ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Punjabi Story...

    Punjabi Story | ਅਧਿਆਪਕ (ਪੰਜਾਬੀ ਕਹਾਣੀ)

    Punjabi Story

    ਹਰੀਸ਼ ਅਜੇ ਦਸਵੀਂ ਜਮਾਤ ਵਿਚ ਹੀ ਪੜ੍ਹਦਾ ਸੀ ਕਿ ਪੇਪਰਾਂ ਤੋਂ ਪਹਿਲਾਂ ਹੀ ਕਿਸੇ ਨੇ ਉਸ ਦੇ ਕੰਨ ਵਿਚ ਇਹ ਗੱਲ ਪਾ ਦਿੱਤੀ ਕਿ ਅਗਲੀ ਪੜ੍ਹਾਈ ਲਈ ਜੇ ਕਿਸੇ ਵਧੀਆ ਜੇ ਕੋਰਸ ’ਚ ਦਾਖਲਾ ਲੈਣਾ ਹੈ ਤਾਂ ਉਸ ਲਈ ਡੋਮੀਸਾਈਲ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ ਅਤੇ ਪੇਂਡੂ ਇਲਾਕੇ ਦਾ ਸਰਟੀਫਿਕੇਟ ਜ਼ਰੂਰੀ ਹਨ। ਉਨ੍ਹਾਂ ਦਿਨਾਂ ’ਚ ਹਰੀਸ਼ ਦੇ ਮਨ ’ਚ ਇੱਕ ਹੀ ਇੱਛਾ ਸੀ ਕਿ ਵਧੀਆ ਜਾ ਕੋਰਸ ਕਰਕੇ ਕੋਈ ਵੱਡਾ ਅਫਸਰ ਬਣੇਗਾ। ਮਾਸਟਰ ਬਣਨ ਬਾਰੇ ਉਸਨੇ ਕਦੇ ਮਨ ’ਚ ਸੋਚਿਆ ਵੀ ਨਹੀਂ ਸੀ। (Punjabi Story)

    ਉਸਦੇ ਮਨ ’ਚ ਮਾਸਟਰਾਂ ਪ੍ਰਤੀ ਵਿਚਾਰ ਕੋਈ ਬਹੁਤੇ ਵਧੀਆ ਨਹੀਂ ਸਨ। ਅਧਿਆਪਕ ਕਿੱਤੇ ਨੂੰ ਉਹ ਹੀਣ ਭਾਵਨਾ ਨਾਲ ਦੇਖਦਾ ਸੀ। ਕਈ ਵਾਰ ਤਾਂ ਮਾਸਟਰ ਜੇ ਚਾਹ ਵਾਲਾ ਗਲਾਸ ਚੁੱਕਣ ਲਈ ਜਾਂ ਪਾਣੀ ਦਾ ਗਲਾਸ ਭਰ ਕੇ ਲਿਆਉਣ ਲਈ ਕਹਿ ਦਿੰਦਾ ਤਾਂ ਉਸ ਨੂੰ ਬੜੀ ਖਿਝ ਚੜ੍ਹਦੀ ਸੀ। ਇਸ ਲਈ ਪੇਪਰ ਖਤਮ ਹੁੰਦੇ ਸਾਰ ਹੀ ਉਸਨੇ ਆਪਣੇ ਪਿਤਾ ਜੀ ਤੋਂ ਪੈਸੇ ਲਏ ਤੇ ਇਹ ਤਿੰਨੇ ਸਰਟੀਫਿਕੇਟ ਬਣਵਾਉਣ ਲਈ ਸ਼ਹਿਰ ਪਹੁੰਚ ਗਿਆ।

