
Ludhiana News: (ਰਘਬੀਰ ਸਿੰਘ) ਖੰਨਾ/ਲੁਧਿਆਣਾ। ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਖੰਨਾ ਦੇ ਐਕਸੀਅਨ ਅਮਨ ਗੁਪਤਾ ਦੇ ਨਾਲ ਦਫਤਰ ਸੁਧਾਰ ਟਰੱਸਟ ਖੰਨਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖੰਨਾ ਵਿਖੇ ਲੰਘ ਰਹੇ ਨੈਸ਼ਨਲ ਹਾਈਵੇ ’ਤੇ ਲੱਗੀਆਂ ਲਾਈਟਾਂ ਦਾ 12.99 ਲੱਖ ਰੁਪਏ ਦਾ ਬਿੱਲ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੂੰ ਅਦਾ ਨਹੀਂ ਕੀਤਾ ਗਿਆ। ਜਿਸ ਕਾਰਨ ਪੀ.ਐਸ.ਪੀ.ਸੀ.ਐਲ ਵੱਲੋਂ ਐਨ.ਐਚ.ਏ.ਆਈ ਦੇ ਨਾਲ ਸਬੰਧਿਤ ਲੱਗੇ ਬਿਜਲੀ ਮੀਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਲੀਡਰ ਇਸ ਲਈ ਚੁਣੇ ਜਾਂਦੇ ਹਨ ਕਿ ਉਹ ਸਾਡੇ ਜਮਹੂਰੀ ਹੱਕਾਂ ਲਈ ਆਵਾਜ਼ ਸਹੀ ਪਲੇਟਫਾਰਮ ’ਤੇ ਸਹੀ ਢੰਗ ਨਾਲ ਰੱਖਣ। ਪਰ ਪਿਛਲੇ ਸਮੇਂ ਦੌਰਾਨ ਜੋ ਸਾਨੂੰ ਲੀਡਰ ਮਿਲੇ ਉਨ੍ਹਾਂ ਨੇ ਆਪਣੇ ਖਿੱਤੇ ਦੇ ਲੋਕਾਂ ਲਈ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਪੰਜਾਬ ਲਈ ਆਵਾਜ਼ ਚੁੱਕੀ। ਉਨ੍ਹਾਂ ਨੇ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ। ਇਸ ਤਰ੍ਹਾਂ ਹੀ ਪਿਛਲੇ ਚਾਰ ਦਿਨਾਂ ਤੋਂ ਖੰਨਾ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਾਮ ਨੂੰ 7 ਵਜੇ ਲਾਈਵ ਹੋ ਕੇ ਬਿਨ੍ਹਾਂ ਤੱਥਾਂ ਦੀ ਪੜਚੋਲ ਕੀਤੇ ਮੌਜੂਦਾ ਪੰਜਾਬ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Rajvir Jawanda: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ, ਬ੍ਰੇਨ ਡੈੱਡ, ਹਾਲਤ ਨਾਜ਼ੁਕ
ਉਨ੍ਹਾਂ ਕਿਹਾ ਕਿ ਖੰਨਾ ਹਲਕੇ ਵਿੱਚੋਂ ਲੰਘਦੇ ਹਾਈਵੇ ਦੀਆਂ ਲਾਈਟਾਂ ਬੀਜੇ ਤੋਂ ਭਾਦਲੇ ਤੱਕ ਚਾਲੂ ਕਰਵਾਉਣ ਦਾ ਕੰਮ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ) ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ। ਇਸ ਮੌਕੇ ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸੁਨੀਲ ਕੁਮਾਰ ਨੀਟਾ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਚੰਦ ਸ਼ਰਮਾ, ਓ.ਐਸ.ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।