ਖਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤਾ ਗਿਆ ਸਨਮਾਨਿਤ
Teacher Year Award: (ਸੁਖਜੀਤ ਮਾਨ) ਬਠਿੰਡਾ। ਖਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੰਜਾਬ ਪੱਧਰ ’ਤੇ ਹਰ ਸਾਲ ਕਰਵਾਏ ਜਾਂਦੇ ‘ਟੀਚਰ ਆਫ ਦਾ ਈਅਰ ਆਫ਼ ਪੰਜਾਬ 2023’ ਨੂੰ ਇਸ ਵਾਰ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਜਿੱਤ ਕੇੇ ਬਠਿੰਡਾ ਜ਼ਿਲ੍ਹੇ ਦੇੇ ਨਾਲ-ਨਾਲ ਪੂਰੇ ਮਾਲਵੇੇ ਦਾ ਨਾਂਅ ਦੂਸਰੀ ਵਾਰ ਚਮਕਾਇਆ ਹੈ। ਇਹ ਐਵਾਰਡ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਾਲਜ ਅੰਦਰ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਰਾਜਿੰਦਰ ਸਿੰਘ ਇੰਸਾਂ ਇਸੇੇ ਸਾਲ ਰਾਸ਼ਟਰੀ ਅਧਿਆਪਕ ਸਨਮਾਨ ਵੀ ਹਾਸਿਲ ਕਰਕੇ ਬਠਿੰਡਾ ਦਾ ਨਾਂਅ ਪੂਰੇ ਭਾਰਤ ਦੇਸ਼ ਵਿੱਚ ਰੌਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ
ਜਾਣਕਾਰੀ ਅਨੁਸਾਰ ਖਾਲਸਾ ਕਾਲਜ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੰਜਾਬ ਭਰ ਦੇ ਅਧਿਆਪਕਾਂ ਪਾਸੋਂ ਅਪਲਾਈ ਅਰਜੀਆਂ ਵਿੱਚੋਂ ‘ਟੀਚਰ ਆਫ਼ ਦਾ ਈਅਰ ਐਵਾਰਡ ਲਈ 10 ਵਧੀਆ ਪ੍ਰਾਪਤੀਆਂ ਵਾਲੇ ਅਧਿਆਪਕ/ਅਧਿਆਪਕਾਵਾਂ ਨੂੰ ਸੂਚੀਬੱਧ ਕੀਤਾ ਗਿਆ ਸੀ, ਜਿੰਨ੍ਹਾਂ ਦੀ ਪ੍ਰੈਜਨਟੇਸ਼ਨ ਪਿਛਲੇ ਮਹੀਨੇ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਸੀ। ਇਨ੍ਹਾਂ ਅਧਿਆਪਕਾਂ ਵਿੱਚ 3 ਅਧਿਆਪਕ ਨੈੈਸ਼ਨਲ ਐਵਾਰਡੀ ਅਤੇ 8 ਅਧਿਆਪਕ ਸਟੇਟ ਐਵਾਰਡੀ ਸਨ, ਜਿਸਦੇ ਫਾਈਨਲ ਮੁਕਾਬਲੇੇ ਵਿੱਚ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਗੋਨਿਆਣਾ ਮੰਡੀ ਨੇ ਆਪਣੇ ਸਿੱਖਿਆ ਦੇ ਖੇਤਰ ਵਿੱਚ ਪਾਏੇ ਗਏ ਲਾਮਿਸਾਲ ਯੋਗਦਾਨ ਅਤੇ ਪ੍ਰਾਪਤੀਆਂ ਦੇ ਚਲਦਿਆਂ ਇਹ ਐਵਾਰਡ ਦੇ ਰੂਪ ਵਿੱਚ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਕੇ ਬਠਿੰਡਾ ਜ਼ਿਲ੍ਹੇ ਦੀ ਝੋਲੀ ਪਾਇਆ ਹੈ।
ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਇਹ ਸਨਮਾਨ ਪ੍ਰਦਾਨ ਕਰਨ ਸਮੇਂ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਕੁਆਰਡੀਨੇਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਮਾਝਾ ਤੇ ਦੁਆਬਾ ਖੇਤਰ ਦੇ ਲੋਕ ਆਪਣੀ ਲੜਕੀ ਦਾ ਰਿਸ਼ਤਾ ਮਾਲਵਾ ਖੇਤਰ ਦੇ ਪੱਛੜੇਵੇਂ ਕਾਰਨ ਨਹੀਂ ਕਰਨਾ ਪਸੰਦ ਕਰਦੇ ਸੀ ਪਰ ਇਸ ਅਧਿਆਪਕ ਵੱਲੋਂ ਇਹ ਐਵਾਰਡ ਹਾਸਿਲ ਕਰਨ ਦਾ ਇਹ ਪ੍ਰਤੱਖ ਪ੍ਰਮਾਣ ਹੈ ਕਿ ਮਾਲਵਾ ਸਿੱਖਿਆ ਦੇ ਖੇਤਰ ਵਿੱਚ ਕਾਫੀ ਅੱਗੇ ਵਧ ਚੁੱਕਾ ਹੈ । Teacher Year Award