    Punjabi Story

    ਕਚਹਿਰੀਆਂ ਵੜਦੇ ਸਾਰ ਹੀ ਇੱਕ ਟਾਈਪਿਸਟ ਨੇ ਉਸਨੂੰ ਅਵਾਜ਼ ਮਾਰ ਲਈ। ਟਾਈਪਿਸਟ, ਜਿਹੜਾ ਕਿ ਇਸ ਤਰ੍ਹਾਂ ਕਚਹਿਰੀ ਪਹੁੰਚਣ ਵਾਲੇ ਵਿਦਿਆਰਥੀਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਹੁਤੇ ਵਿਦਿਆਰਥੀ ਇਹ ਤਿੰਨੇ ਸਰਟੀਫਿਕੇਟ ਬਣਵਾਉਣ ਹੀ ਆਉਂਦੇ ਹਨ, ਨੇ ਵੀ ਹਰੀਸ਼ ਦੀ ਚਾਲ ਪਛਾਣ ਕੇ ਉਸਨੂੰ ਆਪਣੇ ਕੋਲ ਬੁਲਾ ਲਿਆ। ਉਸਨੇ ਹਰੀਸ਼ ਨੂੰ ਤਿੰਨਾਂ ਸਰਟੀਫਿਕੇਟਾਂ ਦੇ ਬਣਨ ਦਾ ਸਾਰਾ ਖਰਚਾ ਦੱਸ ਦਿੱਤਾ। ਇਹ ਵੀ ਦੱਸ ਦਿੱਤਾ ਕਿ ਇਨ੍ਹਾਂ ਸਰਟੀਫਿਕੇਟਾਂ ਨੂੰ ਬਣਾਉਣ ਲਈ ਨੰਬਰਦਾਰ ਦੀ ਗਵਾਹੀ ਪਵੇਗੀ, ਪਟਵਾਰੀ ਤੋਂ ਲਿਖਵਾ ਕੇ ਲਿਆਉਣਾ ਪਵੇਗਾ।

    ਜੇਕਰ ਨੰਬਰਦਾਰ ਖੁਦ ਕਚਹਿਰੀਆਂ ’ਚ ਆ ਗਿਆ ਤਾਂ ਖਰਚਾ ਘੱਟ ਆਵੇਗਾ ਅਤੇ ਜੇਕਰ ਨੰਬਰਦਾਰ ਨਾ ਆਇਆ ਤਾਂ ਕੋਈ ਗੱਲ ਨਹੀਂ ਇੱਥੋਂ ਹੀ ਸਾਰ ਲਵਾਂਗੇ ਪਰ ਪੈਸੇ ਵੱਧ ਲੱਗਣਗੇ ਕਿਉਂਕਿ ਅੰਦਰ ਖਰਚਾ ਦੇਣਾ ਪੈਂਦਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਨੰਬਰਦਾਰ ਇਸ ਤਰ੍ਹਾਂ ਬੱਚਿਆਂ ਨਾਲ ਨਹੀਂ ਆਉਂਦੇ। ਉਸਨੇ ਨੰਬਰਦਾਰ ਲਿਆਉਣ ਦੀ ਗੱਲ ਆਪਣਾ ਰੇਟ ਵਧਾਉਣ ਲਈ ਕਹੀ ਸੀ।

    Farmers Protest : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਅੰਦੋਲਨ ਸਬੰਧੀ ਕੀਤਾ ਵੱਡਾ ਐਲਾਨ

    ਸਾਰਾ ਸੌਦਾ ਹੋ ਜਾਣ ਤੋਂ ਬਾਅਦ ਟਾਈਪਿਸਟ ਨੇ ਕਾਗਜ਼ ਤਿਆਰ ਕਰਕੇ ਉਸ ਤੋਂ ਪੈਸੇ ਲੈ ਲਏ ਅਤੇ ਕਾਗਜ਼ ਉਸ ਨੂੰ ਫੜਾ ਦਿੱਤੇ, ਨਾਲ ਹੀ ਇਹ ਵੀ ਦੱਸ ਦਿੱਤਾ ਕਿ ਕਿਸ ਜਗ੍ਹਾ ’ਤੇ ਪਟਵਾਰੀ ਤੋਂ ਦਸਤਖਤ ਕਰਵਾਉਣੇ ਹਨ, ਕਿਸ ਜਗ੍ਹਾ ਸਰਪੰਚ ਦੀ ਮੋਹਰ ਲਵਾਉਣੀ ਹੈ ਅਤੇ ਕਿਸ ਥਾਂ ’ਤੇ ਨੰਬਰਦਾਰ ਦੇ ਦਸਤਖਤ ਕਰਵਾ ਕੇ ਲਿਆਉਣੇ ਹਨ। ਪਿੰਡ ਦਾ ਸਰਪੰਚ ਉਸਦੇ ਪਿਤਾ ਦੀ ਜਾਣ-ਪਛਾਣ ਵਾਲਾ ਸੀ ਇਸ ਲਈ ਬਿਨਾਂ ਕਿਸੇ ਤਕਲੀਫ ਤੋਂ ਮੋਹਰ ਲਾ ਦਿੱਤੀ। ਪਰੰਤੂ ਜਦ ਉਹ ਨੰਬਰਦਾਰ ਕੋਲ ਗਿਆ ਤਾਂ ਪੰਜਾਹ ਰੁਪਏ ਉਸ ਦੀ ਜੇਬ੍ਹ ’ਚ ਪਾਉਣੇ ਪਏ।

