ਅਧਿਆਪਕਾਂ ਵੱਲੋਂ ਕਾਲਾ ਹਫ਼ਤਾ ਸ਼ੁਰੂ, ਸਕੂਲਾਂ ਅੰਦਰ ਕਾਲੇ ਬਿੱਲੇ ਲਾ ਕੇ ਕਰਵਾਈ ਬੱਚਿਆਂ ਨੂੰ ਪੜ੍ਹਾਈ

Teachers, Black Week, Start, Schools, Black Inside, Bile La, Children Taken, Study

ਮੁੱਖ ਮੰਤਰੀ ਨੇ ਅਧਿਆਪਕਾਂ ਦੀ ਮੰਗ ਨੂੰ ਨਕਾਰਿਆ, ਅਧਿਆਪਕਾਂ ‘ਚ ਰੋਸ ਦੀ ਲਹਿਰ

ਅਧਿਆਪਕਾਂ ਵੱਲੋਂ ਕੀਤਾ ਗਿਆ ਰੋਸ ਮਾਰਚ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਕਾਲਾ ਹਫ਼ਤਾ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ। ਅੱਜ ਸਕੂਲਾਂ ਅੰਦਰ ਸਾਂਝੇ ਅਧਿਆਪਕ ਮੋਰਚੇ ਨਾਲ ਜੁੜੇ ਆਧਿਆਪਕਾਂ ਵੱਲੋਂ ਕਾਲੇ ਬਿੱਲੇ ਲਾਕੇ ਸਕੂਲ ਪੁੱਜਿਆ ਗਿਆ ਤੇ ਸਰਕਾਰ ਵੱਲੋਂ ਘਟਾਈਆਂ ਤਨਖਾਹਾਂ ਵਿਰੁੱਧ ਆਪਣਾ ਰੋਸ ਦਰਜ ਕਰਵਾਇਆ ਗਿਆ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਦੀ ਇਸ ਮੰਗ ਨੂੰ ਨਕਾਰ ਦਿੱਤਾ ਗਿਆ ਹੈ, ਜਿਸ ਕਾਰਨ ਅਧਿਆਪਕਾਂ ‘ਚ ਰੋਸ ਹੋਰ ਫੈਲ ਗਿਆ ਹੈ।

ਇੱਧਰ ਮਰਨ ਵਰਤ ਤੇ ਪੱਕੇ ਮੋਰਚੇ ‘ਤੇ ਬੈਠੇ ਅਧਿਆਪਕਾਂ ਦਾ ਮਰਨ ਵਰਤ ਅੱਜ ਨੌਵੇਂ ਦਿਨ ‘ਚ ਦਾਖਲ ਕਰ ਗਿਆ ਹੈ। ਅੱਜ ਇੱਕ ਮਹਿਲਾ ਅਧਿਆਪਕਾ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਾਂਝੇ ਮੋਰਚੇ ਵੱਲੋਂ ਪੋਲ ਖੋਲ੍ਹ ਰੈਲੀ ਦੌਰਾਨ ਸੋਮਵਾਰ ਤੋਂ ਸਕੂਲਾਂ ਅੰਦਰ ਕਾਲਾ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ।

ਅੱਜ ਪੰਜਾਬ ਦੇ ਸਾਰੇ ਸਕੂਲਾਂ ‘ਚ ਸਾਂਝਾ ਅਧਿਆਪਕ ਮੋਰਚਾ ਨਾਲ ਜੁੜੇ ਅਧਿਆਪਕਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਗਿਆ। ਅਧਿਆਪਕ ਮੋਰਚੇ ਦੇ ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ‘ਚ ਆਧਿਆਪਕਾਂ ਵੱਲੋਂ ਕਾਲੇ ਬਿੱਲੇ ਲਗਾਕੇ ਵਿਰੋਧ ਪ੍ਰਗਟਾਇਆ ਗਿਆ ਜੋ ਕਿ ਪੂਰਾ ਹਫ਼ਤਾ ਜਾਰੀ ਰਹੇਗਾ।

