ਸਪੈਸ਼ਲ ਟਾਸਕ ਫੋਰਸ ਵੱਲੋਂ 2.13 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ

Specialty, Task, Force, Seizes, Drugs, Worth, 2.13 Crores

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਸੂਬੇ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਬਣਾਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਦੋ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਗੋਲੀਆਂ, ਕੈਪਸੂਲ, ਟੀਕੇ ਅਤੇ ਖੰਘ ਦੀ ਦਵਾਈ ਦੀ ਵੱਡੀ ਖੇਪ ਨਾਲ ਕਾਬੂ ਕੀਤਾ ਹੈ। ਇਸ ਦਵਾਈ ਦੀ ਬਜ਼ਾਰੀ ਕੀਮਤ 2.13 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਕਾਬੂ ਕੀਤੇ ਵਿਅਕਤੀਆਂ ਤੋਂ 6 ਲੱਖ ਰੁਪਏ ਦੀ ਰਾਸ਼ੀ ਅਤੇ ਕਾਰ ਟੋਇਟਾ ਇਨੋਵਾ ਵੀ ਬਰਾਮਦ ਕੀਤੀ ਗਈ ਹੈ। (Special Task Force)

ਇਸ ਸਬੰਧੀ ਸਥਾਨਕ ਪੁਲਿਸ ਕਮਿਸ਼ਨਰੇਟ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਟਾਸਕ ਫੋਰਸ ਦੇ ਆਈ. ਜੀ.  ਪ੍ਰਮੋਦ ਬਾਨ ਨੇ ਦੱਸਿਆ ਕਿ ਇਨ੍ਹਾ ਦੋਵਾਂ ਵਿਅਕਤੀਆਂ ਨੂੰ ਲੁਧਿਆਣਾ ਅਤੇ ਜਲੰਧਰ ਦੀਆਂ ਦੋਵੇਂ ਟੀਮਾਂ ਨੇ ਸਾਂਝੀ ਕਾਰਵਾਈ ਦੌਰਾਨ ਸੰਗਮ ਪੈਲੇਸ ਚੌਕ ਚੂਹੜਪੁਰ ਸੜਕ ਤੋਂ ਕਾਬੂ ਕੀਤਾ ਹੈ। ਕਾਰਵਾਈ ਦੌਰਾਨ ਪੁਲਿਸ ਪਾਰਟੀ ਵੱਲੋਂ ਇਨੋਵਾ ਕਾਰਨ ਪੀ. ਬੀ. 10 ਡੀ. ਈ. 1112 ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਇਸ ਵਿੱਚੋਂ 4 ਲੱਖ 80 ਹਜ਼ਾਰ ਦੀਆਂ ਪਾਬੰਦੀਸ਼ੁਦਾ ਦਵਾਈਆਂ ਅਤੇ 6 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ। ਇਸ ਕਾਰ ਨੂੰ ਮਨਿੰਦਰਵੀਰ ਸਿੰਘ ਉਰਫ਼ ਰਾਜਾ (37 ਸਾਲ) ਵਾਸੀ ਮਕਾਨ ਨੰਬਰ 10724, ਨਿਊ ਪਟੇਲ ਨਗਰ ਹੈਬੋਵਾਲ ਕਲਾਂ ਚਲਾ ਰਿਹਾ ਸੀ। ਇਸ ਸੰਬੰਧੀ ਮਨਵਿੰਦਰਜੀਤ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਨੰਬਰ 106 ਧਾਰਾ 21/61/85 ਤਹਿਤ ਪੁਲਿਸ ਸਟੇਸ਼ਨ ਹੈਬੋਵਾਲ ਵਿਖੇ ਮਿਤੀ 18 ਜੁਲਾਈ, 2018 ਨੂੰ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਹੁਣ ਇਸ ਜਿਲ੍ਹੇ ‘ਤੇ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਹੋਇਆ ਪੱਬਾਂ ਭਾਰ