    ਮਨ ’ਚ ਧਾਰਨਾ

    ਫਿਰ ਉਹ ਪਟਵਾਰੀ ਕੋਲ ਗਿਆ ਉਸਨੇ ਵੀ ਪਹਿਲੀ ਵਾਰ ਮੋੜ ਦਿੱਤਾ। ਦੂਜੀ ਵਾਰ ਕਿਸੇ ਨੇ ਤਰਕੀਬ ਦੱਸੀ ਤਾਂ ਪਟਵਾਰੀ ਨੂੰ ਵੀ ਸੌ ਰੁਪਇਆ ਦੇ ਕੇ ਉਸ ਤੋਂ ਵੀ ਉਹਨਾਂ ਕਾਗਜਾਂ ’ਤੇ ਦਸਤਖਤ ਕਰਵਾ ਕੇ ਕਾਗਜੀ ਕਾਰਵਾਈ ਪੂਰੀ ਕਰ ਲਈ। ਇਸ ਤੋਂ ਬਾਅਦ ਕਾਗਜ ਦੇਣ ਜਦ ਉਹ ਟਾਈਪਿਸਟ ਕੋਲ ਗਿਆ ਤਾਂ ਉਸਨੇ ਸਰਟੀਫਿਕੇਟਾਂ ’ਤੇ ਓਥ ਕਸ਼ਿਨਰ ਤੋਂ ਮੋਹਰ ਲਵਾਉਣ ਭੇਜ ਦਿੱਤਾ। ਓਥ ਕਮਿਸ਼ਨਰ ਨੂੰ ਵੀ ਮੋਹਰ ਲਾਉਣ ਦੇ ਪੈਸੇ ਦੇਣੇ ਪਏ।

    ਉਸ ਤੋਂ ਬਾਅਦ ਟਾਈਪਿਸਟ ਨੇ ਸਾਰੇ ਕਾਗਜ਼-ਪੱਤਰ ਤਿਆਰ ਕਰਕੇ ਇੱਕ ਫਾਈਲ ਕਵਰ ’ਚ ਪਾਉਣ ਤੋਂ ਬਾਅਦ ਹਰੀਸ਼ ਤੋਂ ਸੌ ਦਾ ਨੋਟ ਫੜ ਉਸ ਫਾਈਲ ਕਵਰ ’ਚ ਰੱਖ ਦਿੱਤਾ ਅਤੇ ਕਿਹਾ ਕਿ ਜਾਹ, ਜਾ ਕੇ ਸਾਹਮਣੇ ਉਸ ਖਿੜਕੀ ’ਚ ਦੇ ਆ। ਖਿੜਕੀ ’ਚ ਬੈਠੇ ਬਾਬੂ ਨੇ ਫਾਈਲ ਖੋਲ੍ਹੀ ਕਾਗਜ ਚੈੱਕ ਕੀਤੇ ਅਤੇ ਮੁਸਕਰਾ ਕੇ ਕਿਹਾ ਕਿ ਇੱਕ ਹਫਤੇ ਬਾਅਦ ਆ ਕੇ ਲੈ ਜਾਵੀਂ। ਉਹਨਾਂ ਦਿਨਾਂ ’ਚ ਆਸ-ਪਾਸ ਦੇ ਲੋਕਾਂ ਤੋਂ ਸੁਣ-ਸੁਣ ਕੇ ਉਸਦੇ ਮਨ ’ਚ ਇੱਕ ਹੀ ਧਾਰਨਾ ਬੈਠੀ ਹੋਈ ਸੀ ਕਿ ਨੌਕਰੀ ਪ੍ਰਾਪਤ ਕਰਨ ਲਈ ਜਾਂ ਕਚਹਿਰੀਆਂ ’ਚੋਂ ਕੰਮ ਕਰਵਾਉਣ ਲਈ ਪੈਸੇ ਦੇਣੇ ਪੈਂਦੇ ਹਨ ਤੇ ਪੈਸੇ ਤੋਂ ਬਗੈਰ ਨੌਕਰੀ ਤਾਂ ਬਿਲਕੁਲ ਹੀ ਨਹੀਂ ਮਿਲਦੀ।

