ਕੋਈ ਇੰਝ ਵੀ ਜ਼ਿੰਦਾ ਏ, ਜ਼ਿੰਦਗੀ ਜਿੰਦਾਬਾਦ…!

ਕੋਈ ਇੰਝ ਵੀ ਜ਼ਿੰਦਾ ਏ, ਜ਼ਿੰਦਗੀ ਜਿੰਦਾਬਾਦ…!

ਇਹ ਲਿਖਤ ਪੜ੍ਹਨ ’ਚ ਤਾਂ ਤੁਹਾਨੂੰ 70 ਸੈਕਿੰਡ ਹੀ ਲੱਗਣਗੇ ਪਰ ਇਸ ਲਿਖਤ ਦਾ ਹੀਰੋ ਬਣਨ ਲਈ ‘ਪਾਲ ਅਲੈਗਜੈਂਡਰ’ ਦੀ ਔਖੇ ਹਾਲਾਤਾਂ ’ਚ ਲਗਾਤਾਰ 70 ਸਾਲਾਂ ਦੀ ਲਗਾਤਾਰ ਘਾਲਣਾ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਅਮਰੀਕਾ ’ਚ ਸੰਨ੍ਹ 1946 ’ਚ ਜਨਮਿਆ ਪਾਲ, ਪੋਲੀਓ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ, 6 ਸਾਲ ਦੀ ਉਮਰ ’ਚ ਉਹ ਬੱਚਿਆਂ ਨਾਲ ਖੇਡ ਰਿਹਾ ਸੀ, ਗਰਦਨ ’ਤੇ ਥੋੜ੍ਹੀ ਜਿਹੀ ਸੱਟ ਲੱਗੀ ਤਾਂ ਉਸਦਾ ਸਿਰ ਆਪਣੇ-ਆਪ ਪਾਟ ਗਿਆ,

ਦਰਅਸਲ ਪੋਲੀਓ ਦੀ ਬਿਮਾਰੀ ਨੇ ਉਸ ਦੇ ਸਰੀਰ ’ਤੇ ਜਬਰਦਸਤ ਅਟੈਕ ਕਰ ਦਿੱਤਾ ਸੀ, ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੇ ਫੇਫੜੇ ਜਵਾਬ ਦੇ ਗਏ, ਉਸ ਦਾ ਸਾਰਾ ਸਰੀਰ ਲਕਵਾਗ੍ਰਸਤ ਹੋ ਗਿਆ, ਉਹ ਸਿਰਫ ਮੂੰਹ, ਗਰਦਨ ਤੇ ਸਿਰ ਹੀ ਹਿਲਾ ਸਕਦਾ ਸੀ ਡਾਕਟਰਾਂ ਨੇ ਜਾਨ ਬਚਾਉਣ ਲਈ ਉਦੋਂ 1952 ’ਚ ਉਸ ਨੂੰ ਲੋਹੇ ਦੇ ਫੇਫੜੇ ਵਾਲੀ ਖਾਸ ਮਸ਼ੀਨ ’ਚ ਫਿੱਟ ਕਰ ਦਿੱਤਾ, ਜਿਸ ’ਚ ਬੱਚੇ ਨੂੰ ਲਗਭਗ 20 ਸਾਲ ਦੀ ਉਮਰ ਤੱਕ ਰੱਖਿਆ ਜਾਂਦਾ ਹੈ।

