਨਾ ਪਵੇਗਾ। ਬੱਚਿਆਂ ਨੂੰ ਅੰਗਰੇਜੀ ਜਾਂ ਕਿਸੇ ਹੋਰ ਭਾਸ਼ਾਈ ਮਾਧਿਅਮ ’ਚ ਸਿੱਖਿਆ ਦਿਵਾਉਣਾ ਸਮੇਂ ਦੀ ਮੁੱਖ ਜਰੂਰਤ ਨੂੰ ਸਮਝਦਿਆਂ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜਾਂ ਨੂੰ ਵੀ ਚੇਤੇ ਰੱਖਣਾ ਹੋਵੇਗਾ। ਬੱਚਿਆਂ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਤੋਂ ਰੋਕਣ ਦੀ ਬਜਾਏ ਉਨ੍ਹਾਂ ਨੂੰ ਹੋਰਨਾਂ ਭਾਸ਼ਾਵਾਂ ਜਰੀਏ ਮਾਤ-ਭਾਸ਼ਾ ਪੰਜਾਬੀ ਦੇ ਵਿਕਾਸ ਲਈ ਤਿਆਰ ਕਰਨਾ ਹੋਵੇਗਾ। ਸਾਡੀਆਂ ਆਉਣ ਵਾਲੀਆਂ ਪਨੀਰੀਆਂ ਅਜਿਹੀਆਂ ਹੋਣ ਕਿ ਹੋਰਨਾਂ ਵਿਸ਼ਵ ਦੇ ਵੱਧ ਤੋਂ ਵੱਧ ਸਮਾਜਾਂ ਦੀਆਂ ਭਾਸ਼ਾਵਾਂ ਸਿੱਖ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਨਾਲ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਦੱਸ ਸਕਣ। ਪੰਜਾਬੀ ਮਾਂ-ਬੋਲੀ ਸਾਡੀ ਰੂਹ ਦੀ ਬੋਲੀ ਬਣਨੀ ਚਾਹੀਦੀ ਹੈ ਜਦ ਇਹ ਸਾਡੀ ਰੂਹ ਦੀ ਬੋਲੀ ਬਣ ਗਈ ਤਾਂ ਇਸ ਦੇ ਪ੍ਰਚਲਨ ਲਈ ਬਣਾਏ ਨਿਯਮ ਲਾਗੂ ਕਰਵਾਉਣ ਲਈ ਸਖਤੀ ਤਾਂ ਕੀ ਸ਼ਾਇਦ ਨਿਯਮਾਂ ਦੀ ਹੀ ਜਰੂਰਤ ਨਹੀਂ ਰਹੇਗੀ। ਹੋਰਨਾਂ ਭਾਸ਼ਾਵਾਂ ਤੋਂ ਹੋਣ ਵਾਲੇ ਅਣਕਿਆਸੇ ਅਤੇ ਅਣਦਿਖਦੇ ਹਮਲਿਆਂ ਤੋਂ ਮਾਤ-ਭਾਸ਼ਾ ਨੂੰ ਬਚਾਉਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਦੋਵੇਂ ਤਰ੍ਹਾਂ ਦੇ ਯਤਨਾਂ ਦੀ ਜਰੂਰਤ ਸਮੇਂ ਦੀ ਮੁੱਖ ਮੰਗ ਹੈ।

    ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਉਣ ਦੇ ਮਨੋਰਥ ਨੂੰ ਸਮਝਣਾ ਵੀ ਅਜੋਕੇ ਸਮੇਂ ਦੀ ਮੁੱਖ ਜਰੂਰਤ ਹੈ। ਮਾਂ-ਬੋਲੀ ਦਿਵਸ ਮਨਾਉਣ ਦਾ ਮੰਤਵ ਆਪੋ-ਆਪਣੀਆਂ ਮਾਂ-ਬੋਲੀਆਂ ਦੇ ਪਸਾਰੇ ਨਾਲ ਵਿਸ਼ਵ ’ਤੇ ਬਹੁ-ਭਾਸ਼ਾਈ ਸੱਭਿਆਚਾਰ ਪੈਦਾ ਕਰਨਾ ਅਤੇ ਭਾਸ਼ਾਈ ਤਾਲਮੇਲ ਜਰੀਏ ਵਿਸ਼ਵ ਵਿਕਾਸ ਵੱਲ ਵਧਣਾ ਹੈ। ਇਸ ਦਿਨ ’ਤੇ ਇਹ ਸਮਝਣ ਦੀ ਵੀ ਜਰੂਰਤ ਹੈ ਕਿ ਆਪਣੀ ਮਾਂ-ਬੋਲੀ ਦੇ ਪਸਾਰੇ ਲਈ ਦੂਜਿਆਂ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਵੀ ਬਹੁਤ ਜਰੂਰੀ ਹੈ। ਕਿਉਂਕਿ ਇੱਕ ਮਾਂ ਦੇ ਸਤਿਕਾਰ ਤੇ ਗੌਰਵ ਵਿੱਚ ਉਸ ਸਮੇਂ ਹੋਰ ਵੀ ਇਜ਼ਾਫਾ ਹੋ ਜਾਂਦਾ ਹੈ ਜਦੋਂ ਉਸ ਦੇ ਜਾਏ ਹੋਰਨਾਂ ਮਾਵਾਂ ਦਾ ਵੀ ਝੁਕ ਕੇ ਸਤਿਕਾਰ ਕਰਦੇ ਹਨ। ਪੰਜਾਬੀ ਭਾਸ਼ਾ ਪ੍ਰਤੀ ਸੀਨੇ ’ਚ ਪਿਆਰ ਪਾਲਦਿਆਂ ਹੋਰਨਾਂ ਭਾਸ਼ਾਵਾਂ ਨੂੰ ਦੇਣ ਵਾਲਾ ਸਤਿਕਾਰ ਸਾਡੀ ਮਾਂ-ਬੋਲੀ ਪੰਜਾਬੀ ਦੇ ਨਾਲ-ਨਾਲ ਸਾਡੇ ਨਿੱਜੀ ਸਤਿਕਾਰ ਦਾ ਵੀ ਸਬੱਬ ਬਣੇਗਾ। ਵਿਸ਼ਵ ’ਚ ਬਹੁ-ਭਾਸ਼ਾਈ ਸੱਭਿਆਚਾਰ ਦਾ ਮਾਹੌਲ ਪੈਦਾ ਕਰਦਿਆਂ ਹਰ ਭਾਸ਼ਾ ਨੂੰ ਵਿਕਸਿਤ ਹੋਣ ਦੇ ਅਵਸਰ ਦੇਣਾ ਹੀ ਇਸ ਦਿਵਸ ਦਾ ਮੁੱਖ ਮਨੋਰਥ ਹੈ। ਅੱਜ ਦੇ ਦਿਨ ਮਾਂ-ਬੋਲੀ ਪੰਜਾਬੀ ਪ੍ਰਤੀ ਮਾਣਮੱਤੇ ਅਹਿਸਾਸ ਦੇ ਨਾਲ ਇਸ ਦੇ ਵਿਕਾਸ ਲਈ ਅਹਿਦ ਕਰਨਾ ਹਰ ਪੰਜਾਬੀ ਦਾ ਨੈਤਿਕ ਫਰਜ਼ ਹੈ।

    ਬਿੰਦਰ ਸਿੰਘ ਖੁੱਡੀ ਕਲਾਂ
    ਸ਼ਕਤੀ ਨਗਰ,ਬਰਨਾਲਾ।
    ਮੋ. 98786-05965

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here