ਜ਼ਿਲ੍ਹਾ ਬਠਿੰਡਾ ਅੰਦਰ ਸਕੂਲ ਆਫ਼ ਐਕਟੀਵਿਟੀ ਦੀ ਪਹਿਚਾਣ ਨਾਲ ਮਸ਼ਹੂਰ ਹੈ ਸਕੂਲ
ਦੱਸਣਯੋਗ ਹੈ ਕਿ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਬਠਿੰਡਾ ਜ਼ਿਲ੍ਹੇ ਦੇ ਸਿੱਖਿਅਕ ਬਲਾਕ ਗੋਨਿਆਣਾ ਮੰਡੀ ਦੇੇ ਪਿੰਡ ਕੋਠੇ ਇੰਦਰ ਸਿੰਘ ਵਾਲੇ ਵਿਖੇੇ ਪਿਛਲੇ 9 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ। ਕਿਸੇੇ ਸਮੇਂ ਸਿਰਫ਼ 33 ਬੱਚਿਆਂ ਕਾਰਨ ਹਰ ਸਾਲ ਘਟਦੀ ਬੱਚਿਆਂ ਦੀ ਗਿਣਤੀ ਦੇ ਚੱਲਦਿਆਂ ਬੰਦ ਹੋਣ ਵੱਲ ਵਧ ਰਹੇੇੇ ਇਸ ਸਕੂਲ ਨੂੰ ਉਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਇਸ ਕਦਰ ਉਚਾਈਆਂ ’ਤੇ ਪਹੁੰਚਾਇਆ ਹੈ ਕਿ ਮੌਜੂਦਾ ਸਮੇਂ ਵਿੱਚ ਇਸ ਸਕੂਲ ਵਿੱਚ 16 ਵੱਡੇ-ਵੱਡੇ ਪਿੰਡਾਂ ਦੇ ਬੱਚੇ ਪੜ੍ਹਨ ਲਈ ਵੈਨਾਂ ’ਤੇ ਚੜ੍ਹ ਕੇ ਆਉਂਦੇ ਹਨ। ਇੱਥੇ ਹੀ ਬੱਸ ਨਹੀਂ ਇਸ ਛੋਟੇ ਜਿਹੇ ਪਿੰਡ ਦੇ ਇਸ ਛੋਟੇ ਜਿਹੇ ਸਕੂਲ ਦੇ ਨਾਂਅ ਵੱਡੇ-ਵੱਡੇ ਰਿਕਾਰਡ ਵੀ ਬੋਲਦੇ ਹਨ। ਜ਼ਿਲ੍ਹਾ ਬਠਿੰਡਾ ਅੰਦਰ ਸਕੂਲ ਆਫ਼ ਐਕਟੀਵਿਟੀ ਦੀ ਪਹਿਚਾਣ ਨਾਲ ਮਸ਼ਹੂਰ ਇਸ ਸਕੂਲ ਨੂੰ ਜ਼ਿਲ੍ਹੇ ਵਿੱਚ ਵੱਡੀਆਂ ਮੁਹਿੰਮਾਂ ਦੀ ਸ਼ੁਰੂਆਤ ਲਈ ਵੀ ਜਾਣਿਆ ਜਾਂਦਾ ਹੈ।
ਪਾਰਦਰਸ਼ੀ ਤਰੀਕੇ ਨਾਲ ਹੋਈ ਚੋਣ : ਪ੍ਰਿੰਸੀਪਲ
ਇਸ ਮੌਕੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨਾਹਨ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਾਰਟਲਿਸਟਿਡ ਕੀਤੇ ਸਾਰੇ ਅਧਿਆਪਕਾਂ ਵਿੱਚੋਂ ਤਿੰਨ ਨੈਸ਼ਨਲ ਅਵਾਰਡੀ ਅਤੇ 8 ਸਟੇੇਟ ਅਵਾਰਡੀ ਅਧਿਆਪਕਾਂ ਦੀ ਕਰੜੀ ਪ੍ਰੀਖਿਆ ਤੋਂ ਬਾਅਦ ਕਾਲਜ ਦੀ ਤਜ਼ਰਬੇਕਾਰ ਜਿਊਰੀ ਵੱਲੋਂ ਬੜੇ ਪਾਰਦਰਸ਼ੀ ਤਰੀਕੇ ਨਾਲ ਇਹ ਸਨਮਾਨ ਲਈ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਬਠਿੰਡਾ ਨੂੰ ਚੁਣਿਆ ਗਿਆ ਹੈ।
ਇਨਾਮੀ ਰਾਸ਼ੀ ਸਮਾਜ ਸੇਵਾ ਦੇ ਕੰਮਾਂ ’ਤੇ ਕਰਾਂਗਾ ਖਰਚ : ਰਾਜਿੰਦਰ ਸਿੰਘ ਇੰਸਾਂ
ਅਧਿਆਪਕ ਰਾਜਿੰਦਰ ਸਿੰਘ ਇੰਸਾਂ ਵੱਲੋਂ ‘ਟੀਚਰ ਆਫ ਦਾ ਈਅਰ ਆਫ ਪੰਜਾਬ ‘ ਐਵਾਰਡ ਹਾਸਿਲ ਕਰਨ ਤੋਂ ਬਾਅਦ ਅੱਜ ਸਕੂਲ ਪੁੱਜਣ ’ਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਆਪਣੀ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨੂੰ ਸਮਾਜ ਸੇਵਾ ਦੇ ਕੰਮਾਂ ਅਤੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਅੱਗੇ ਲਿਜਾਣ ਲਈ ਖਰਚ ਕਰਨ ਦਾ ਐਲਾਨ ਵੀ ਕੀਤਾ।