    ਇਸ ਲਈ ਜੋ ਵਿਅਕਤੀ ਜਿੰਨੇ ਪੈਸੇ ਮੰਗੀ ਗਿਆ ਉਹ ਵੀ ਬੜੀ ਖੁਸ਼ੀ ਨਾਲ ਬਿਨਾਂ ਕਿਸੇ ਹਿਚਕਿਚਾਹਟ ਤੋਂ ਦਿੰਦਾ ਗਿਆ ਜਿਵੇਂ ਇਹ ਉਹਨਾਂ ਦਾ ਹੱਕ ਹੋਵੇ। ਹਫਤੇ ਬਾਅਦ ਜਾ ਕੇ ਉਹ ਦੋਵੇਂ ਸਰਟੀਫਿਕੇਟ ਲੈ ਆਇਆ ਤਾਂ ਉਸ ਦੇ ਮਨ ’ਚ ਵਿਆਹ ਵਰਗਾ ਚਾਅ ਚੜਿ੍ਹਆ ਹੋਇਆ ਸੀ। ਨਤੀਜਾ ਨਿੱਕਲਿਆ ਤਾਂ ਉਹ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ। ਹੁਣ ਵੱਖ-ਵੱਖ ਕੋਰਸਾਂ ਲਈ ਅਪਲਾਈ ਕਰਨਾ ਸੀ। ਡੀ.ਐਮ.ਸੀ. ਅਤੇ ਦੂਜੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਕਰਵਾਉਣ ਤੋਂ ਬਾਅਦ ਅਟੈਸਟ ਕਰਵਾਉਣ ਲਈ ਉਹ ਸਕੂਲ ਪਹੁੰਚ ਗਿਆ। ਮਾਸਟਰ ਜੀ ਨੇ ਫੋਟੋ ਕਾਪੀਆਂ ਅਟੈਸਟ ਕਰ ਦਿੱਤੀਆਂ।

    Punjabi Story

    ਕਾਪੀਆਂ ਅਟੈਸਟ ਕਰਵਾਉਣ ਤੋਂ ਬਾਅਦ ਲੱਗੇ ਹੱਥ ਉਸਨੇ ਮਾਸਟਰ ਜੀ ਤੋਂ ਵੀ ਪੈਸੇ ਪੁੱਛ ਲਏ ਇਸ ’ਤੇ ਮਾਸਟਰ ਜੀ ਨੇ ਝਿੜਕ ਦਿੱਤਾ। ਉਸ ਸਮੇਂ ਮਾਸਟਰ ਜੀ ਕੋਲ ਇੱਕ ਹੋਰ ਆਦਮੀ ਪਹੁੰਚ ਗਿਆ ਜਿਸ ਨੂੰ ਕਿਸੇ ਜ਼ਮੀਨ-ਜਾਇਦਾਦ ਦੇ ਝਗੜੇ ਸਬੰਧੀ ਆਪਣਾ 20 ਸਾਲ ਪੁਰਾਣਾ ਰਿਕਾਰਡ ਚਾਹੀਦਾ ਸੀ। ਉਸ ਵਿਅਕਤੀ ਨੂੰ ਸਹੀ ਸਾਲ ਯਾਦ ਨਹੀਂ ਸੀ। ਇਸ ਲਈ ਸਿਰਫ ਅੰਦਾਜ਼ਾ ਸੀ ਕਿ ਇਹ ਕੋਈ ਵੀਹ ਸਾਲ ਪੁਰਾਣੀ ਗੱਲ ਹੈ।

