ਅਧਿਆਪਕਾਂ ਵੱਲੋਂ ਸਰਕਾਰ ਨਾਲ ਸਿੱਧੇ ਮੱਥੇ ਆਢਾ, ਟਕਰਾਅ ਵਧਣ ਦੇ ਅਸਾਰ

Teachers, Face Direct, Fate, Government, Fierce Clash

ਸਾਂਝਾ ਅਧਿਆਪਕ ਮੋਰਚੇ ਵੱਲੋਂ ਪੜ੍ਹੋ ਪੰਜਾਬ ਪ੍ਰੋਜੈਕਟ ਬੰਦ ਕਰਨ ਦਾ ਐਲਾਨ

ਅਧਿਆਪਕਾਂ ਦੀ ਤਨਖਾਹ ਕਟੌਤੀ ਮਾਮਲਾ

ਸੋਮਵਾਰ ਤੋਂ ਹਫ਼ਤਾ ਭਰ ਕਾਲੇ ਬਿੱਲੇ ਲਾਕੇ ਸਕੂਲ ਜਾਣਗੇ ਅਧਿਆਪਕ

ਮੁੱਖ ਮੰਤਰੀ, ਸਿੱਖਿਆ ਮੰਤਰੀ, ਵਿੱਤ ਮੰਤਰੀ ਦੇ ਰਾਵਣ ਵਜੋਂ ਪੁਤਲੇ ਫੂਕਣਗੇ ਅਧਿਆਪਕ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਮਾਮਲੇ ‘ਚ ਅਗਲੇ ਦਿਨਾਂ ਅੰਦਰ ਅਧਿਆਪਕ ਜਥੇਬੰਦੀਆਂ ਤੇ ਸਰਕਾਰ ਦਰਮਿਆਨ ਆਪਸੀ ਟਕਰਾਅ ਹੋਰ ਵਧਣ ਦੇ ਅਸਾਰ ਹਨ। ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਮਾਮਲਾ ਸਰਕਾਰ ਲਈ ਗਲੇ ਦੀ ਹੱਡੀ ਸਾਬਤ ਹੋ ਸਕਦਾ ਹੈ। ਅਧਿਆਪਕਾਂ ਵੱਲੋਂ ਅਗਲੇ ਦਿਨਾਂ ‘ਚ ਸਰਕਾਰ ਨਾਲ ਸਿੱਧੇ ਮੱਥੇ ਆਢਾ ਲਾਉਣ ਦੀ ਰੂਪ ਰੇਖਾ ਉਲੀਕ ਲਈ ਗਈ ਹੈ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਹੱਕ ‘ਚ ਵੱਡੀ ਹਮਾਇਤ ਜੁਟ ਰਹੀ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚੇ ਵੱਲੋਂ ਅੱਜ ਪਟਿਆਲਾ ਵਿਖੇ ਆਪਣੇ ਪਰਿਵਾਰਾਂ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਇਕੱਠ ਕੀਤਾ ਗਿਆ ਤੇ ਜਿਸ ‘ਚ ਸਰਕਾਰ ਵਿਰੁੱਧ ਤਿੱਖੀਆਂ ਤਕਰੀਰਾਂ ਚੱਲਦੀਆਂ ਰਹੀਆਂ। ਇਸ ਇਜਲਾਸ ਦੌਰਾਨ ਅਧਿਆਪਕਾਂ ਵੱਲੋਂ ਕਈ ਮਤੇ ਪਾਸ ਕੀਤੇ ਗਏ। ਸਾਂਝੇ ਮੋਰਚੇ ਦੇ ਆਗੂਆਂ ਵੱਲੋਂ ਕੱਚੇ ਅਧਿਆਪਕਾਂ ਨੂੰ ਸੱਦਾ ਦਿੰਦਿਆਂ ਅੱਜ ਤੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਾਰੇ ਗਰੁੱਪਾਂ ‘ਚੋਂ ਅਧਿਆਪਕਾਂ ਨੂੰ ਲੈਫ਼ਟ ਹੋਣ ਬਾਰੇ ਕਹਿ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਜਾਰੀ ਹੁੰਦੇ ਚਿੱਠੀ ਪੱਤਰਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਜਿਹੇ ਪੱਤਰਾਂ ਦਾ ਕੋਈ ਜਵਾਬ ਨਾ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦਾ ਜਵਾਬ ਆਉਣ ਵਾਲੇ ਸਮੇਂ ‘ਚ ਦੇਣਗੇ। ਉਨ੍ਹਾਂ ਕਿਹਾ ਕਿ ਚਾਹੇ ਸਰਕਾਰ ਉਨ੍ਹਾਂ ਨੂੰ ਮੁਅੱਤਲ ਕਰੇ, ਜਾਂ ਬਦਲੀਆਂ ਹੁਣ ਉਹ ਸਰਕਾਰ ਅੱਗੇ ਨਹੀਂ ਝੁਕਣਗੇ।

