ਮੂਸੇਵਾਲਾ ਕਤਲ ਕਾਂਡ : ਸੀਸੀਟੀਵੀ ਫੁਟੇਜ ਬਣਨ ਲੱਗੀ ਪੁਲਿਸ ਦਾ ਸਹਾਰਾ

sidhu mooswala, MooseWala Murder Case

MooseWala Murder Case:  8 ਸ਼ੱਕੀ ਸ਼ਾਰਪ ਸੂਟਰਾਂ ਦੀ ਪਹਿਚਾਣ ਹੋਣ ਦੀ ਚਰਚਾ

(ਸੁਖਜੀਤ ਮਾਨ) ਮਾਨਸਾ। ਟਿੱਬਿਆਂ ਦੀ ਧਰਤੀ ਦੇ ਜੰਮੇ ਪਰ ਸੱਤ ਸਮੁੰਦਰੋਂ ਪਾਰ ਗਾਇਕੀ ਨਾਲ ਆਪਣਾ ਲੋਹਾ ਮਨਵਾਉਣ ਵਾਲੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਪੁਲਿਸ ਹਾਲੇ ਤੱਕ ਭਾਵੇਂ ਕਾਤਲਾਂ ਦੀ ਬਾਂਹ ਨਹੀਂ ਫੜ੍ਹ ਸਕੀ ਪਰ ਜਿਸ ਤਰ੍ਹਾਂ ਸੀਸੀਟੀਵੀ ਫੁਟੇਜ ਦੀ ਮੱਦਦ ਨਾਲ ਅੱਗੇ-ਅੱਗੇ ਕੜੀਆਂ ਜੁੜਦੀਆਂ ਜਾ ਰਹੀਆਂ ਹਨ ਉਸ ਨਾਲ ਕਾਤਲਾਂ ਦੀ ਪੈੜ ਛੇਤੀ ਦੱਬੇ ਜਾਣ ਦੀ ਸੰਭਾਵਨਾ ਹੈ ਹੁਣ ਤੱਕ ਪੁਲਿਸ ਵੱਲੋਂ 8 ਸ਼ੱਕੀ ਸ਼ਾਰਪ ਸ਼ੂਟਰਾਂ ਦੀ ਪਹਿਚਾਣ ਅਤੇ ਕਤਲ ਤੋਂ ਪਹਿਲਾਂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਇੱਕ ਵਿਅਕਤੀ ਦੀ ਗਿ੍ਰਫ਼ਤਾਰੀ ਹੋਣ ਦਾ ਪਤਾ ਲੱਗਿਆ ਹੈ। (MooseWala Murder Case)

ਸੋਮਵਾਰ ਸਵੇਰ ਦੀ ਜੋ ਚਰਚਾ ਚੱਲ ਰਹੀ ਸੀ ਉਸ ਮੁਤਾਬਿਕ ਪੁਲਿਸ ਨੂੰ 8 ਸ਼ੱਕੀ ਸ਼ਾਰਪ ਸ਼ੂਟਰਾਂ ਦੀ ਪਹਿਚਾਣ ਹੋਈ ਹੈ, ਜੋ ਪੰਜਾਬ ਸਮੇਤ ਚਾਰ ਵੱਖ-ਵੱਖ ਰਾਜਾਂ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਮਾਮਲਾ ਜਾਂਚ ਨਾਲ ਜੁੜਿਆ ਹੋਣ ਕਰਕੇ ਪੁਲਿਸ ਪ੍ਰਸਾਸ਼ਨ ਨੇ ਹਾਲੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਜੋ ਸ਼ੱਕੀ ਸ਼ੂਟਰਾਂ ਦੀ ਪਹਿਚਾਣ ਹੋਈ ਹੈ।