    ਉਹਨਾਂ ਦਿਨਾਂ ਵਿਚ ਸਕੂਲਾਂ ’ਚ ਚਪੜਾਸੀ ਬਹੁਤ ਘੱਟ ਹੁੰਦੇ ਸਨ ਇਸ ਲਈ ਮਾਸਟਰ ਜੀ ਨੇ ਉਸ ਵਿਅਕਤੀ ਦੇ ਰਿਕਾਰਡ ਸਬੰਧੀ ਹਰੀਸ਼ ਅਤੇ ਉਸਦੇ ਸਾਥੀਆਂ ਨੂੰ ਅਲਮਾਰੀ ਵਿਚੋਂ ਰਜਿਸਟਰ ਲੱਭਣ ਲਾ ਦਿੱਤਾ। ਉਹ ਰਜਿਸਟਰ ਲੱਭਦੇ, ਮਾਸਟਰ ਜੀ ਫਰੋਲਦੇ ਪਰ ਮਿਲਦਾ ਕੁੱਝ ਨਾ। ਅਖੀਰ ਦੋ ਘੰਟੇ ਮਗਜ਼ ਖਪਾਈ ਕਰਨ ਤੋਂ ਬਾਅਦ ਉਸ ਵਿਅਕਤੀ ਦਾ ਰਿਕਾਰਡ ਲੱਭ ਗਿਆ। ਮਾਸਟਰ ਜੀ ਨੇ ਸਾਰਾ ਰਿਕਾਰਡ ਲੈਟਰ ਪੈਡ ’ਤੇ ਲਿਖਣ ਤੋਂ ਬਾਅਦ ਮੋਹਰ ਲਾ ਕੇ ਉਸ ਵਿਅਕਤੀ ਦੇ ਹੱਥ ਫੜਾ ਦਿੱਤਾ। ਉਸ ਵਿਅਕਤੀ ਨੇ ਮਾਸਟਰ ਜੀ ਨੂੰ ਚਾਹ-ਪਾਣੀ ਪੁੱਛਿਆ ਪਰ ਮਾਸਟਰ ਜੀ ਨੇ ਕੁੱਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ।

    ਇਸ ਲਈ ਉਹ ਵਿਅਕਤੀ ਮਾਸਟਰ ਜੀ ਦਾ ਸ਼ੁਕਰੀਆ ਅਦਾ ਕਰਦਾ ਚਲਿਆ ਗਿਆ। ਇਹ ਦ੍ਰਿਸ਼ ਦੇਖ ਕੇ ਪਹਿਲੀ ਵਾਰ ਹਰੀਸ਼ ਦੇ ਮਨ ਵਿਚ ਅਧਿਆਪਕਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਹੋਈ ਅਤੇ ਦਿਲ ਕੀਤਾ ਕਿ ਮਾਸਟਰ ਜੀ ਦੇ ਜੂਠੇ ਭਾਂਡੇ ਵੀ ਮਾਂਜ ਦੇਵੇ, ਕਿਉਂਕਿ ਜੇਕਰ ਇਹੀ ਰਿਕਾਰਡ ਉਸ ਵਿਅਕਤੀ ਨੇ ਕਿਸੇ ਹੋਰ ਦਫਤਰ ’ਚੋਂ ਕਢਵਾਉਣਾ ਹੁੰਦਾ ਤਾਂ ਉਸ ਦਾ ਪੈਸਿਆਂ ਤੋਂ ਬਿਨਾਂ ਖਹਿੜਾ ਨਹੀਂ ਸੀ ਛੁੱਟਣਾ ਅਤੇ ਜਿਹੜੇ ਗੇੜੇ ਲਵਾ ਕੇ ਖੱਜਲ-ਖੁਆਰੀ ਕਰਨੀ ਸੀ ਉਹ ਅਲੱਗ। ਪਰੰਤੂ ਮਾਸਟਰ ਜੀ ਨੇ ਸਾਰੇ ਕੰਮ ਪਹਿਲੇ ਗੇੜੇ ਮੁਫਤ ’ਚ ਹੀ ਕਰ ਦਿੱਤੇ ਸਨ। ਇਸ ਤੋਂ ਬਾਅਦ ਹਰੀਸ਼ ਕਿਸੇ ਵੀ ਦਫਤਰ ’ਚ ਕੋਈ ਵੀ ਕੰਮ ਜਾਂਦਾ ਤਾਂ ਦੇਖਦਾ ਕਿ ਅੱਗੇ ਡਿਊਟੀ ’ਤੇ ਬੈਠਾ ਆਦਮੀ ਕੋਈ ਨਾ ਕੋਈ ਬਹਾਨਾ ਲਾ ਕੇ ਵਾਪਸ ਮੋੜ ਦਿੰਦਾ ਅਤੇ ਉਨੀ ਦੇਰ ਤੱਕ ਕੋਈ ਕੰਮ ਨਹੀਂ ਕਰਦਾ ਸੀ ਜਦ ਤੱਕ ਅਗਲੇ ਦੀ ਮੁੱਠੀ ਗਰਮ ਨਾ ਕੀਤੀ ਜਾਂਦੀ।

