ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
ਮੋਹਾਲੀ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਨੇ ਅੱਜ ਅਚਨਚੇਤ ਜਾ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰ ਲਿਆ। 5 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦੀ 7ਵੀਂ ਮੰਜ਼ਿਲ ਉਤੇ ਜਾ ਚੜ੍ਹੇ। ਕੱਚੇ ਅਧਿਆਪਕਾਂ ਨੇ ਭਵਨ ਉਪਰ ਚੜਨ ਦੀ ਕਿਸੇ ਨੂੰ ਭਿਨਕ ਨਹੀਂ ਲੱਗਣ ਦਿੱਤੀ। ਸ੍ਰੀ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਜਦੋਂ ਮਾਰਚ ਕਰਕੇ ਸਿੱਖਿਆ ਸਕੱਤਰ ਦੇ ਦਫ਼ਤਰ ਪਹੁੰਚੇ ਤਾਂ ਪੁਲਿਸ ਨੇ ਪਹੁੰਚਕੇ ਉਨ੍ਹਾਂ ਨੂੰ ਗੇਟ ਉਤੇ ਰੋਕ ਲਿਆ। ਇਸ ਤੋਂ ਤੁਰੰਤ ਪਹਿਲਾਂ ਹੀ ਸਿੱਖਿਆ ਭਵਨ ਵਿੱਚ ਪਹੁੰਚੇ 5 ਅਧਿਆਪਕ ਬਿਲਡਿੰਗ ਦੀ 7ਵੀਂ ਮੰਜ਼ਿਲ ਉਤੇ ਜਾ ਚੜ੍ਹੇ। ਇਸ ਦਾ ਪਤਾ ਲੱਗਿਆ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਬਾਹਰ ਸੈਂਕੜੇ ਅਧਿਆਪਕਾਂ ਨੇ ਸਿੱਖਿਆ ਭਵਨ ਦਾ ਘਿਰਾਓ ਸ਼ੁਰੂ ਕਰ ਦਿੱਤਾ। ਬਿਲਡਿੰਗ ਉੱਪਰ ਚੜ੍ਹੇ ਹੋਏ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰ ਲੈਣਗੇ। ਉਨ੍ਹਾਂ ਪ੍ਰਸ਼ਾਸ਼ਨ ਨੂੰ ਇਹ ਵੀ ਕਿਹਾ ਕਿ ਜੇਕਰ ਸਾਨੂੰ ਧੱਕੇ ਨਾਲ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਵੀ ਲੈ ਕੇ ਆਏ ਹਨ। ਜਿਸ ਦੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਬਿਲਡਿੰਗ ਦੀ ਛੱਤ ’ਤੇ ਖੜੇ ਅਧਿਆਪਕ ਫ਼ੋਨ ਦੇ ਜ਼ਰੀਏ ਸੰਬੋਧਨ ਕਰ ਰਹੇ ਹਨ ਕਿ ਜੇਕਰ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਬਿਲਡਿੰਗ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂਗੇ।
ਉਹਨਾਂ ਇਹ ਵੀ ਕਿਹਾ ਹੈ ਕਿ ਸਾਡੀ ਸਿੱਖਿਆ ਮੰਤਰੀ ਨਾਲ ਗੱਲ ਕਰਾਓ, ਹੁਣ ਅਸੀਂ ਲਾਰਿਆਂ ਨਾਲ ਮੰਨਣ ਵਾਲੇ ਨਹੀਂ। ਉਹਨਾਂ ਦੱਸਿਆ ਕਿ ਉਹ 18-18 ਸਾਲ ਤੋਂ ਕੰਮ ਕਰ ਰਹੇ ਹਨ ਪਰ ਉਹਨਾਂ ਦੀ ਤਨਖ਼ਾਹ ਸਿਰਫ ਹੁਣ ਵੀ 6000 ਰੁਪਏ ਹੀ ਤਨਖ਼ਾਹ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਅਧਿਆਪਕਾਂ ਦੀ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਅਗਲੀ ਮੀਟਿੰਗ 22 ਜੂਨ ਨਿਸ਼ਚਿਤ ਕੀਤੀ ਗਈ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਅਧਿਆਪਕਾਂ ਵੱਲੋਂ ਅੱਜ ਇਹ ਐਕਸ਼ਨ ਕੀਤਾ ਗਿਆ।
ਅਧਿਆਪਕਾਂ ਨੇ ਕਿਹਾ ਕਿ ਕਿਸੇ ਵੀ ਛੋਟੇ ਅਧਿਕਾਰੀ ਨਾਲ ਗੱਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਮੀਟਿੰਗ ਦਾ ਸਮਾਂ ਲੈਣ ਨਹੀਂ ਆਏ, ਤੁਰੰਤ ਮੀਟਿੰਗ ਕਰਕੇ ਹੀ ਕਿਸੇ ਸਿੱਟੇ ਉਤੇ ਪਹੁੰਚਣ ਤੋਂ ਬਿਨਾਂ ਇਥੋਂ ਨਹੀਂ ਉਠਣਗੇ। ਕੱਚੇ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਦੀ ਮੰਗ ਕਰ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਆਉਦਿਆਂ ਹੀ ਪੱਕੇ ਕਰਨਗੇ, ਪਰ ਅੱਜ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।