Tarn Taran by-election: 31 ਅਕਤੂਬਰ ਨੂੰ ਸੰਗਰੂਰ ਅਤੇ ਜਲੰਧਰ ’ਚ ਵੀ ਹੋਵੇਗਾ ਰੋਸ ਪ੍ਰਦਰਸ਼ਨ
- ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਾਮੇ 31 ਨੂੰ ਤਰਨਤਾਰਨ ’ਚ ਸਰਕਾਰ ਖਿਲਾਫ਼ ਕਰਨਗੇ ਰੋਸ ਪ੍ਰਦਰਸ਼ਨ
Tarn Taran by-election: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਵੱਲੋਂ ਹੁਣ ਤਰਨਤਾਰਨ ਜ਼ਿਮਨੀ ਚੋਣ ’ਚ ਸਰਕਾਰ ਦਾ ਵਿਰੋਧ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਸੰਗਰੂਰ ਅਤੇ ਜਲੰਧਰ ’ਚ ਵੀ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਘੇਰਨ ਦੀ ਵਿਉਂਤਬੰਦੀ ਬਣਾ ਲਈ ਹੈ। ਇਸ ਪ੍ਰਦਰਸ਼ਨ ਲਈ ਜਥੇਬੰਦੀ ਦੇ ਆਗੂਆਂ ਵੱਲੋਂ ਵੱਖ-ਵੱਖ ਡਿਪੂਆਂ ਅੰਦਰ ਕੰਮ ਰਹੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਅਤੇ ਰੋਸ ਪ੍ਰਦਰਸ਼ਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ 31 ਅਕਤੂਬਰ ਨੂੰ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਰਕਾਰ ਖਿਲਾਫ਼ ਕੁੱਦਿਆ ਜਾ ਰਿਹਾ ਹੈ। ਤਰਨਤਾਰਨ ਵਿੱਚ ਇਨ੍ਹਾਂ ਕੱਚੇ ਕਾਮਿਆਂ ਵੱਲੋਂ ਪਿੰਡਾਂ ਤੇ ਸ਼ਹਿਰ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਆਗੂਆਂ ਰੇਸ਼ਮ ਸਿੰਘ ਅਤੇ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ 31 ਅਕਤੂਬਰ ਨੂੰ ਤਰਨਤਾਰਨ ਜ਼ਿਮਨੀ ਚੋਣ ਦੇ ਨਾਲ ਹੀ ਜਲੰਧਰ ਅਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਬੱਸਾਂ ਰੋਕ ਕੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਮੂਲੀਅਤ ਕੀਤੀ ਜਾਵੇਗੀ। ਤਰਨਤਾਰਨ ਵਿਖੇ ਕੱਚੇ ਕਾਮੇ ਦੋ ਦਿਨਾਂ ਦੀ ਛੁੱਟੀ ਲੈ ਕੇ ਪੁੱਜਣਗੇ ਅਤੇ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੱਚ ਲੋਕਾਂ ਵਿੱਚ ਦੱਸਣਗੇ।
Tarn Taran by-election
ਟਰਾਂਸਪੋਰਟ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਅਤੇ ਨਿੱਜੀਕਰਨ ਲਈ ਸਰਕਾਰ ਪੂਰੀ ਤਰ੍ਹਾਂ ਉਤਾਵਲੀ ਹੋਈ ਬੈਠੀ ਹੈ। ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਸਰਕਾਰ ਅਤੇ ਮੈਨੇਜਮੈਂਟ ਮੁੜ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹਣ ਦੀ ਤਿਆਰੀ ਵਿੱਚ ਹੈ, ਜਿਸ ਕਾਰਨ ਇਨ੍ਹਾਂ ਕਾਮਿਆਂ ਨੂੰ ਹੜਤਾਲ ਲਈ ਤਿਆਰ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਵਿੱਚ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਹੈ ਜਦਕਿ ਚੋਣਾਂ ਤੋਂ ਪਹਿਲਾਂ ਗੱਲਾਂ ਦਾ ਕੜਾਹ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਵਿੱਚ ਅੰਮ੍ਰਿਤਸਰ, ਪੱਟੀ , ਤਰਨਤਾਰਨ, ਪਠਾਨਕੋਟ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਜ਼ੀਰਾ, ਮੋਗਾ, ਜਗਰਾਓ, ਫਰੀਦਕੋਟ, ਬਠਿੰਡਾ, ਮੁਕਤਸਰ, ਹੁਸ਼ਿਆਰਪੁਰ, ਨੰਗਲ , ਕਪੂਰਥਲਾ, ਨਵਾਂ ਸ਼ਹਿਰ, ਬਰਨਾਲਾ, ਰੋਪੜ, ਲੁਧਿਆਣਾ ਦੇ ਕਾਮਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਜਲੰਧਰ ਅਤੇ ਸੰਗਰੂਰ ਵਿਖੇ ਪ੍ਰਦਰਸ਼ਨ ਲਈ ਹੋਰਨਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹਨ।
ਆਮ ਲੋਕਾਂ ਨੂੰ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ
31 ਅਕਤੂਬਰ ਨੂੰ ਇਨ੍ਹਾਂ ਕੱਚੇ ਕਾਮਿਆਂ ਦੇ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੱਡੀ ਗਿਣਤੀ ’ਚ ਇਹ ਮੁਲਾਜ਼ਮ ਇਸ ਦਿਨ ਬੱਸਾਂ ਰੋਕ ਕੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਪਿਛਲੇ ਦਿਨੀਂ ਵੀ ਟੈਂਡਰਾਂ ਦੀ ਤਰੀਕ ਵਾਲੇ ਦਿਨ ਇਹਨਾਂ ਕੱਚੇ ਕਾਮਿਆਂ ਵੱਲੋਂ ਤਿੰਨ ਘੰਟਿਆਂ ਤੋਂ ਵੱਧ ਦੀ ਹੜਤਾਲ ਕਰਕੇ ਕੰਮ ਕਾਰ ਠੱਪ ਕਰ ਦਿੱਤਾ ਸੀ, ਜਿਸ ਕਾਰਨ ਬੱਸ ਅੱਡਿਆਂ ’ਤੇ ਭੀੜ ਜਮ੍ਹਾ ਹੋ ਗਈ ਸੀ। ਜੇਕਰ ਟੈਂਡਰਾਂ ਦੀ ਤਰੀਕ ਅੱਗੇ ਮੁੜ ਨਾ ਪਾਈ ਤਾਂ ਸੰਗਰੂਰ ਅਤੇ ਜਲੰਧਰ ਵਿਖੇ ਇਹ ਰੋਸ ਪ੍ਰਦਰਸ਼ਨ ਹੋਣਗੇ।
Read Also : ਮੁੱਖ ਮੰਤਰੀ ਮਾਨ ਦੇ ਦੌਰੇ ਤੋਂ ਪਹਿਲਾਂ ਅਲਰਟ! ਵਧਾਈ ਗਈ ਹੈ ਸੁਰੱਖਿਆ