ਉਹ ਲਾਰੈਂਸ ਬਿਸਨੋਈ ਗਰੁੱਪ ਨਾਲ ਸਬੰਧਿਤ ਹਨ ਤੇ ਵੱਖ-ਵੱਖ ਰਾਜਾਂ ਦੇ ਹਨ ਜਿੰਨ੍ਹਾਂ ਸ਼ੂਟਰਾਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਉਨ੍ਹਾਂ ’ਚ ਮਨਪ੍ਰੀਤ ਸਿੰਘ ਮੰਨਾ ਵਾਸੀ ਕੁੱਸਾ, ਜਗਰੂਪ ਸਿੰਘ ਰੂਪਾ ਵਾਸੀ ਜੌੜਾ (ਤਰਨਤਾਰਨ), ਹਰਕਮਲ ਰਾਣੂ ਬਠਿੰਡਾ, ਮਨਜੀਤ ਭੋਲੂ ਤੇ ਪ੍ਰਿਆਵਰਤ ਫੌਜੀ ਵਾਸੀ ਸੋਨੀਪਤ (ਹਰਿਆਣਾ), ਸੰਤੋਸ਼ ਯਾਦਵ ਤੇ ਸੌਰਵ ਮਹਾਂਕਾਲ ਪੂਨਾ (ਮਹਾਂਰਾਸ਼ਟਰ), ਸੁਭਾਸ਼ ਭਾਨੂਦਾ ਵਾਸੀ ਸੀਕਰ (ਰਾਜਸਥਾਨ) ਹਨ ।

ਕਾਲਾਂਵਾਲੀ ਵਾਸੀ ਕੇਕੜਾ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀਆਂ ਟੀਮਾਂ ਉਪਰੋਕਤ ਸ਼ੂਟਰਾਂ ਨੂੰ ਗਿ੍ਰਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੀ ਇੱਕ ਅਜਿਹੇ ਵਿਅਕਤੀ ਜਿਸ ਦਾ ਨਾਂਅ ਕੇਕੜਾ ਵਾਸੀ ਕਾਲਾਂਵਾਲੀ ਦੱਸਿਆ ਜਾ ਰਿਹਾ ਹੈ, ਨੂੰ ਗਿ੍ਰਫ਼ਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਕੇਕੜਾ ਨੇੇ ਕਥਿਤ ਤੌਰ ’ਤੇ ਸਿੱਧੂ ਦੇ ਘਰੋਂ ਤੁਰਨ ਦੀ ਜਾਣਕਾਰੀ ਹਮਲਾਵਰਾਂ ਨੂੰ ਦਿੱਤੀ ਸੀ ਕੇਕੜਾ ਸਿੱਧੂ ਦੇ ਘਰੋਂ ਤੁਰਨ ਅਤੇ ਗੰਨਮੈਨਾਂ ਨੂੰ ਨਾਲ ਲਿਜਾਣ ਜਾਂ ਨਾ ਲਿਜਾਣ ’ਤੇ ਪੂਰੀ ਅੱਖ ਰੱਖ ਰਿਹਾ ਸੀ ਮੂਸੇਵਾਲਾ ਦੇ ਨਾਲ ਦੇ ਵਿਅਕਤੀਆਂ ਨੂੰ ਉਸ ’ਤੇ ਕੋਈ ਸ਼ੱਕ ਨਾ ਹੋਵੇ ਇਸ ਲਈ ਉਹ ਕੁੱਝ ਹੋਰ ਵਿਅਕਤੀਆਂ ਨਾਲ ਮੂਸੇਵਾਲਾ ਦਾ ਪ੍ਰਸੰਸਕ ਬਣਕੇ ਗਿਆ ਜਦੋਂ ਹੀ ਮੂਸੇਵਾਲਾ ਦੀ ਥਾਰ ਘਰੋਂ ਨਿੱਕਲੀ ਤਾਂ ਉਸ ਸਮੇਤ ਹੋਰ ਨੌਜਵਾਨਾਂ ਨੇ ਗੱਡੀ ਰੁਕਵਾ ਕੇ ਮੂਸੇਵਾਲਾ ਨਾਲ ਸੈਲਫੀਆਂ ਲਈਆਂ ਕੇਕੜਾ ’ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਨੇ ਹੀ ਹਮਲਾਵਰਾਂ ਨੂੰ ਸਾਰੀ ਰੇਕੀ ਕਰਕੇ ਜਾਣਕਾਰੀ ਦਿੱਤੀ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਖਿਆ ਕਿ ਮੂਸੇਵਾਲਾ ਦੇ ਕਾਤਲਾਂ ਦੀ ਗਿ੍ਰਫ਼ਤਾਰੀ ਲਈ ਕਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਇਸ ਲਈ ਇਸ ਜਾਂਚ ਨਾਲ ਜੁੜਿਆ ਕੋਈ ਵੀ ਤੱਥ ਕਾਤਲਾਂ ਦੀ ਗਿ੍ਰਫ਼ਤਾਰੀ ਤੱਕ ਉਜਾਗਰ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਾਤਲਾਂ ਨੂੰ ਪੁਲਿਸ ਕਾਰਵਾਈ ਦਾ ਭੇਦ ਪਤਾ ਲੱਗ ਜਾਂਦਾ ਹੈ ਤੇ ਉਹ ਆਪਣੀ ਪਨਾਹ ਵਾਲਾ ਟਿਕਾਣਾ ਬਦਲਣ ’ਚ ਜੁਟ ਜਾਂਦੇ ਹਨ।

