Sewage Treatment Plant: ਤਪਾ (ਸੁਰਿੰਦਰ ਕੁਮਾਰ)। ਸਥਾਨਕ ਸ਼ਹਿਰ ਦੇ ਗੰਦੇ ਪਾਣੀ ਨੂੰ ਸੋਧਣ ਲਈ ਤਕਰੀਬਨ ਸਾਢੇ ਚਾਰ ਸਾਲ ਪਹਿਲਾਂ ਬਣਨਾ ਸ਼ੁਰੂ ਹੋਇਆ ਸੀਵਰੇਜ ਟਰੀਟਮੈਂਟ ਪਲਾਂਟ ਹਾਲੇ ਵੀ ਨੇਪਰੇ ਨਹੀਂ ਚੜ ਸਕਿਆ। ਜਿਸ ਵਿੱਚ ਫੰਡਾਂ ਦੀ ਘਾਟ ਅੜਿੱਕਾ ਬਣ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਜੁਲਾਈ 2021 ਵਿੱਚ ਸੀਵਰੇਜ ਪਾਣੀ ਦੀ ਨਿਕਾਸੀ ਲਈ ਰਾਈਜਿੰਗ ਪਲਾਂਟ ਦੇ ਤੌਰ ’ਤੇ ਉਸਾਰੀ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।
ਬਾਅਦ ਵਿੱਚ ਇਮਾਰਤ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਬਦਲਣ ਲਈ ਸੀਨਰਜਜ ਸਲਿਊਸ਼ਨ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਇਸ ਦਾ ਠੇਕਾ ਦਿੱਤਾ ਗਿਆ ਸੀ ਪਰ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਸਬੰਧਿਤ ਪਲਾਂਟ ਦੇ ਅਧਿਕਾਰੀਆਂ ਦੁਆਰਾ ਇਸ ਵਿੱਚ ਮੁੱਖ ਅੜਿੱਕਾ ਫੰਡਾਂ ਦੀ ਘਾਟ ਨੂੰ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਅਧਿਕਾਰੀਆਂ ਦੇ ਦੱਸਣ ਅਨੁਸਾਰ ਇਸ ਪਲਾਂਟ ਦੀ ਕੁੱਲ ਕੀਮਤ 6. 20 ਕਰੋੜ (ਛੇ ਕਰੋੜ ਵੀਹ ਲੱਖ ਰੁਪਏ) ਮਿੱਥੀ ਗਈ ਸੀ। ਜਿਸ ਅਨੁਸਾਰ ਸੀਨਰਜਜ ਸਲਿਊਸ਼ਨ ਪ੍ਰਾਈਵੇਟ ਲਿਮਿਟਡ ਕੰਪਨੀ ਨੇ ਉਕਤ ਪਲਾਂਟ ਨੂੰ ਤਿਆਰ ਕਰਕੇ ਵਿਭਾਗ ਨੂੰ ਸੌਂਪਣਾ ਹੈ।
Sewage Treatment Plant
ਇੰਨਾ ਹੀ ਨਹੀਂ ਇਸ ਤੋਂ ਬਾਅਦ ਪੰਜ ਸਾਲ ਇਸਦੀ ਦੇਖ-ਰੇਖ ਵੀ ਕਰਨੀ ਹੈ। ਕੰਪਨੀ ਵੱਲੋਂ ਲਗਾਤਾਰ ਇਸ ਨੂੰ ਤਿਆਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਪੂਰੀ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਸੀਵਰੇਜ ਟਰੀਟਮੈਂਟ ਪਲਾਂਟ ਲਗਭਗ ਤਿਆਰ ਹੋ ਚੁੱਕਿਆ ਹੈ। ਇਸ ਵਿੱਚ ਜੋ ਕਮੀ ਰਹਿੰਦੀ ਹੈ ਉਸ ਨੂੰ ਦਸੰਬਰ ਦੇ ਅਖੀਰ ਤੱਕ ਪੂਰਾ ਕਰਕੇ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਹੋਰ ਵੇਰਵਿਆਂ ਅਨੁਸਾਰ ਪਲਾਂਟ ਵਿੱਚ ਤਿੰਨ ਆਪਰੇਟਰ, ਦੋ ਸੇਵਾਦਾਰ, ਇੱਕ ਇਲੈਕਟ੍ਰਿਕ ਇੰਜਨੀਅਰ, ਇੱਕ ਮਕੈਨਿਕਲ ਇੰਜੀਨੀਅਰ ਲਗਾਤਾਰ ਪਲਾਂਟ ਦੀ ਨਿਗਰਾਨੀ ਕਰਨਗੇ,