ਇਨ੍ਹਾਂ ਅਧਿਆਪਕਾਂ ਵੱਲੋਂ ਸੋਮਵਾਰ ਤੋਂ ਕਾਲਾ ਹਫ਼ਤਾ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਕੂਲ ਅੰਦਰ ਕਾਲੇ ਬਿੱਲੇ ਲਾਕੇ ਜਾਣਗੇ ਅਤੇ ਹਫ਼ਤਾ ਭਰ ਆਪਣਾ ਵਿਰੋਧ ਪ੍ਰਗਟਾਉਣਗੇ। ਸਾਂਝੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਘਰ ਅੱਗੇ 16 ਤਾਰੀਖ ਨੂੰ ਰਾਤ ਵੇਲੇ ਆਪਣੇ ਵਿਰੋਧ ਨੂੰ ਲੈ ਕੇ ਜਗਰਾਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਜਗਰਾਤੇ ‘ਚ ਮਾਝੇ ਦੇ ਚਾਰ ਜ਼ਿਲ੍ਹਿਆਂ ਦੇ ਅਧਿਆਪਕ ਸ਼ਾਮਲ ਹੋਣਗੇ।

ਇੱਧਰ ਅਧਿਆਪਕਾਂ ਵੱਲੋਂ ਦੁਸਹਿਰੇ ਨੂੰ ਦੇਖਦਿਆਂ 18 ਤਾਰੀਖ ਨੂੰ ਸੂਬੇ ਭਰ ਅੰਦਰ ਰਾਵਣ ਫੂਕਣ ਦਾ ਫੈਸਲਾ ਕੀਤਾ ਗਿਆ ਹੈ। ਅਧਿਆਪਕ ਆਗੂਆਂ ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਦੀਪ ਸਿੰਘ ਟੋਡਰਪੁਰ, ਦੀਦਾਰ ਮੁੱਦਕੀ ਆਦਿ ਨੇ ਕਿਹਾ ਕਿ ਉਹ ਇਸ ਦਿਨ ਪੰਜਾਬ ਦੇ ਚਾਰ ਰਾਵਣਾਂ ਨੂੰ ਫੂਕਣਗੇ, ਜਿਨ੍ਹਾਂ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਓਪੀ ਸੋਨੀ, ਪੰਜਾਬ ਦੇ ਸਿੱਖਿਆ ਸਕੱਤਰ ਸਮੇਤ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਅੱਜ ਦੇ ਰਾਵਣ ਵਜੋਂ ਫੂਕਣਗੇ।