ਘਰੋਂ ਚੱਲਣ ਤੋਂ ਕਤਲ ਹੋਣ ਤੱਕ ਦੀਆਂ ਮਿਲੀਆਂ ਵੀਡੀਓ

ਕਤਲ ਕਾਂਡ ਦੀ ਡੂੰਘਾਈ ਨਾਲ ਜਾਂਚ ’ਚ ਜੁਟੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਘਰ ਤੋਂ ਲੈ ਕੇ ਵਾਰਦਾਤ ਵਾਲੀ ਥਾਂ ਤੱਕ ਦੇ ਸਾਰੇ ਸੀਸੀਟੀਵੀ ਖੰਗਾਲ ਲਏ ਪੁਲਿਸ ਨੂੰ ਜਿੱਥੋਂ ਵੀ ਜੋ ਵੀਡੀਓ ਮਿਲੀ ਉਸ ਨੂੰ ਆਪਣੀ ਜਾਂਚ ਦਾ ਹਿੱਸਾ ਬਣਾ ਲਿਆ ਹੁਣ ਤੱਕ ਦੀਆਂ ਮਿਲੀਆਂ ਵੀਡੀਓ ’ਚ ਸਿੱਧੂ ਮੂਸੇਵਾਲਾ ਦੇ ਘਰੋਂ ਤੁਰਨ ਤੋਂ ਲੈ ਕੇ ਕਤਲ ਦੀ ਘਟਨਾ ਤੱਕ ਦੀ ਵੀਡੀਓ ਮਿਲੀ ਹੈ ਜਾਣਕਾਰੀ ਮਿਲੀ ਹੈ ਕਿ ਕਤਲ ਵਾਲੀ ਵੀਡੀਓ ਉੱਥੋਂ ਥੋੜ੍ਹੀ ਦੂਰੀ ’ਤੇ ਇੱਕ ਵਿਅਕਤੀ ਵੱਲੋਂ ਮੋਬਾਇਲ ’ਤੇ ਬਣਾਈ ਵੀਡੀਓ ’ਚੋਂ ਮਿਲੀ ਹੈ ਹਮਲਾਵਾਰਾਂ ਨੇ ਉਸ ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲ ਵੀ ਗੋਲੀਆਂ ਚਲਾਈਆਂ ਸੀ ਜੋ ਨੇੜੇ ਇੱਕ ਘਰ ਦੀਆਂ ਕੰਧਾਂ ’ਤੇ ਵੱਜੀਆਂ ਹਨ

ਮਾਨਸਾ ਪੁਲਿਸ ਨੂੰ ਮਿਲੀਆਂ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ

ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ’ਚ ਜੁਟੀ ਪੁਲਿਸ ਨੂੰ ਧਮਕੀਆਂ ਮਿਲਣ ਲੱਗੀਆਂ ਹਨ ਅਧਿਕਾਰਕ ਤੌਰ ’ਤੇ ਪੁਲਿਸ ਨੇ ਭਾਵੇਂ ਇਸ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਖੁਫ਼ੀਆ ਵਿਭਾਗ ਦੇ ਕੁੱਝ ਸੂਤਰਾਂ ਨੇ ਦੱਸਿਆ ਹੈ ਕਿ ਪੁਲਿਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ ਕਿ ਮੂਸੇਵਾਲਾ ਕਤਲ ਲਈ ਜਿਸ ਤਰ੍ਹਾਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ, ਉਹ ਬੰਦ ਕਰੋ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਪੁਲਿਸ ਵੱਲੋਂ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਕਈ ਰਾਜਾਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