ਪੰਜਾਬ ‘ਚ ਨਹੀਂ ਦੌੜਨਗੀਆਂ ਮਾਲ ਗੱਡੀਆਂ, ਤਲਖ਼ੀ ਭਰੇ ਅੰਦਾਜ਼ ‘ਚ ਹੋਈ ਮੀਟਿੰਗ

ਰਾਜ ਸਭਾ ਮੈਂਬਰਾਂ ਨੇ ਕੀਤੀ ਵੱਖਰੀ ਮੀਟਿੰਗ

ਚੰਡੀਗੜ, (ਅਸ਼ਵਨੀ ਚਾਵਲਾ)। ਫਿਲਹਾਲ ਪੰਜਾਬ ਵਿੱਚ ਮਾਲ ਗੱਡੀਆਂ ਪਟੜੀਆਂ ‘ਤੇ ਦੌੜਦੀਆਂ ਨਜ਼ਰ ਨਹੀਂ ਆਉਣਗੀਆਂ, ਕਿਉਂਕਿ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਦੌਰਾਨ ਰੇਲ ਮੰਤਰੀ ਪੀਊਸ਼ ਗੋਇਲ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਤੱਕ ਰੇਲ ਟਰੈਕ ਮੁਕੰਮਲ ਖ਼ਾਲੀ ਹੋਣ ਦੇ ਨਾਲ ਸੂਬਾ ਸਰਕਾਰ ਸੁਰੱਖਿਆ ਦੀ ਗਰੰਟੀ ਨਹੀਂ ਦੇ ਦਿੰਦੀ ਹੈ, ਉਸ ਸਮੇਂ ਤੱਕ ਮਾਲ ਗੱਡੀਆਂ ਦੇ ਚੱਕੇ ਜਾਮ ਹੀ ਰਹਿਣਗੇ। ਇਸ ਗੱਲ ਸਬੰਧੀ ਕਾਂਗਰਸ ਦੇ ਸੰਸਦ ਮੈਂਬਰਾਂ ਕਾਫ਼ੀ ਜਿਆਦਾ ਜੋਰ ਵੀ ਪਾਇਆ ਤਾਂ ਇਸ ਦੌਰਾਨ ਹੀ ਤਲਖ਼ੀ ਵਾਲਾ ਮਾਹੋਲ ਬਣ ਗਿਆ ਤੇ ਕਾਂਗਰਸ ਦੇ ਸੰਸਦ ਮੈਂਬਰ ਮੀਟਿੰਗ ਵਿੱਚੋਂ ਬਾਹਰ ਆ ਗਏ। ਹੁਣ ਪੰਜਾਬ ਵਿੱਚ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕੇਂਦਰ ਸਰਕਾਰ ਆਪਣੇ ਪਹਿਲੇ ਵਾਲੇ ਐਲਾਨ ‘ਤੇ ਹੀ ਡਟ ਕੇ ਖੜੀ ਹੈ।

ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਆਪਸ ਵਿੱਚ ਗੁੱਟ ਬਾਜ਼ੀ ਵੀ ਨਜ਼ਰ ਆਈ। ਪੰਜਾਬ ਕਾਂਗਰਸ ਦੇ 8 ਲੋਕ ਸਭਾ ਮੈਂਬਰਾਂ ਤੋਂ ਇਲਾਵਾ 2 ਰਾਜ ਸਭਾ ਮੈਂਬਰ ਵੱਖਰੇ ਤੌਰ ‘ਤੇ ਰੇਲ ਮੰਤਰੀ ਨਾਲ ਮੀਟਿੰਗ ‘ਚ ਸਾਮਲ ਹੋਵੇ।
ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਵੱਲੋਂ ਵੱਖਰੀ ਮੀਟਿੰਗ ਕੀਤੀ ਗਈ, ਇਸ ਮੀਟਿੰਗ ਤੋਂ ਬਾਅਦ ਦੋਹੇ ਰਾਜ ਸਭਾ ਮੈਂਬਰਾਂ ਨੇ ਰੇਲ ਮੰਤਰੀ ਦੀ ਤਾਰੀਫ਼ ਕਰਕੇ  ਉਨਾਂ ਦੇ ਤਰਕ ਨੂੰ ਵੀ ਜਾਇਜ਼ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਲੋਕ ਸਭਾ ਮੈਂਬਰਾਂ ਵਲੋਂ ਮੀਟਿੰਗ ਤੋਂ ਬਾਅਦ ਰੇਲ ਮੰਤਰੀ ਨਾਲ ਮੀਟਿੰਗ ਬਾਰੇ ਕਾਫ਼ੀ ਤਲਖ਼ ਟਿੱਪਣੀਆਂ ਕੀਤੀ ਗਈਆਂ ਹਨ।

ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਰਵਨੀਤ ਬਿੱਟੂ ਵਲੋਂ ਜਿਆਦਾ ਤਲਖ਼ ਤੇਵਰ ਦਿਖਾਏ ਗਏ ਸਨ, ਜਿਸ ਦੌਰਾਨ ਉਨਾਂ ਨੇ ਰੇਲ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਮਾਲ ਗੱਡੀਆਂ ਚਲਾਉਣ ਤਾਂ ਕਿ ਇੰਡਸਟਰੀ ਦਾ ਹੋ ਰਿਹਾ ਨੁਕਸਾਨ ਰੋਕਿਆ ਜਾ ਸਕੇ ਤੇ ਪੰਜਾਬ ਵਿੱਚ ਕੋਲਾ ਪੁੱਜ ਸਕੇ, ਨਹੀਂ ਤਾਂ ਪੰਜਾਬ ਨੂੰ ਬਲੈਕ ਆਉੂਟ ਦੀ ਸਥਿਤੀ ਵਿੱਚੋਂ ਵੀ ਗੁਜ਼ਰਨਾ ਪੈਣਾ ਹੈ। ਇਸ ਦੌਰਾਨ ਰੇਲ ਮੰਤਰੀ ਪੀਯੂਸ਼ ਗੋਇਲ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਕਿਹਾ ਗਿਆ ਕਿ ਮਾਲ ਗੱਡੀਆਂ ਨਾ ਚੱਲਣ ਦੇ ਪਿੱਛੇ ਸੂਬੇ ਦੀ ਕਾਂਗਰਸ ਸਰਕਾਰ ਹੀ ਜਿੰਮੇਵਾਰ ਹੈ, ਕਿਉਂਕਿ ਰੇਲ ਪਟੜੀਆਂ ਖ਼ਾਲੀ ਕਰਵਾਉਣ ਦੀ ਥਾਂ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ‘ਤੇ ਹੀ ਸਾਰਾ ਦੋਸ਼ ਮੜ੍ਹ ਰਹੇ ਹਨ।

