16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਮੋਰਚੇ ਨੇ ਪੰਜਾਬ ਸਰਕਾਰ ਵੱਲ ਭੇਜਿਆ ‘ਮੰਗ ਪੱਤਰ’ (Bharat Bandh)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Bharat Bandh ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 16 ਫਰਵਰੀ ਨੂੰ ਦਿੱਤੇ ‘ਭਾਰਤ ਬੰਦ’ ਅਤੇ ‘ਹੜਤਾਲ’ ਦੇ ਸੱਦੇ ਨੂੰ ਸਫਲ ਬਣਾਉਣ ਲਈ 17 ਤੋਂ ਵਧੇਰੇ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਅਧਾਰਿਤ ‘16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਮੋਰਚੇ’ ਦੇ ਸੱਦੇ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਅਧਿਆਪਕ ਆਗੂਆਂ ਵੱਲੋਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਰਵਿੰਦਰਪਾਲ ਸਿੰਘ ਰਾਹੀਂ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲ ਨੋਟਿਸ ਅਤੇ ਮੰਗ ਪੱਤਰ ਭੇਜੇ ਗਏ।
ਕੱਚੇ, ਪਰਖ ਕਾਲ ਅਧੀਨ ਅਤੇ ਕੰਪਿਊਟਰ ਅਧਿਆਪਕ ਸਮੂਹਿਕ ਛੁੱਟੀ ਲੈਕੇ ‘ਭਾਰਤ ਬੰਦ’ ਵਿੱਚ ਭਰਨਗੇ ਹਾਜ਼ਰੀ
ਅਧਿਆਪਕ ਮੋਰਚੇ ਦੇ ਫੈਸਲੇ ਅਨੁਸਾਰ 16 ਫਰਵਰੀ ਨੂੰ ਰੈਗੂਲਰ ਅਧਿਆਪਕਾਂ ਵੱਲੋਂ ਹੜਤਾਲ ਕਰਕੇ ਅਤੇ ਕੱਚੇ, ਪਰਖ ਕਾਲ ਅਧੀਨ ਤੇ ਕੰਪਿਊਟਰ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈਕੇ ‘ਭਾਰਤ ਬੰਦ’ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪਟਿਆਲਾ ਸ਼ਹਿਰ ਦੇ ਨਵੇਂ ਬੱਸ ਸਟੈਂਡ, ਪਸਿਆਣਾ ਪੁੱਲ, ਨਾਭਾ ਦੇ ਰੋਹਟੀ ਪੁੱਲ, ਸਮਾਣਾ, ਪਾਤੜਾਂ ਅਤੇ ਰਾਜਪੁਰਾ ਵਿਖੇ ਸਾਂਝੇ ਧਰਨਿਆਂ ਦਾ ਹਿੱਸਾ ਬਣਿਆ ਜਾਵੇਗਾ।
ਇਹ ਵੀ ਪੜ੍ਹੋ: Kisan Andolan : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੀਤੀ ਟਿੱਪਣੀ
ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਆਗੂਆਂ ਵਿਕਰਮ ਦੇਵ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਰੱਖੜਾ ਅਤੇ ਤਲਵਿੰਦਰ ਖਰੌੜ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ, ਕੌਮੀ ਸਿੱਖਿਆ ਨੀਤੀ-2020 ਰੱਦ ਕਰਵਾਕੇ ਸਿੱਖਿਆ ਨੂੰ ਰਾਜਾਂ ਦੇ ਅਧਿਕਾਰ ਹੇਠ ਲਿਆਉਣ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਣ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਅਤੇ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ, ਨਵੇਂ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ, ਕੱਚੇ/ਸੁਸਾਇਟੀ ਅਧਿਆਪਕਾਂ ਦੀ ਵਿਭਾਗੀ ਰੈਗੂਲਰਾਇਜ਼ੇਸ਼ਨ, ਕੱਟੇ ਗਏ ਸਾਰੇ ਭੱਤਿਆਂ ਦੀ ਬਹਾਲੀ, ਪੈਂਡਿੰਗ ਮਹਿੰਗਾਈ ਭੱਤੇ ਸਮੇਤ ਹੋਰਨਾਂ ਹੱਕੀ ਮੰਗਾਂ ਅਤੇ ਨਿਜੀਕਰਨ ਪੱਖੀ ਨੀਤੀਆਂ ਖਿਲਾਫ ਸਮੁੱਚੇ ਅਧਿਆਪਕ ਵਰਗ ਨੂੰ 16 ਫਰਵਰੀ ਦੇ ਸੰਘਰਸ਼ਾਂ ਦਾ ਵਧ-ਚੜ੍ਹ ਕੇ ਹਿੱਸਾ ਬਨਣ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਰੱਖੜਾ, ਗੁਰਜੀਤ ਘੱਗਾ, ਹਰਿੰਦਰ ਸਿੰਘ, ਰੋਮੀ ਸਫ਼ੀਪੁਰ,ਕ੍ਰਿਸ਼ਨ ਚੌਹਾਣਕੇ, ਤਰਸੇਮ ਸਿੰਘ, ਹਨੂੰ ਸਿੰਗਲਾ, ਮਨਦੀਪ ਕੁਮਾਰ, ਸ਼ਾਹਿਦ ਖ਼ਾਨ ਅਤੇ ਮੋਹਿਤ ਸਿੰਘ ਆਦਿ ਵੀ ਮੌਜੂਦ ਰਹੇ।