ਦਰਅਸਲ ਇਸ ਮਸ਼ੀਨ ’ਚ ਫਿੱਟ ਹੋਣ ਵਾਲੇ ਲੋਕ ਜ਼ਿਆਦਾ ਸਮਾਂ ਨਹੀਂ ਕੱਢਦੇ ਸਨ ਕਿਉਂਕਿ ਉਹ ਹਿਮੰਤ ਹਾਰ ਜਾਂਦੇ ਸਨ, ਪਰ ਅਲੈਗਜੈਂਡਰ ਅਲੱਗ ਮਿੱਟੀ ਦਾ ਬਣਿਆ ਸੀ ਡਾਕਟਰਾਂ ਦੀ ਸਹਾਇਤਾ ਤੇ ਲਗਾਤਾਰ ਅਭਿਆਸ ਨਾਲ ਇੱਛੁਕ ਸਾਹ ਲੈਣਾ ਸਿੱਖ ਗਿਆ ਤੇ ਕਈ ਦੇਰ ਮਸ਼ੀਨ ਤੋਂ ਬਾਹਰ ਰਹਿਣਾ ਸੰਭਵ ਹੋ ਜਾਂਦਾ। ਉਸ ਨੇ ਹਿੰਮਤ ਨਹੀਂ ਹਾਰੀ ਸਗੋਂ ਲਗਾਤਾਰ ਪੜ੍ਹਾਈ ਜਾਰੀ ਰੱਖੀ। ਉਹ 20 ਸਾਲ ਦਾ ਹੋ ਕੇ ਵੀ ਠੀਕ ਨਾ ਹੋਇਆ ਤਾਂ ਡਾਕਟਰਾਂ ਨੇ ਦੱਸ ਦਿੱਤਾ ਕਿ ਹੁਣ ਉਸ ਨੂੰ ਸਾਰੀ ਜਿੰਦਗੀ ਲੋਹੇ ਦੀ ਮਸ਼ੀਨ ’ਚ ਹੀ ਰਹਿਣਾ ਪੈਣਾ ਹੈ ਪਰ ਪਾਲ ਦਾ ਹੌਂਸਲਾ ਫਿਰ ਵੀ ਨਾ ਟੁੱਟਿਆ, ਉਹ ਵਕਾਲਤ ਦੀ ਪੜ੍ਹਾਈ ਕਰ ਵਕੀਲ ਬਣਿਆ।

‘ਥ੍ਰੀ ਮਿਨਿਟਸ ਫਾਰ ਏ ਡਾਗ: ਮਾਈ ਲਾਈਫ ਇਨ ਏ ਆਇਰਨ ਲੰਗ’ ਨਾਂਅ ਤੋਂ ਆਪਣੀ ਭਾਵੁਕ ਸਵੈ-ਜੀਵਨੀ ਉਸ ਨੇ ਲਗਾਤਾਰ ਅੱਠ ਸਾਲ ਸਖਤ ਮਿਹਨਤ ਨਾਲ ਲਿਖੀ, ਜੋ 2020 ’ਚ ਪ੍ਰਕਾਸ਼ਿਤ ਹੋਈ। ਉਹ ਪਿਛਲੇ 70 ਸਾਲਾਂ ਤੋਂ ਲਗਾਤਾਰ ਇਸ ਮਸ਼ੀਨ ਅੰਦਰ ਜ਼ਿੰਦਾਦਿਲੀ ਨਾਲ ਜੀ ਰਿਹਾ ਹੈ, ਜਦਕਿ ਉਸਨੂੰ ਪਤਾ ਹੈ ਉਹ ਮਰਦੇ ਦਮ ਤੱਕ ਇਸ ਮਸ਼ੀਨ ’ਚ ਹੀ ਕੈਦ ਰਹੇਗਾ। ਤੁਹਾਡੀ ਜੀਣ ਲਈ ਇਹ ਤਾਂਘ, ਇਹ ਸਿਰੜ, ਇਹ ਸਕਾਰਾਤਮਕਤਾ ਤੇ ਇਹ ਸਿਦਕ, ਆਮ ਲੋਕਾਈ ਦੇ ਜੀਵਨ ’ਚ ਆਉਂਦੀਆਂ ਔਕੜਾਂ ਸਾਹਮਣੇ ਖਲੋਣ ਲਈ ਸਜੀਵ ਪ੍ਰੇਰਣਾ ਹੈ, ਸੈਲਿਊਟ ਹੈ ਪਾਲ ਅਲੈਗਜੈਂਡਰ ਜੀ, ਜਿੰਦਗੀ ਜ਼ਿੰਦਾਬਾਦ…!
ਅਸ਼ੋਕ ਸੋਨੀ, ਖੂਈ ਖੇੜਾ
ਮੋ. 98727-05078

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