Health Tips in Punjabi: “ਇਹ ਇਕ ਰਾਜ ਹੈ ਜੋ ਤੁਹਾਡੀ ਸਿਹਤ ਬਚਾ ਸਕਦਾ ਹੈ! ਘੱਟ ਬੋਲੋ, ਘੱਟ ਖਾਓ – ਅੱਜ ਹੀ ਅਮਲ ਕਰੋ!

Food

ਘੱਟ ਬੋਲਣਾ ਤੇ ਘੱਟ ਖਾਣਾ ਸਿਹਤ ਲਈ ਫਾਇਦੇਮੰਦ | Health Tips in Punjabi

Health Tips in Punjabi: ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਾਂ। ਸਾਡਾ ਤਰ੍ਹਾਂ-ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ। ਕੁਝ ਬੰਦੇ ਬਹੁਤ ਬੋਲਦੇ ਹਨ ਤੇ ਕੁਝ ਬਹੁਤ ਸੋਚ-ਸਮਝ ਕੇ ਬੋਲਦੇ ਹਨ। ਵਾਕਈ ਸਾਨੂੰ ਸਾਰਿਆਂ ਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ ਬਿਨਾਂ ਸੋਚੇ-ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ‘ਤੇ ਆ ਜਾਂਦੇ ਹਨ। ਇੱਕ ਕਹਾਵਤ ਵੀ ਹੈ ‘ਬੋਲਿਆਂ ਨੇ ਬੋਲ ਵਿਗਾੜੇ ਮੀਣਿਆਂ ਨੇ ਘਰ ਉਜਾੜੇ’

ਜ਼ਿਆਦਾ ਬੋਲਣ ਨਾਲ ਅਸੀਂ ਗਲਤ ਗੱਲਾਂ ਕਹਿ ਦਿੰਦੇ ਹਾਂ। ਜਿਨ੍ਹਾਂ ਕਰਕੇ ਦੂਸਰੇ ਨੂੰ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇੰਨੀ ਕਾਹਲੀ ‘ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣੈ? ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ। ਸਾਨੂੰ ਕਰੋਧ ਵਿੱਚ ਸਹਿਣਸ਼ੀਲ ਹੋਣਾ ਚਾਹੀਦਾ ਹੈ। ਹੋ ਸਕਦਾ ਹੈ ਉਹ ਬੰਦਾ ਕਿਸੇ ਗੱਲ ਕਰਕੇ ਪ੍ਰੇਸ਼ਾਨ ਹੋਵੇ। ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣ। ਜਦੋਂ ਅਸੀਂ ਸੋਚ-ਸਮਝ ਕੇ ਬੋਲਦੇ ਹਾਂ ਤਾਂ, ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ। ਸਿਆਣੇ ਅਕਸਰ ਕਹਿੰਦੇ ਹਨ ਕਿ ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ।

ਕਈ ਵਾਰ ਅਸੀਂ ਦੇਖਦੇ ਹਾਂ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਘਰ ਵਿੱਚ ਅਕਸਰ ਉਹ ਲੜਾਈ-ਝਗੜਾ ਵੀ ਕਰਦਾ ਹੈ। ਕਲੇਸ਼ ਵਰਗਾ ਮਾਹੌਲ ਘਰ ਵਿੱਚ ਪੈਦਾ ਹੁੰਦਾ ਹੈ। ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ। ਦੁੱਖ ਵਿੱਚ ਕੋਈ ਵੀ ਸ਼ਰੀਕ ਨਹੀਂ ਹੁੰਦਾ। ਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ। ਪਰ ਜ਼ੁਬਾਨ ਇੰਨੀ ਕੌੜੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਕਿਸੇ ਨੇ ਸਹੀ ਕਿਹਾ ਹੈ, ਇਹੀ ਜ਼ੁਬਾਨ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ।

Health Tips in Punjabi

ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ। ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੋਲੋ ਪਰ ਉੱਥੇ ਬੋਲੋ ਜਿੱਥੇ ਤੁਹਾਡੀ ਜ਼ਰੂਰਤ ਹੈ। ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਲੋਕ ਕਦੋਂ ਚੁੱਪ ਕਰਨਗੇ। ਅਜਿਹੇ ਲੋਕ ਲੋਕਾਂ ਵਿੱਚ ਆਪਣਾ ਇੱਜ਼ਤ-ਮਾਣ ਗੁਆ ਲੈਂਦੇ ਹਨ। ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ।

