ਅਧਿਆਪਕਾ ਕਤਲ ਮਾਮਲਾ : ਸਾਬਕਾ ਸਾਥੀ ਨੇ ਭਾੜੇ ਦੇ ਕਾਤਲਾਂ ਤੋਂ ਕਰਵਾਇਆ ਕਤਲ

Teacher Murder Case

Teacher Murder Case | ਪਿੰਡ ਦਿਆਲਪੁਰਾ ਭਗਤਾ ਭਾਈ ਕਾ ਇੱਕ ਵਿਅਕਤੀ ਗ੍ਰਿਫਤਾਰ

ਮੋਹਾਲੀ,  (ਕੁਲਵੰਤ ਕੋਟਲੀ) ਖਰੜ ਦੇ ਸੰਨੀ ਇਨਕਲੇਵ ਵਿੱਚ ਬੀਤੀ 5 ਦਸੰਬਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਨਾਲੇਜ ਬੱਸ ਗਲੋਬਲ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਦੇ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ।  ਮ੍ਰਿਤਕ ਅਧਿਆਪਕਾਂ ਨੂੰ ਉਸਦੇ ਸਾਬਕਾ ਸਾਥੀ ਨੇ ਭਾੜੇ ਦੇ ਕਾਤਲ ਤੋਂ ਕਤਲ ਕਰਵਾਇਆ ਸੀ। ਇਸ ਮਾਮਲੇ ਸਬੰਧੀ ਖਰੜ ਪੁਲਿਸ ਨੇ ਅਧਿਆਪਕਾ ਨੂੰ ਸਕੂਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਗਤਾ ਭਾਈ ਕਾ ਦੇ ਜਸਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਮੋਹਾਲੀ ਦੇ ਐਸ ਐਸ ਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਖਰੜ ਦੇ ਡੀ ਐਸ ਪੀ ਅਮਰੋਜ ਸਿੰਘ ਦੀ ਅਗਵਾਈ ਵਿੱਚ ਥਾਣੇਦਾਰ ਅਮਨਦੀਪ ਸਿੰਘ ਐਸ ਐਚ ਓ ਥਾਣਾ ਸਦਰ ਖਰੜ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕਾਤਲ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਿਸ ਟੀਮ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਸਵਿੰਦਰ ਸਿੰਘ ਉਰਫ ਛਿੰਦਰ ਵਸਨੀਕ ਦਿਆਲਪੁਰਾ ਮਿਰਜਾ ਥਾਣਾ ਦਿਆਲਪੁਰਾ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਗਿਆ ਹੈ। ਇਸ ਵਿਅਕਤੀ ਕੋਲੋਂ ਇਕ ਲਾਇੰਸੈੱਸੀ ਰਿਵਾਲਵਰ ਅਤੇ 17 ਜਿੰਦਾ ਕਾਰਤੂਸ ਅਤੇ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਜਸਵਿੰਦਰ ਸਿੰਘ ਤੋਂ ਕੀਤੀ ਗਈ ਪੁਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਧਿਆਪਕਾ ਸਰਬਜੀਤ ਕੌਰ ਪਹਿਲਾਂ ਜਿਲ੍ਹਾ ਬਰਨਾਲਾ ਦੇ ਪਿੰਡ ਅਲਕੜਾ ਦੇ ਵਸਨੀਕ ਹਰਵਿੰਦਰ ਸਿੰਘ ਸੰਧੂ ਨਾਲ ਰਹਿੰਦੀ ਸੀ ਅਤੇ ਹਰਵਿੰਦਰ ਸਿੰਘ ਸੰਧੂ ਤੋਂ ਉਸ ਕੋਲੋਂ ਇੱਕ 5 ਸਾਲ ਦੀ ਬੱਚੀ ਵੀ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਘਰੇਲੂ ਗੱਲਾਂ ਨੂੰ ਲੈ ਕੇ ਤਕਰਾਰ ਚਲਦਾ ਸੀ ਅਤੇ ਉਹ ਹਰਵਿੰਦਰ ਨੂੰ ਛੱਡ ਕੇ ਵੱਖਰੀ ਰਹਿਣ ਲੱਗ ਗਈ ਸੀ।

ਜਸਵਿੰਦਰ ਸਿੰਘ ਨੂੰ 1 ਲੱਖ ਰੁਪਏ ਪਹਿਲਾਂ ਦਿੱਤੇ

ਉਹਨਾਂ ਦੱਸਿਆ ਕਿ ਹਰਵਿੰਦਰ ਸਿੰਘ ਸੰਧੂ ਦੀ ਪਿੰਡ ਦਿਆਲਪੁਰਾ ਮਿਰਜਾ, ਜਿਲ੍ਹਾ ਬਠਿੰਡਾ ਵਿਖੇ ਸਥਿਤ ਡੇਰੇ ਦੇ ਮਹੰਤ ਦੇ ਡਰਾਈਵਰ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਨਾਲ ਜਾਣ ਪਹਿਚਾਣ ਸੀ ਅਤੇ ਉਸਨੇ ਜਸਵਿੰਦਰ ਸਿੰਘ ਨੂੰ ਸਰਬਜੀਤ ਕੌਰ ਨੂੰ ਕਤਲ ਕਰਨ ਲਈ 6 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ। ਇਸ ਵਿੱਚੋਂ ਉਸਨੇ ਜਸਵਿੰਦਰ ਸਿੰਘ ਨੂੰ 1 ਲੱਖ ਰੁਪਏ ਪਹਿਲਾਂ ਦਿੱਤੇ ਸਨ। ਐਸ ਐਸ ਪੀ ਨੇ ਦੱਸਿਆ ਕਿ ਇਹ ਸਾਰੀ ਸਾਜਿਸ਼ ਰਚਣ ਤੋਂ ਬਾਅਦ ਹਰਵਿੰਦਰ ਸਿੰਘ ਸੰਧੂ ਖੁਦ ਆਪ ਵਿਦੇਸ਼ ਚਲਾ ਗਿਆ ਅਤੇ ਜਸਵਿੰਦਰ ਸਿੰਘ ਨੇ ਆਪਣੇ ਇੱਕ ਹੋਰ ਦੋਸਤ ਨਾਲ ਮਿਲਕੇ ਅਤੇ ਰੇਕੀ ਕਰਕੇ ਬੀਤੀ 5 ਦਸੰਬਰ ਨੂੰ ਸਰਬਜੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਸਵਿੰਦਰ ਸਿੰਘ ਤੋਂ ਪੁਛਗਿਛ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।