ਪੀਯੂਸ਼ ਗੋਇਲ ਨੇ ਇੱਥੇ ਤਕ ਕਿਹਾ ਕਿ ਸੂਬਾ ਸਰਕਾਰ ਲਿਖਤੀ ਰੂਪ ਵਿੱਚ ਗਰੰਟੀ ਦੇ ਦੇਵੇ ਕਿ ਪੰਜਾਬ ਵਿੱਚ ਕਿਸੇ ਵੀ ਰੇਲ ਪਟੜੀ ‘ਤੇ ਵਿਅਕਤੀ ਨਹੀਂ ਹੋਏਗਾ ਅਤੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੇਗੀ। ਜਿਹੜੀਆਂ 31 ਥਾਂਵਾਂ ‘ਤੇ ਅੱਜ ਵੀ ਕਿਸਾਨ ਬੈਠੇ ਹਨ, ਉਨ੍ਹਾਂ ਨੂੰ ਉਠਾਇਆ ਜਾਵੇ ਤਾਂ ਤੁਰੰਤ ਮਾਲ ਗੱਡੀਆਂ ਨੂੰ ਰਵਾਨਾ ਕਰ ਦਿੱਤਾ ਜਾਏਗਾ। ਇਸ ‘ਤੇ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਜਿੰਮੇਵਾਰੀ ਲੈਂਦੇ ਹਨ ਕਿ ਪੰਜਾਬ ਵਿੱਚ ਕੋਈ ਵੀ ਇਸ ਤਰਾਂ ਦੀ ਘਟਨਾ ਨਹੀਂ ਹੋਏਗੀ ਅਤੇ ਉਹ ਖ਼ੁਦ ਮਾਲ ਗੱਡੀਆਂ ‘ਤੇ ਚੜ ਕੇ ਨਾਲ ਚੱਲਣ ਨੂੰ ਤਿਆਰ ਹਨ ਪਰ ਪੀਯੂਸ਼ ਗੋਇਲ ਵਲੋਂ ਲਿਖਤੀ ਰੂਪ ਵਿੱਚ ਹੀ ਲਿਆਉਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਸੰਸਦ ਮੈਂਬਰਾਂ ਅਤੇ ਮੰਤਰੀ ਵਿਚਕਾਰ ਕੁਝ ਤਲਖੀ ਵੀ ਹੋਈ, ਜਿਸ ਕਰਕੇ ਮੀਟਿੰਗ ਬਿਨਾਂ ਕਿਸੇ ਸਿੱਟੇ ਹੀ ਖ਼ਤਮ ਹੋ ਗਈ।

ਪੀਯੂਸ਼ ਗੋਇਲ ਦਾ ਤਰਕ ਜਾਇਜ਼, ਲਿਖਤੀ ਕਿਉਂ ਨਹੀਂ ਦਿੰਦੀ ਸੂਬਾ ਸਰਕਾਰ : ਪ੍ਰਤਾਪ ਬਾਜਵਾ

ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਰੇਲ ਮੰਤਰੀ ਪੀਯੂਸ਼ ਗੋਇਲ ਦਾ ਤਰਕ ਜਾਇਜ਼ ਹੈ ਕਿ ਸੂਬੇ ਵਿੱਚ ਕਾਨੂੰਨ ਪ੍ਰਬੰਧ ਕਾਇਮ ਰੱਖਣ ਦਾ ਫਰਜ਼ ਸੂਬਾ ਸਰਕਾਰ ਦਾ ਹੁੰਦਾ ਹੈ, ਇਸ ਲਈ ਸੂਬਾ ਸਰਕਾਰ ਨੂੰ ਰੇਲ ਟਰੈਕ ‘ਤੇ ਕੋਈ ਘਟਨਾ ਨਾ ਹੋਵੇ, ਇਸ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ। ਕੇਂਦਰ ਸਰਕਾਰ ਦੀ ਲਿਖਤੀ ਮੰਗ ਨੂੰ ਦੇਖਦੇ ਹੋਏ ਲਿਖ ਕੇ ਦੇਣ ਵਿੱਚ ਵੀ ਕੋਈ ਹਰਜ ਨਹੀਂ ਕਿ ਸੂਬਾ ਸਰਕਾਰ ਰੇਲ ਟਰੈਕ ਖ਼ਾਲੀ ਕਰਵਾਉਂਦੇ ਹੋਏ ਸੁਰੱਖਿਆ ਵੀ ਕਰੇਗੀ। ਇਸ ਨਾਲ ਹੀ ਰੇਲਵੇ ਦੀ ਆਪਣੀ ਸੁਰੱਖਿਆ ਫੋਰਸ ਵੀ ਹੈ। ਜਿਸ ਦੇ ਚਲਦੇ ਰੇਲਵੇ ਫੋਰਸ ਨੂੰ ਪੰਜਾਬ ਪੁਲਿਸ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਦੋਹੇ ਏਜੰਸੀਆਂ ਦੇ ਮਿਲ ਕੇ ਚਲਣ ਨਾਲ ਹੀ ਫਾਇਦਾ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.