ਸਾਡੇ ਸਮਾਜ ਵਿੱਚ ਕਈ ਅਜਿਹੀਆਂ ਸ਼ਖਸੀਅਤਾਂ ਨਾਲ ਵਾਹ ਪੈਂਦਾ ਹੈ ਕਿ ਜੋ ਬਹੁਤ ਹੀ ਘੱਟ ਬੋਲਦੀਆਂ ਹਨ, ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਸੁਣੋ ਧਿਆਨ ਨਾਲ ਸਾਡੇ ਸਮਾਜ ਵਿੱਚ ਕਈ ਅਜਿਹੀਆਂ ਉਦਾਹਰਨਾਂ ਹਨ। ਅਸੀਂ ਆਮ ਦੇਖਦੇ ਹਨ ਕਿ ਜਦੋਂ ਅਸੀਂ ਕੋਈ ਕੰਮ-ਕਾਜ ਲਈ ਸਰਕਾਰੀ ਦਫਤਰਾਂ ‘ਚ ਜਾਂਦੇ ਹਾਂ ਤੇ ਉੱਥੇ ਉੱਚ ਕੋਟੀ ਦੇ ਅਧਿਕਾਰੀ ਬਹੁਤ ਘੱਟ ਬੋਲਦੇ ਹਨ। ਉਹ ਅੱਖਾਂ-ਅੱਖਾਂ ਨਾਲ ਹੀ ਬਹੁਤ ਕੁਝ ਸਮਝਾ ਜਾਂਦੇ ਹਨ।

ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ, ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਾਂ।

ਇਸੇ ਤਰ੍ਹਾਂ ਜੇ ਖਾਣ ਦੀ ਗੱਲ ਕਰੀਏ, ਜਿੰਨਾ ਅਸੀਂ ਘੱਟ ਖਾਵਾਂਗੇ ਉਨਾ ਅਸੀਂ ਵਧੀਆ ਰਹਾਂਗੇ। ਸਾਨੂੰ ਕਦੇ ਵੀ ਡਾਕਟਰ ਕੋਲ ਨਹੀਂ ਜਾਣਾ ਪਵੇਗਾ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਖਾਣ ਲਈ ਨਾ ਜੀਓ, ਜੀਣ ਲਈ ਖਾਓ

Health Tips in Punjabi

ਅਕਸਰ ਅਸੀਂ ਦੇਖਦੇ ਹਾਂ ਕਿ ਵਿਆਹਾਂ, ਹੋਰ ਪ੍ਰੋਗਰਾਮਾਂ ਵਿੱਚ ਲੋਕ ਖਾਣੇ ‘ਤੇ ਟੁੱਟ ਕੇ ਪੈਂਦੇ ਹਨ। ਪੇਟ ਨੂੰ ਕੂੜੇ-ਕਚਰੇ ਦਾ ਢੇਰ ਹੀ ਬਣਾ ਲੈਂਦੇ ਹਨ। ਇਸ ਤਰ੍ਹਾਂ ਬੇਸਬਰਿਆਂ ਵਾਂਗ ਖਾਂਦੇ ਹਨ ਕਿ ਜਿਵੇਂ ਕਦੇ ਕੁਝ ਦੇਖਿਆ ਨਾ ਹੋਵੇ। ਫਿਰ ਬਾਅਦ ਵਿੱਚ ਪੇਟ ਨੂੰ ਫੜ ਕੇ ਫਿਰਦੇ ਰਹਿੰਦੇ ਹਨ। ਕਹਿੰਦੇ ਰਹਿੰਦੇ ਹਨ ਗੈਸ ਬਣ ਗਈ, ਪੇਟ ਨੂੰ ਅਫ਼ਾਰਾ ਆ ਗਿਆ, ਤੇਜ਼ਾਬ ਬਣ ਰਿਹਾ ਹੈ, ਖੱਟੇ ਡਕਾਰ ਆ ਰਹੇ ਹਨ।

ਭਲੇ ਮਾਣਸੋ! ਜੇ ਪੁੱਛਿਆ ਜਾਵੇ ਪੇਟ ਤਾਂ ਤੁਹਾਡਾ ਹੀ ਸੀ ਕਿਉਂ ਬੇਸਬਰਿਆਂ ਵਾਂਗ ਖਾਂਦੇ ਹੋ। ਅਕਸਰ ਅਜਿਹਾ ਉਹੀ ਲੋਕ ਕਰਦੇ ਹਨ ਜੋ ਆਪਣੇ ਘਰਾਂ ਵਿੱਚ ਖਾਣ-ਪੀਣ ਲਈ ਚੀਜ਼ਾਂ ਨਹੀਂ ਲਿਆਉਂਦੇ। ਬੱਸ ਵਿਆਹਾਂ ਹੋਰ ਪ੍ਰੋਗਰਾਮਾਂ ਦੀ ਉਡੀਕ ਹੀ ਕਰਦੇ ਰਹਿੰਦੇ ਹਨ, ਕਿ ਕਦੋਂ ਕੋਈ ਪ੍ਰੋਗਰਾਮ ਆਵੇ ਤੇ ਉੱਥੇ ਰੱਜ ਕੇ ਪੇਟ ਭਰ ਖਾਈਏ। ਇਹ ਨਹੀਂ ਸੋਚਦੇ ਕਿ ਇੱਕ ਦਿਨ ਦੇ ਖਾਣ ਨਾਲ ਫਿਰ ਦਸ ਦਿਨ ਡਾਕਟਰਾਂ ਦੀਆਂ ਜਾਂ ਮੈਡੀਕਲ ਦੀਆਂ ਦੁਕਾਨਾਂ ‘ਤੇ ਹਾਜ਼ਰੀ ਲਵਾਉਣੀ ਪੈਂਦੀ ਹੈ।