ਇਸ ਸਮੇਂ ਮੋਰਚੇ ਦੇ ਆਗੂਆਂ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੱਧੂ ਨੇ ਨੇ ਆਖਿਆ ਕਿ ਤਨਖਾਹਾਂ ਦੀ ਕਟੌਤੀ ਕਰਨ ਵਾਲੇ ਤੇ ਨਵੰਬਰ 2017 ਤੋਂ ਰੈਗੂਲਰ ਹੋਣ ਦੀ ਉਡੀਕ ਲਾਈ ਬੈਠੇ 5178 ਅਧਿਆਪਕਾਂ ਨਾਲ ਸਰਕਾਰ ਦੇ ਲਿਖਤੀ ਕੰਟਰੈਕਟ ਤੋਂ ਪਿੱਛੇ ਹੱਟਣ ਵਾਲੇ ਮੁੱਖ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ਲਈ ਖਜਾਨਾ ਖਾਲੀ ਹੋਣ ਦਾ ਝੂਠਾ ਬਹਾਨਾ ਹੈ ਕਿਉਂਕਿ ਦੂਜੇ ਪਾਸੇ ਆਪਣੇ ਨਿੱਜੀ ਸਕੱਤਰਾਂ ਦੀ ਵੱਡੀ ਡਾਰ ‘ਚੋਂ ਹਰੇਕ ਨੂੰ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਕਾਨ ਭੱਤੇ ਦੇ ਰੂਪ ‘ਚ ਦੇਣਾ, ਸੰਵਿਧਾਨਕ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੇ ਮੰਤਰੀਆਂ ਨੂੰ ਲਾਭ ਦੇ ਅਹੁਦਿਆਂ ਨਾਲ ਨਿਵਾਜਣ ਵੇਲੇ ਕੀ ਖਜਾਨਾ ਭਰਿਆ ਹੁੰਦਾ ਹੈ।

ਆਗੂਆਂ ਨੇ ਕਿਹਾ ਕਿ ਆਪਣੇ ਮੰਤਰੀਆਂ ਅਧਿਕਾਰੀਆਂ ਨੂੰ ਨਵੀਆਂ ਤੇ ਮਹਿੰਗੀਆਂ ਕਾਰਾਂ ਨਾਲ ਨਿਵਾਜਣਾ ਸਰਕਾਰ ਵੱਲੋਂ ਆਪਣੇ ਘਰ ਭਰਨ ਤੇ ਆਮ ਲੋਕਾਂ ਤੋਂ ਰੋਟੀ ਖੋਹਣ ਦੀ ਨੀਤੀ ਨੂੰ ਭਲੀ ਭਾਂਤ ਪੇਸ਼ ਕਰਦਾ ਹੈ। ਇਸ ਸਮੇਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਦੇ ਬਾਹਰ ਸਮੂਹ ਸਟਾਫ ਵੱਲੋਂ ਬੱਚਿਆਂ, ਉਹਨਾਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਅਰਥੀਆਂ ਫੂਕਦਿਆਂ ਦੇਸ਼ ਭਰ ਦੇ ਲੋਕਾਂ ਸਾਹਮਣੇ ਲੋਕ ਹਿੱਤਾਂ ਦਾ ਡਰਾਮਾ ਕਰਨ ਵਾਲੀ ਕਾਂਗਰਸ ਪਾਰਟੀ ਤੇ ਇਸ ਦੀ ਸੂਬਾ ਸਰਕਾਰ ਦਾ ਅਧਿਆਪਕ ਤੇ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ।

ਇਸ ਮੌਕੇ ਅਧਿਆਪਕਾਂ ਵੱਲੋਂ ਦੁੱਖ ਨਿਵਾਰਨ ਸਾਹਿਬ ਚੌਂਕ ਤੋਂ ਸ਼ੁਰੂ ਕਰਕੇ ਬੱਸ ਸਟੈਂਡ ਤੋਂ ਹੁੰਦੇ ਹੋਏ ਕੈਪੀਟਲ ਸਿਨੇਮਾ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। ਅੱਜ ਦੇ ਧਰਨੇ ਨੂੰ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਹੀ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਦੀਪਕ ਕੰਬੋਜ ਦੀ ਅਗਵਾਈ ਹੇਠ ਟੀਈਟੀ ਪਾਸ ਬੇਰੁਜ਼ਗਾਰ ਯੂਨੀਅਨ ਵੱਲੋਂ ਧਰਨੇ ‘ਚ ਸ਼ਮੂਲੀਅਤ ਕਰਦਿਆਂ, ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਤੱਕ ਹਰ ਪੱਖੋਂ ਡਟਵੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।