ਸ੍ਰੀ ਬਾਨ ਨੇ ਕਿਹਾ ਕਿ ਬਰਾਮਦ ਕੀਤੀਆਂ ਗਈਆਂ ਦਵਾਈਆਂ ਵਿੱਚ 13 ਤਰਾਂ ਦੀ ਪਾਬੰਦੀਸ਼ੁਦਾ ਗੋਲੀਆਂ, ਕੈਪਸੂਲ, ਟੀਕੇ ਅਤੇ ਖੰਘ ਦੀ ਦਵਾਈ (ਕੁੱਲ 21,58,348) ਸ਼ਾਮਿਲ ਹਨ। ਉਨਾਂ ਕਿਹਾ ਕਿ ਜਾਂਚ ਦੌਰਾਨ 32 ਸਾਲਾ ਸੁਰਿੰਦਰ ਕੁਮਾਰ ਵਾਸੀ ਮੁਰਾਦਪੁਰ ਜੱਟਾਂ ਪੁਲਿਸ ਸਟੇਸ਼ਨ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਕਿ ਜੇ. ਐੱਸ. ਕੇ. ਟਰਾਂਸਪੋਰਟ ਕੰਪਨੀ ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਕੰਪਨੀ ਦੇ ਗੋਦਾਮ ਤੋਂ ਵੀ 2.50 ਲੱਖ ਰੁਪਏ ਦੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਸ੍ਰੀ ਬਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮਨਿੰਦਰਵੀਰ ਸਿੰਘ ਨੇ ਮੰਨਿਆ ਹੈ ਕਿ ਉਹ ਚੂਹੜਪੁਰ ਸੜਕ ਸਥਿਤ ਸਹਿਗਲ ਮੈਡੀਕਲ ਚਲਾਉਂਦਾ ਹੈ। ਵਿੱਤੀ ਘਾਟੇ ਦੇ ਚੱਲਦਿਆਂ ਉਸਨੇ ਆਗਰਾ ਵਾਸੀ ਨਵਲ ਕਿਸ਼ੋਰ ਨਾਲ ਸੰਪਰਕ ਕੀਤਾ ਅਤੇ ਪਿਛਲੇ ਦੋ ਸਾਲਾਂ ਤੋਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਮਨਿੰਦਰਵੀਰ ਸਿੰਘ ਇਹ ਦਵਾਈਆਂ ਜੋਧਪੁਰ ਗੋਲਡਨ ਟਰਾਂਸਪੋਰਟ ਕੰਪਨੀ ਆਗਰਾ ਤੋਂ ਜੇ. ਐੱਸ. ਕੇ. ਲੋਜਿਸਟਿਕ ਟਰਾਂਸਪੋਰਟ ਕੰਪਨੀ, ਪਲਾਟ ਨੰਬਰ 14 ਟਰਾਂਸਪੋਰਟ ਨਗਰ ਲੁਧਿਆਣਾ ਲਿਆਉਂਦਾ ਸੀ। ਮਨਿੰਦਰਵੀਰ ਇਸੇ ਐੱਡਰੈੱਸ ਤੋਂ ਅੱਗੇ ਸੂਬੇ ਦੇ ਕਈ ਸ਼ਹਿਰਾਂ ਵਿੱਚ ਦਵਾਈਆਂ ਸਪਲਾਈ ਕਰਦਾ ਸੀ। ਸ੍ਰੀ ਬਾਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਮਨਿੰਦਰਵੀਰ ਨਾਲ ਇਸ ਧੰਦੇ ਵਿੱਚ ਜੁੜੇ ਹਰੇਕ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਹੁਣ ਤੱਕ ਮਨਿੰਦਰਵੀਰ ਕੋਲੋਂ 28, 88.348 ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨਾਂ ਦੀ ਕੀਮਤ 2,13, 89, 937 ਰੁਪਏ ਮੰਨੀ ਜਾ ਰਹੀ ਹੈ।