ਉਨ੍ਹਾਂ ਦੱਸਿਆ ਕਿ 18 ਤਾਰੀਖ ਨੂੰ ਜ਼ਿਲ੍ਹਾ ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ ਤੇ ਸੰਗਰੂਰ ਦੇ ਜ਼ਿਲ੍ਹੇ ਦੇ ਅਧਿਆਪਕ ਇੱਥੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਰਾਵਣ ਫੂਕਣਗੇ ਜਦਕਿ ਬਾਕੀ ਜ਼ਿਲ੍ਹਿਆਂ ਦੇ ਅਧਿਆਪਕ ਆਪਣੇ ਆਪਣੇ ਹੈੱਡ ਕੁਆਟਰਾਂ ‘ਤੇ ਇਨ੍ਹਾਂ ਕਾਂਗਰਸੀਆਂ ਦੇ ਪੁਤਲੇ ਫੂਕਣਗੇ। 21 ਅਕਤੂਬਰ ਨੂੰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁੰਨ ਮੋਤੀ ਮਹਿਲਾਂ ਵੱਲ ਮਾਰਚ ਕਰਨਗੇ ਤੇ ਇਹ ਮਾਰਚ ਸਰਕਾਰ ਵੱਲੋਂ ਕੀਤੇ ਘਟੀਆ ਫੈਸਲਿਆਂ ਸਬੰਧੀ ਜਵਾਬ ਮੰਗੇਗਾ।

ਆਪਣੇ ਬੱਚਿਆਂ ਦੇ ਹੱਕ ‘ਚ ਵ੍ਹੀਲ ਚੇਅਰ ‘ਤੇ ਪੁੱਜੀ ਮਾਂ

Teachers, Face Direct, Fate, Government, Fierce Clash

ਅਧਿਆਪਕਾਂ ਦੇ ਮਾਪਿਆਂ ਵੱਲੋਂ ਅਧਿਆਪਕਾਂ ਵੱਲੋਂ ਵਿੱਢੇ ਸੰਘਰਸ਼ ‘ਚ ਅੱਗੇ ਹੋ ਕੇ ਸਾਥ ਦਿੱਤਾ ਜਾ ਰਿਹਾ ਹੈ। ਅੱਜ ਵੱਡੀ ਗਿਣਤੀ ਵਿੱਚ ਆਧਿਆਪਕਾਂ ਦੇ ਮਾਪੇ ਇਸ ਸੰਘਰਸ਼ ‘ਚ ਕੁੱਦੇ। ਇਸ ਮੌਕੇ ਦੇਖਿਆ ਗਿਆ ਕਿ ਇੱਕ ਅਧਿਆਪਕਾ ਦੀ ਮਾਤਾ ਜੋ ਤੁਰਨ ‘ਚ ਅਸਮਰਥ ਹੈ ਤੇ ਵ੍ਹੀਲ ਚੇਅਰ ‘ਤੇ ਸੀ, ਉਹ ਵੀ ਸਰਕਾਰ ਦੇ ਇਸ ਫੈਸਲੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਪੁੱਜੀ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਪਟਿਆਲਾ ਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪਿੰਡ ਚੁਨਾਗਰਾ ਵਿਖੇ ਪੀਜੀਟੀ ਫਿਜਿਕਸ ਦੀ ਲੈਕਚਰਾਰ ਹੈ।

ਉਨ੍ਹਾਂ ਦੱਸਿਆ ਕਿ ਉਹ ਆਪਣੀ ਬੇਟੀ ਦੇ ਹੱਕ ‘ਚ ਤੇ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ਼ ਵ੍ਹੀਲ ਚੇਅਰ ‘ਤੇ ਆਪਣੀ ਪਤਨੀ ਹਰਵਿੰਦਰ ਕੌਰ ਨਾਲ ਇੱਥੇ ਆਏ ਹਨ। ਇਸ ਮੌਕੇ ਹਰਵਿੰਦਰ ਕੌਰ ਵੱਲੋਂ ਆਪਣੀ ਵ੍ਹੀਲ ਚੇਅਰ ‘ਤੇ ਇੱਕ ਸਲੋਗਨ ਚੁੱਕਿਆ ਹੋਇਆ ਸੀ, ਜਿਸ ‘ਚ ਲਿਖਿਆ ਸੀ ਕਿ ਪਿਆਰੇ ਅਧਿਆਪਕੋਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ। ਇਸ ਮੌਕੇ ਧਰਨੇ ‘ਚ ਇਹ ਮਾਂ-ਬਾਪ ਬਾਕੀ ਅਧਿਆਪਕਾਂ ਲਈ ਵੱਡੀ ਪ੍ਰੇਰਨਾ ਬਣੇ ਹੋਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।