ਅੱਜ-ਕੱਲ੍ਹ ਤਾਂ ਉਂਜ ਹਰੇਕ ਚੀਜ ਮਿਲਾਵਟ ਵਾਲੀ ਹੈ। ਬੜੇ ਸੋਚ-ਸਮਝ ਕੇ ਹੀ ਖਾਣਾ ਚਾਹੀਦਾ ਹੈ। ਅਕਸਰ ਘਰਾਂ ‘ਚ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਪਰਿਵਾਰਾਂ ਵਿੱਚ ਬਾਹਰ ਤੋਂ ਖਾਣਾ ਮੰਗਵਾਇਆ ਜਾਂਦਾ ਹੈ। ਚਲੋ ਕਈ ਵਾਰ ਦਿਲ ਵੀ ਕਰ ਜਾਂਦਾ ਹੈ ਕਿ ਬਾਹਰੋਂ ਖਾਣਾ ਮੰਗਵਾਇਆ ਜਾਵੇ।

Health Tips in Punjabi

ਪਰ ਕਈ ਅਜਿਹੇ ਪਰਿਵਾਰ ਹਨ, ਜੋ ਦਿਨ ਵਿੱਚ ਇੱਕ ਸਮੇਂ ਦਾ ਖਾਣਾ ਬਾਹਰੋਂ ਮੰਗਵਾਉਂਦੇ ਹਨ। ਕਿਉਂਕਿ ਉਨ੍ਹਾਂ ਨੂੰ ਆਦਤ ਪੈ ਚੁੱਕੀ ਹੈ ਬਾਹਰ ਦਾ ਖਾਣਾ ਖਾਣ ਦੀ। ਕਿਉਂਕਿ ਉਹ ਜ਼ਿਆਦਾ ਮਸਾਲੇਦਾਰ ਹੁੰਦਾ ਹੈ। ਹੁਣ ਇਹ ਨਹੀਂ ਪਤਾ ਹੁੰਦਾ ਕਿ ਉਹ ਖਾਣਾ ਸਰੀਰ ਲਈ ਕਿੰਨਾ ਨੁਕਸਾਨਦਾਇਕ ਹੁੰਦਾ ਹੈ। ਪਤਾ ਨਹੀਂ ਸਾਫ਼-ਸੁਥਰੀ ਰਸੋਈ ਵਿੱਚ ਉਹ ਖਾਣਾ ਬਣਾਇਆ ਜਾਂਦਾ ਹੈ ਜਾਂ ਨਹੀਂ। ਸਾਨੂੰ ਹਮੇਸ਼ਾ ਘਰ ਦਾ ਸਾਫ-ਸੁਥਰਾ ਖਾਣਾ ਹੀ ਖਾਣਾ ਚਾਹੀਦਾ ਹੈ।

ਸਵੇਰ ਦਾ ਨਾਸ਼ਤਾ ਭਾਰੀ ਕਰਨਾ ਚਾਹੀਦਾ ਹੈ। ਭਾਵ ਰਾਜੇ ਮਹਾਰਾਜਿਆਂ ਵਾਲਾ ਸ਼ਾਹੀ ਖਾਣਾ ਖਾਣਾ ਚਾਹੀਦਾ ਹੈ, ਮਤਲਬ ਘਰ ਦਾ ਬਣਿਆ ਸਾਫ਼-ਸੁਥਰਾ ਖਾਣਾ। ਦੁਪਹਿਰ ਦਾ ਖਾਣਾ ਉਸ ਤੋਂ ਹਲਕਾ ਖਾਣਾ ਚਾਹੀਦਾ ਹੈ। ਤੇ ਰਾਤ ਨੂੰ ਨਾ ਬਰਾਬਰ ਹੀ ਖਾਣਾ ਚਾਹੀਦਾ ਹੈ, ਭਾਵ ਰਾਤ ਦਾ ਖਾਣਾ ਫਕੀਰ ਦੀ ਤਰ੍ਹਾਂ ਖਾਣਾ ਚਾਹੀਦਾ ਹੈ। ਕਿਉਂਕਿ ਰਾਤ ਨੂੰ ਮੰਜੇ ‘ਤੇ ਸੌਣਾ ਹੀ ਹੁੰਦਾ ਹੈ। ਫਿਰ ਕੀ ਫਾਇਦਾ ਅਸੀਂ ਰਾਤ ਨੂੰ ਪੇਟ ਭਰ ਕੇ ਖਾਵਾਂਗੇ ਤਾਂ ਫਿਰ ਵਧੀਆ ਨੀਂਦ ਵੀ ਨਹੀਂ ਆਵੇਗੀ ਸੋ ਘੱਟ ਬੋਲਣਾ ਅਤੇ ਘੱਟ ਖਾਣਾ ਕਦੇ ਵੀ ਨੁਕਸਾਨ ਨਹੀਂ ਕਰਦਾ।
ਇੰਜੀ: ਸੰਜੀਵ ਸਿੰਘ ਸੈਣੀ, ਮੋਹਾਲੀ
ਮੋ. 78889-66168

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here