    Punjabi Story

    ਇਸ ਲਈ ਦਰ-ਦਰ ਦੀਆਂ ਠੋ੍ਹਕਰਾਂ ਖਾਣ ਤੋਂ ਬਾਅਦ ਹਰੀਸ਼ ਨੇ ਫੈਸਲਾ ਕੀਤਾ ਕਿ ਉਹ ਜ਼ਿੰਦਗੀ ’ਚ ਅਧਿਆਪਕ ਹੀ ਬਣੇਗਾ। ਈ.ਟੀ.ਟੀ., ਐਮ.ਏ., ਬੀ.ਐਡ ਕਰਨ ਤੋਂ ਬਾਅਦ ਉਸਨੇ ਅਧਿਆਪਕ ਦੀ ਨੌਕਰੀ ਪ੍ਰਾਪਤ ਕਰ ਲਈ। ਹਰੀਸ਼ ਅੱਜ ਦੇਖਦਾ ਹੈ ਕਿ ਜਦ ਉਹ ਖੁਦ ਪੜ੍ਹਦਾ ਸੀ ਅਤੇ ਅੱਜ ਜਦ ਉਹ ਅਧਿਆਪਕ ਦੀ ਨੌਕਰੀ ਕਰਦਾ ਹੈ ਤਾਂ ਇਸ ਕਿੱਤੇ ’ਚ ਜ਼ਮੀਨ-ਅਸਮਾਨ ਦਾ ਫਰਕ ਆ ਗਿਆ। ਲੀਡਰਾਂ ਵੱਲੋਂ ਫੈਲਾਈਆਂ ਗਲਤ ਧਾਰਨਾਵਾਂ ਕਾਰਨ ਸਮਾਜ ਭਾਵੇਂ ਅਧਿਆਪਕਾਂ ਪ੍ਰਤੀ ਕਿਹੋ-ਜਿਹੀ ਭਾਵਨਾ ਰੱਖੇ ਪਰ ਇਹ ਅਧਿਆਪਕ ਹੀ ਹੈ ਜੋ ਸਾਰੇ ਬੱਚਿਆਂ ਨੂੰ ਇੱਕ ਸਮਾਨ ਅੱਖ ਨਾਲ ਦੇਖਦਾ ਹੈ ਅਤੇ ਸਭਨਾਂ ਦੀ ਭਲਾਈ ਚਾਹੁੰਦਾ ਹੈ। ਇਸ ਲਈ ਹਰੀਸ਼ ਅੱਜ ਇਸ ਗੱਲ ’ਤੇ ਮਾਣ ਮਹਿਸੂਸ ਕਰਦਾ ਹੈ ਕਿ ਉਹ ਇੱਕ ਅਧਿਆਪਕ ਹੈ।

    ਭਾਰਤ ਭੂਸ਼ਣ, ਮੌੜ ਮੰਡੀ, ਬਠਿੰਡਾ।
    ਮੋ. 98762-63261

    LEAVE A REPLY

    Please enter your comment!
    Please enter your name here