Read Also : ਕੀ ਤੁਹਾਡੇ ਕੋਲ 500 ਰੁਪਏ ਦਾ ਨੋਟ ਨਕਲੀ ਤਾਂ ਨਹੀਂ, ਇਹ ਖਬਰ ਪੜ੍ਹ ਤੁਸੀਂ ਰਹਿ ਜਾਓਗੇ ਹੈਰਾਨ
ਜਿੰਨ੍ਹਾਂ ਦੀ ਤਨਖਾਹ ਉੱਪਰ ਲਗਭਗ 1.5 ਲੱਖ ਰੁਪਏ ਅਤੇ ਬਿਜਲੀ ਬਿੱਲ ਲਗਭਗ 60 ਹਜ਼ਾਰ ਤੋਂ 70 ਹਜ਼ਾਰ ਰੁਪਏ ਮਹੀਨਾ ਆਵੇਗਾ। ਪਲਾਂਟ ਦੇ ਮੁੱਖ ਇੰਜੀਨੀਅਰ ਬਲਜੀਤ ਕੁਮਾਰ ਨੇ ਸੋਧੇ ਹੋਏ ਪਾਣੀ ਦੀ ਵਰਤੋਂ ਸਬੰਧੀ ਦੱਸਿਆ ਕਿ ਉਨ੍ਹਾਂ ਦਾ ਕੰਮ ਪਾਣੀ ਨੂੰ ਸੋਧ ਕੇ ਪਾਈਪ ਲਾਈਨ ਤੱਕ ਪਹੁੰਚਾਉਣਾ ਹੁੰਦਾ ਹੈ ਉਸ ਤੋਂ ਬਾਅਦ ਸੀਵਰੇਜ ਬੋਰਡ ਦਾ ਕੰਮ ਰਹਿ ਜਾਂਦਾ ਹੈ ਕਿ ਉਹ ਪਾਣੀ ਨੂੰ ਕਿਸ ਤਰ੍ਹਾਂ ਵਰਤੋਂ ਕਰਦੇ ਹਨ।
ਫੰਡਾਂ ਦੀ ਘਾਟ ਐ : ਮੁੱਖ ਇੰਜੀਨੀਅਰ | Sewage Treatment Plant
ਪਲਾਂਟ ਦੇ ਮੁੱਖ ਇੰਜੀਨੀਅਰ ਬਲਜੀਤ ਕੁਮਾਰ ਨੇ ਦੱਸਿਆ ਕਿ ਇਹ ਪਲਾਂਟ ਫੰਡਾਂ ਦੀ ਘਾਟ ਕਾਰਨ ਅਧੂਰਾ ਪਿਆ ਹੈ, ਕਿਉਂਕਿ ਸੀਵਰੇਜ ਬੋਰਡ ਵੱਲੋਂ ਲਗਭਗ 60 ਲੱਖ ਰੁਪਏ ਜੋ ਇਸ ਕੰਪਨੀ ਨੇ ਲੈਣੇ ਨੇ ਨਹੀਂ ਦਿੱਤੇ ਜਾ ਰਹੇ। ਇਸ ਤੋਂ ਇਲਾਵਾ ਲਗਭਗ 40 ਲੱਖ ਰੁਪਏ ਦੇ ਹੋਰ ਆਖਰੀ ਬਿੱਲ ਬਣਨ ਤੱਕ ਬਕਾਇਆ ਹੋ ਜਾਵੇਗਾ ਪਰ ਸੀਵਰੇਜ ਬੋਰਡ ਬਰਨਾਲਾ ਹਾਲੇੇ ਤੱਕ ਪਿਛਲੀ ਅਦਾਇਗੀ ਨਹੀਂ ਕਰ ਸਕਿਆ।
‘ਜਲਦ ਮਿਲਣਗੇ ਤਪਾ ਐੱਸਟੀਪੀ ਨੂੰ ਫ਼ੰਡ’
ਸੰਪਰਕ ਕੀਤੇ ਜਾਣ ’ਤੇ ਸੀਵਰੇਜ ਬੋਰਡ ਬਰਨਾਲਾ ਦੇ ਐਸਡੀਓ ਮਨਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਫੰਡਾਂ ਦੀ ਅਦਾਇਗੀ ਵਿੱਚ ਕੁੱਝ ਦਿੱਕਤ ਆ ਰਹੀ ਸੀ, ਜਿਸ ਨੂੰ ਬੋਰਡ ਵੱਲੋਂ ਜਲਦ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤਪਾ ਦੇ ਐੱਸਟੀਪੀ ਨੂੰ ਵੀ ਲੋੜੀਂਦੇ ਫ਼ੰਡ ਜਲਦ ਮੁਹੱਈਆ ਕਰਵਾ ਦਿੱਤੇ ਜਾਣਗੇ।













